ਛੋਟੇ ਹੁੰਦਿਆਂ ਖੇਤ ਵਿੱਚ ਟਾਹਲੀ ਬੜੇ ਸ਼ੌਂਕ ਨਾਲ ਲਾਈ ਸੀ ਕਿ ਨਾਲੇ ਛਾਂ ਹੋ ਜਾਓ ਤੇ ਨਾਲੇ ਟਾਹਲੀ ਦੀ ਲੱਕੜ ਬਹੁਤ ਮਹਿੰਗੀ ਵਿਕਦੀ ਹੈ । ਟਾਹਲੀ ਦੀ ਚੰਗੀ ਤਰ੍ਹਾਂ ਕੀਤੀ ਦੇਖਭਾਲ ਕਰਕੇ ਕੁਝ ਵਰਿ੍ਹਆਂ ਵਿੱਚ ਇਹ ਵੱਡੇ ਰੁੱਖ ਦਾ ਰੂਪ ਧਾਰਨ ਕਰ ਗਈ । ਇਸ ਵੱਡੀ ਹੋਈ ਟਾਹਲੀ ਨੂੰ ਦੇਖ ਕੇ ਮਨ ਵਿੱਚ ਬੜੀ ਖ਼ੁਸ਼ੀ ਹੁੰਦੀ । ਪਰ ਬਦਕਿਸਮਤੀ ਨਾਲ ਝੋਨੇ ਦੀ ਵੱਟ ਦੇ ਨੇੜੇ ਹੋਣ ਕਰਕੇ ਇਹ ਖੇਤ ਦੀ ਕੋਠੀ ਦੀ ਛੱਤ ਤੇ ਉਲਰ ਗਈ । ਹੁਣ ਕੋਠੀ ਦੇ ਡਿੱਗਣ ਦੇ ਡਰ ਕਰਕੇ ਇਸਨੂੰ ਪੁੱਟਣਾ ਮੁਨਾਸਬ ਸਮਝਿਆ ਗਿਆ । ਟਾਹਲੀ ਨੂੰ ਖਰੀਦਣ ਵਾਲਿਆਂ ਨੂੰ ਸੱਦਿਆ ਗਿਆ ਤਾਂ ਉਹਨਾਂ ਨੇ ਕੋਈ ਚੰਗਾ ਹੁੰਗਾਰਾ ਨਾ ਦਿੱਤਾ । ਕਿਸੇ ਨੇ ਕਿਹਾ ਕਿ ਦਿਹਾੜੀ ਤੇ ਪੁਟਾ ਕੇ ਘਰੇ ਸੁੱਟ ਲਓ । ਪਰ ਜੇ ਤੁਸੀਂ ਸਾਥੋਂ ਪਟਾਉਣੀ ਚਾਹੁੰਦੇ ਹੋ ਤਾਂ ਅਸੀਂ ਪੰਚੀ ਸੌ ਤੋਂ ਵੱਧ ਆਨਾ ਨਹੀਂ ਦੇਣਾ । ਉਹਨਾਂ ਦੇ ਮੂੰਹੋਂ ਐਨੀ ਘੱਟ ਰਕਮ ਸੁਣ ਕੇ ਮੇਰੇ ਪੈਰਾਂ ਥੱਲਿਓਂ ਜਮੀਨ ਹੀ ਨਿਕਲ ਗਈ । ਚਲੋ , ਗੱਲ ਅਖੀਰ ਨੂੰ ਪੁੱਟ ਕੇ ਘਰੇ ਸੁੱਟਣ ਤੇ ਪੁੱਜ ਗਈ । ਪਿੰਡ ਵਿੱਚ ਰੁੱਖ ਪੁੱਟਣ ਵਾਲਿਆਂ ਨੂੰ ਨੌ ਸੌ ਰੁਪਏ ਦੇ ਕੇ ਟਾਹਲੀ ਘਰੇ ਪੁੱਟ ਕੇ ਸੁੱਟ ਲਈ ਗਈ । ਛੋਟੀਆਂ ਟਾਹਣੀਆਂ ਨੂੰ ਬਾਲਣ ਦੇ ਤੌਰ ਤੇ ਵਰਤਾਂਗੇ ਤੇ ਵੱਡੇ ਮੁੱਢ ਦਾ ਬੈੱਡ ਜਾਂ ਡਾਈਨਿੰਗ ਟੇਬਲ ਬਣਾ ਲਵਾਂਗੇ । ਲੱਕੜ ਦੇ ਜਾਣ ਪਛਾਣ ਵਾਲੇ ਮਿਸਤਰੀ ਨੂੰ ਮੁੱਢ ਦਾ ਕੁੱਝ ਨਾ ਕੁੱਝ ਬਣਾਉਣ ਲਈ ਸੱਦਿਆ ਗਿਆ । ਉਸਨੇ ਸਲਾਹ ਦਿੱਤੀ ਕਿ ਬੈੱਡ ਇਸਦਾ ਬਣਨਾ ਨਹੀਂ ਤੇ ਡਾਈਨਿੰਗ ਟੇਬਲ ਤੇ ਕੁਰਸੀਆਂ ਬਹੁਤ ਬਰੀਕੀ ਵਾਲਾ ਕੰਮ ਹੈ ਉਸਦੇ ਸਾਡੇ ਕੋਲ ਸੰਦ ਨਹੀਂ ਹਨ । ਬਾਰ- ਬਾਰੀਆਂ ਲੱਕੜ ਦੀਆਂ ਤੁਹਾਡੇ ਪਹਿਲਾਂ ਹੀ ਲੱਗੀਆਂ ਹੋਈਆਂ ਹਨ । ਮੇਰੀ ਰਾਇ ਮੰਨੋ ਤਾਂ ਇਸਨੂੰ ਮੰਡੀ ਤੇ ਵੇਚ ਆਓ , ਨਹੀਂ ਤਾਂ ਇਸਨੂੰ ਘੁਣ ਲੱਗ ਜਾਣਾ ਹੈ । ਦੋ ਮਹੀਨਿਆਂ ਮਗਰੋਂ ਛੋਟੇ ਹਾਥੀ ਤੇ ਦੋ ਟੋਟੇ ਕਰਕੇ ਇਸਨੂੰ ਬੜੀ ਜਦੋ-ਜਹਿਦ ਕਰਕੇ ਲੱਦ ਲਿਆ ਗਿਆ । ਅੱਠ ਵਜੇ ਮੰਡੀ ਵਿੱਚ ਪਹੁੰਚੇ ਤਾਂ ਬੋਲੀ ਸ਼ੁਰੂ ਹੋ ਚੁੱਕੀ ਸੀ ਤੇ ਪਹਿਲੀ ਵਾਰੀ ਵੀ ਸਾਡੀ ਸੀ । ਛੇ ਸੌ ਪੰਜੱਤਰ ਰੁਪਏ ਕੁਵਿੰਟਲ ਦੇ ਬੋਲੀ ਦੇ ਲਾ ਦਿੱਤੇ ਗਏ । ਇੰਨੇ ਘੱਟ ਰੇਟ ਦੀ ਬੋਲੀ ਨਾਲੋਂ ਪਿੰਡ ਹੀ ਵੇਚ ਦਿੰਦੇ , ਐਵੇਂ ਖੱਜਲ-ਖੁਆਰ ਕਾਹਨੂੰ ਹੋਣਾ ਸੀ ਪਰ ਕਰ ਵੀ ਕੀ ਸਕਦੇ ਸੀ । ਬੋਲੀ ਲਾਉਣ ਵਾਲਾ ਅਫਸਰ ਖਰੀਦਣ ਵਾਲਿਆਂ ਨਾਲ ਰਲਿਆ ਹੋਇਆ ਸੀ । ਖਰੀਦਣ ਵਾਲਿਆਂ ਦੇ ਵੱਡੇ-ਵੱਡੇ ਆਰਿਆਂ ਦੇ ਸਟਾਲ ਸਨ ਤੇ ਉਹ ਦਲਾਲ ਰਾਹੀਂ ਘੱਟ ਬੋਲੀ ਲਾ ਕੇ ਇੱਕ ਦੂਜੇ ਦੀਆਂ ਜੇਬਾਂ ਭਰਦੇ ਸਨ । ਬੋਲੀ ਅਫਸਰ ਨੇ ਸਾਨੂੰ ਕਿਹਾ ਕਿ ਟਾਹਲੀ ਦੇ ਮੁੱਢ ਨਾਲੋਂ ਮਿੱਟੀ ਲਾਹ ਕੇ ਕੰਡੇ ਤੇ ਇਸਦੀ ਤੁਲਾਈ ਕਰਵਾਓ ਤੇ ਸੌ ਤੋਂ ਉੱਪਰ ਰਕਮ ਦੇ ਟੁੱਟੇ ਰੁਪਏ ਤੁਹਾਨੂੰ ਨਹੀਂ ਦਿੱਤੇ ਜਾਣਗੇ । ਬਾਕੀ ਵੇਚਣ ਵਾਲੇ ਵੀ ਘੁਸਰ-ਮੁਸਰ ਕਰ ਰਹੇ ਸਨ ਕਿ 30 ਪ੍ਰਤੀਸ਼ਤ ਕਾਟ ਕੱਟੀ ਜਾਵੇਗੀ । ਦਲਾਲ ਨੇ ਸਾਨੂੰ ਇੱਕ ਹੋਰ ਨਾਦਰਸ਼ਾਹੀ ਫੁਰਮਾਣ ਸੁਣਾਇਆ ਕਿ ਆਰੇ ਤੇ ਲੱਕੜ ਤੁਹਾਨੂੰ ਆਪ ਨੂੰ ਲਾਹੁਣੀ ਪੈਣੀ ਹੈ , ਆਰੇ ਵਾਲਿਆਂ ਨੇ ਤੁਹਾਡੇ ਨਾਲ ਨਹੀਂ ਲੱਗਣਾ । ਮੈਂ ਮਨ ਵਿੱਚ ਸੋਚਿਆ ਕਿ ਜੱਟ ਨੇ ਫ਼ਸਲ ਵੇਚਣ ਲੱਗਿਆ ਕਦੇ ਕੋਈ ਸ਼ਰਤ ਨਹੀਂ ਰੱਖੀ ਤੇ ਇਹ ਲੋਕ ਤਿੰਨ-ਚਾਰ ਹਜਾਰ ਦੀ ਲੱਕੜ ਪਿੱਛੇ ਹਜਾਰਾਂ ਸ਼ਰਤਾਂ ਗਿਣਵਾ ਰਹੇ ਹਨ । ਮੈਨੂੰ ਇਹ ਸੁਣ ਬੜਾ ਅਚੰਭਾ ਹੋਇਆ ਕਿ ਜੇ ਉਹ ਨਾਲ ਲੱਗ ਜਾਣਗੇ ਤਾਂ ਕੁਝ ਘੱਟ ਜਾਓਗਾ ਉਹਨਾਂ ਦਾ । ਨਾਲੇ ਪੇਮਿੰਟ ਤੁਹਾਨੂੰ ਤਿੰਨ ਵਜੇ ਤੋਂ ਮਗਰੋਂ ਮਿਲੇਗੀ । ਸਾਨੂੰ ਆਏਂ ਲੱਗਦਾ ਸੀ ਕਿ ਅਸੀਂ ਟਾਹਲੀ ਕਾਹਦੀ ਵੇਚੀ ਹੈ , ਕੋਈ ਗੁਨਾਹ ਕੀਤਾ ਹੈ । ਅਸੀਂ ਟਾਹਲੀ ਦਾ ਵਜਨ ਕਰਨ ਲਈ ਕੰਡੇ ਤੇ ਪਹੁੰਚ ਗਏ ਤੇ ਫਿਰ ਟਾਹਲੀ ਖਰੀਦਣ ਵਾਲੇ ਦੇ ਆਰੇ ਤੇ ਲਾਹੁਣ ਲਈ । ਜਿਉਂ ਹੀ ਅਸੀਂ ਪਹੁੰਚੇ ਉਸਦੇ ਲੇਬਰ ਕਰਨ ਵਾਲੇ ਮੁੰਡੇ ਕੰਮ ਕਰੀ ਜਾਂਦੇ ਸਨ । ਅਸੀਂ ਉਹਨਾਂ ਨੂੰ ਨਾਲ ਲੱਗਣ ਲਈ ਕਿਹਾ ਤਾਂ ਆਰੇ ਦੇ ਮਾਲਕ ਨੇ ਕੋਰੀ ਨਾਂਹ ਕਰ ਦਿੱਤੀ ਕਿ ਅਸੀਂ ਨਾਲ ਨਹੀਂ ਲੱਗ ਸਕਦੇ । ਅਸੀਂ ਆਪਣਾ ਕੰਮ ਵੀ ਕਰਨਾ ਹੈ । ਮੈਨੂੰ ਬੜੀ ਹੈਰਾਨੀ ਹੋਈ ਕਿ ਪੰਜਾਬ ਵਿੱਚ ਐਨਾ ਸੁਆਰਥ ਕਦੋਂ ਦਾ ਵੱਧ ਗਿਆ । ਪਿੰਡਾਂ ਵਾਲੇ ਤਾਂ ਘਰ ਪੁੱਛਣ ਵਾਲੇ ਨੂੰ ਘਰੇ ਛੱਡ ਕੇ ਆਉਂਦੇ ਹਨ ਪਰ ਇਹ ਸ਼ਹਿਰੀ ਲੋਕ ਤੌਬਾ-ਤੌਬਾ । ਮਸਾਂ ਘੁੱਲ ਕੇ ਮੈਂ ਤੇ ਡਰਾਈਵਰ ਨੇ ਟਾਹਲੀ ਦਾ ਮੁੱਢ ਤੇ ਇੱਕ ਹੋਰ ਛਤੀਰ ਲਾਹਿਆ । ਫਿਰ ਅਸੀਂ ਖਾਲੀ ਹਾਥੀ ਦਾ ਵਜਨ ਕਰਾਉਣ ਲਈ ਕੰਡੇ ਤੇ ਤੁਰ ਪਏ । ਵਜਨ ਕਰਾਉਣ ਉਪਰੰਤ ਪਰਚੀ ਲੈ ਕੇ ਮੈਂ ਪੇਮਿੰਟ ਲੈਣ ਲਈ ਆਰੇ ਤੇ ਗਿਆ ਤਾਂ ਆਰੇ ਦੇ ਮਾਲਕ ਕਹਿੰਦਾ ਮੇਰਾ ਭਰਾ ਆ ਕੇ ਦਿਓਗਾ ਪੈਸੇ ਤੁਹਾਨੂੰ , ਹਾਲੇ ਉਹ ਅਫ਼ਸਰ ਨਾਲ ਮੰਡੀ ਵਿੱਚ ਬੋਲੀ ਕਰਵਾ ਰਿਹਾ ਹੈ । ਮੈਂ ਨਿੰਮੋਝੂਣਾ ਹੋ ਕੇ ਬਜ਼ਾਰ ਚਲਾ ਗਿਆ ਕਿ ਬਜ਼ਾਰੋਂ ਸਮਾਨ ਖਰੀਦ ਕੇ ਵਾਪਸੀ ਉਪਰੰਤ ਪੈਸੇ ਲੈ ਲਵਾਂਗੇ । ਮੈਨੂੰ ਬਜ਼ਾਰੋਂ ਖਰੀਦੋ- ਫਰੋਖ਼ਤ ਕਰਦੇ ਨੂੰ ਦੋ ਵਜ ਗਏ ਤਾਂ ਮੈਂ ਆਰੇ ਦੀ ਸਟਾਲ ਤੋਂ ਪੈਸੇ ਲੈਣ ਚਲਾ ਗਿਆ । ਗਲੀਆਂ ਵਿੱਚੋਂ ਦੀ ਮੋਟਰ ਸਾਈਕਲ ਤੇ ਚਿੱਕੜ ਪਾਰ ਕਰਦਿਆਂ ਜਦ ਮੈਂ ਪਹੁੰਚਿਆ ਤਾਂ ਗੇਟ ਨੁੰ ਤਾਲਾ ਲੱਗਾ ਹੋਇਆ ਸੀ । ਮੈਂ ਦਲਾਲ ਨੂੰ ਫੂਨ ਲਾਇਆ ਤਾਂ ਉਸਨੇ ਕਿਹਾ ਕਿ ਦੋ ਵਜੇ ਆਉਣਗੇ । ਚਾਹ ਪੀਣ ਗਏ ਹੋਏ ਹਨ । ਮੈਂ ਬਾਹਰ ਗੇਟ ਤੇ ਧੁੱਪ ਵਿੱਚ ਖੜਾ ਇੰਤਜ਼ਾਰ ਕਰਨ ਲੱਗਿਆ । ਪੌਣੇ ਤਿੰਨ ਵੱਜ ਗਏ ਪਰ ਉਹ ਫਿਰ ਵੀ ਨਹੀਂ ਆਏ । ਮੈਨੂੰ ਬੜਾ ਗੁੱਸਾ ਆ ਰਿਹਾ ਸੀ ਕਿ ਤਿੰਨ ਹਜਾਰ ਰੁਪਏ ਪਿੱਛੇ ਐਨੀ ਖੱਜਲ-ਖੁਆਰੀ । ਮੈਂ ਇਸ ਬੇਚੈਨੀ ਨੂੰ ਮਹਿਸੂਸ ਕਰ ਰਿਹਾ ਸੀ ਕਿ ਮੈਨੂੰ ਖਿਆਲ ਆਇਆ ਕਿ ਟਾਹਲੀ ਕਹਾਣੀ ਲਿਖੀ ਜਾਵੇ ਤੇ ਇਸ ਪਿੱਛੇ ਛਿਪੀ ਅਸਲੀਅਤ ਪ੍ਰਗਟ ਕੀਤੀ ਜਾਵੇ । ਮੈਂ ਅੱਧੀ ਕਹਾਣੀ ਲਿਖੀ ਸੀ ਕਿ ਤਿੰਨ ਵਜੇ ਆਰੇ ਵਾਲੇ ਆ ਗਏ । ਮੈਂ ਪੇਮਿੰਟ ਵਾਲੀ ਪਰਚੀ ਕੱਢ ਕੇ ਮਾਲਕ ਨੂੰ ਫੜਾਈ ਤਾਂ ਉਸਨੇ ਵੇਖ ਕਿਹਾ ਕਿ ਦਲਾਲ ਤੋਂ ਇਸਦੀ ਪਰਚੀ ਤਾਂ ਬਣਾ ਲੈਂਦਾ । ਮੈਂ ਕਿਹਾ ਕਿ ਮੈਨੂੰ ਨਹੀਂ ਪਤਾ ਕਿਹੜੀ ਪਰਚੀ ਬਣਾਉਣੀ ਸੀ । ਮੈਂ ਤਾਂ ਪਹਿਲੀ ਵਾਰੀ ਇਸ ਕੰਮ ਵਿੱਚ ਪਿਆ ਹਾਂ । ਉਹ ਆਪਣੀ ਰੋਅਬ ਭਰੀ ਅਵਾਜ਼ ਵਿੱਚ ਕਹਿਣ ਲੱਗਾ ਕਿ ਦਲਾਲ ਤੋਂ ਰੇਟ ਤੇ ਵਜ਼ਨ ਦੇ ਹਿਸਾਬ ਨਾਲ ਟੋਟਲ ਰਕਮ ਲਿਖਵਾਉਣੀ ਜ਼ਰੂਰੀ ਸੀ । ਮੈਂ ਮਨ ਵਿੱਚ ਹੀ ਕਿਹਾ ਕਿ ਦੋ ਪਰਚੀਆਂ ਤੋਂ ਆਪ ਬਣਾ ਲੈ । ਉਸਨੇ ਆਧਾਰ ਕਾਰਡ ਲੈ ਕੇ ਮੇਰਾ ਐਡਰਿਸ ਲਿਖਿਆ ਤੇ ਦੋ ਥਾਂਵਾਂ ਤੇ ਸਾਇਨ ਕਰਵਾ ਲਏ ਤੇ ਤਿੰਨ ਹਜ਼ਾਰ ਰੁਪਏ ਕੱਢ ਕੇ ਮੈਨੂੰ ਦੇ ਦਿੱਤੇ । ਮੈਨੂੰ 150 ਰੁਪਏ ਘੱਟ ਹੋਣ ਦਾ ਖਦਸਾ ਸੀ ਪਰ ਮੈਂ ਚੁੱਪ ਵੱਟ ਗਿਆ । ਉਸਨੇ ਮੈਨੂੰ ਪੁੱਛਿਆ ਕਿਹੜਾ ਪਿੰਡ ਹੈ ਤੇ ਕੀ ਕੰਮ ਕਰਦਾ ਹੈ । ਮੈਂ ਕਿਹਾ ਕਿ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਹਾਂ । ਉਹ ਹੈਰਾਨ ਹੋ ਗਿਆ ਕਿ ਸਧਾਰਨ ਪਹਿਰਾਵੇ ਵਿੱਚ ਪੜ੍ਹੇ-ਲਿਖੇ ਇਨਸਾਨ ਨੂੰ ਮੈਂ ਐਨੀ ਖੱਜਲ-ਖੁਆਰੀ ਦਿੱਤੀ । ਮੈਂ ਉਸਨੂੰ ਕਿਹਾ ਕਿ ਮੈਂ ਟਾਹਲੀ ਕਹਾਣੀ ਲਿਖੀ ਹੈ , ਬੱਸ ਅੱਧੀ ਰਹਿ ਗਈ । ਉਸ ਵਿੱਚ ਤੂੰ ਕੀ ਲਿਖਿਆ ਹੈ , ਬੱਸ ਇਹੀ ਖੱਜਲ-ਖੁਆਰੀ , ਬਾਕੀ ਤੂੰ ਮੈਨੂੰ ਆਪਣਾ ਨੰਬਰ ਦੇ ਤੇ ਪੜ ਲਵੀਂ ਸਭ ਕੁਝ । ਹੋਰ ਕੀ ਲਿਖਦਾ ਹੁੰਨਾ ਹੈ , ਮੈਂ ਕਿਹਾ ਸਭ ਕੁਝ । ਉਸਨੇ ਕਿਹਾ ਕਿ ਮੈਂ ਵੀ ਧਾਰਮਿਕ ਸੰਸਥਾ ਨਾਲ ਜੁੜਿਆ ਹਾਂ । ਮੈਨੂੰ ਉਸਦੀ ਦਾਹੜੀ ਤੇ ਵਿਵਹਾਰ ਦੇਖ ਕੇ ਬਹੁਤ ਬੁਰਾ ਲੱਗਿਆ ਕਿ ਲੋਕ ਐਂਵੇ ਫਾਲਤੂ ਦਿਖਾਵਾ ਕਰਦੇ ਫਿਰਦੇ ਹਨ , ਪਰ ਧਰਮ ਦੀ ਅਸਲੀਅਤ ਤੋਂ ਉਹ ਕੋਹਾਂ ਦੂਰ ਹਨ । ਉਸਨੇ ਮੈਨੂੰ ਸੌ ਦਾ ਨੋਟ ਕੱਢ ਕੇ ਫੜਾ ਦਿੱਤਾ ਤੇ ਕਿਹਾ ਕਿ ਬਾਕੀ ਮੈਂ ਦਲਾਲ ਨੂੰ ਆਪੇ ਦੇ ਦਿਊਂ । ਜੇ ਤੂੰ ਕੰਡੇ ਵੱਲ ਗਿਆ ਤਾਂ ਉਸਨੂੰ ਪੈਸੇ ਦਿੰਦਾ ਜਾਵੀਂ । ਉਸਨੂੰ ਪਤਾ ਲੱਗ ਗਿਆ ਸੀ ਕਿ ਇਹ ਰਹਿੰਦੀ ਰਕਮ ਬਾਰੇ ਜਾਣਦਾ ਹੈ ਤੇ ਕਿਤੇ ਮੇਰੇ ਤੇ ਕਹਾਣੀ ਵਿੱਚ ਤਵਾ ਨਾ ਲਾ ਦੇਵੇ । ਦਲਾਲ ਤੋਂ ਪਰਚੀ ਬਣਾਉਣ ਦੀ ਜਿਹੜੀ ਗੱਲ ਉਹ ਕਰਦੀ ਸੀ , ਅਸਲ ਵਿੱਚ ਉਹ ਮੇਰੇ ਕੋਲੋਂ ਉਸਦਾ ਹਿੱਸਾ ਦਵਾਉਣਾ ਚਾਹੁੰਦਾ ਸੀ । ਉਸਨੇ ਜਦੋਂ ਮੇਰੇ ਬਾਰੇ ਸਾਰੀ ਗੱਲ ਜਾਣ ਲਈ ਤਾਂ ਉਸਨੇ ਆਪਣੇ ਭਰਾ ਨੂੰ ਕਿਹਾ ਕਿ ਪਾਣੀ ਲੈ ਕੇ ਆ , ਬਾਈ ਲਈ । ਮੈਂ ਪਾਣੀ ਪੀ ਕੇ ਪਿੰਡ ਨੂੰ ਮੋਟਰ ਸਾਈਕਲ ਤੇ ਚੱਲਦਾ ਬਣਿਆ ਤੇ ਟਾਹਲੀ ਸੰਬੰਧੀ ਹੋਈ ਖੱਜਲ-ਖੁਆਰੀ ਬਾਰੇ ਸਾਰੇ ਰਾਹ ਸੋਚਦਾ ਰਿਹਾ ਕਿ ਕਿਵੇਂ ਕੁਤੀ ਚੋਰਾਂ ਨਾਲ ਰਲ ਕੇ ਆਮ ਲੋਕਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰਦੀ ਹੈ ।
– ਸਰਬਜੀਤ ਸਿੰਘ ਜਿਉਣ ਵਾਲਾ
ਸੰਪਰਕ : 94644-12761