ਸੁਪਨਾ ਵੇਖਿਆ ਜਾ ਸਕਦਾ ਹੈ ਸੁਪਨਾ ਵੇਖਣ ਤੋਂ ਕੋਈ ਰੋਕ ਨਹੀ ਸਕਦਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਨੇ 550 ਸਾਲਾ ਪ੍ਰਕਾਸ਼ ਪੁਰਬ ਤੇ ਆਉਣ ਦਾ ਨਿੱਘਾ ਸੱਦਾ ਦੇ ਰਹੇ ਹਨ। ਗੁਰੂ ਸਾਹਿਬ ਗੁਰਸਿੱਖ ਦੇ ਮਨ ਅੰਦਰ ਹੀ ਵਿਰਾਜਮਾਨ ਹਨ “ਮਹਲ ਮਹਿ ਬੈਠੇ ਅਗਮ ਅਪਾਰ’’ ਇਹ ਸੱਦਾ ਗੁਰਮੁਖ ਲਈ ਹੈ। ਗੁਰੂ ਸਾਹਿਬ ਦੇ ਦਰਬਾਰ ਵਿੱਚ ਪ੍ਰਵੇਸ਼ ਪ੍ਰਾਪਤ ਕਰਨ ਦੀ ਜੋਗਤਾ ਗੁਰਸਿੱਖ ਹੋਣਾ ਹੈ ਜਿਸ ਜੋ ਆਪਨਾ ਜੀਵਨ ਜਿਉਣ ਲਈ ਗੁਰੂ ਦੇ ਹੁਕਮ ਤੇ ਚੱਲਣ ਲਈ ਸੰਕਲਪ ਧਾਰਨ ਕਰ ਚੁਕਿਆ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਗੁਰਸਿੱਖ ਦੀ ਅਵਸਥਾ ਦਾ ਬਿਆਨ ਕਰਦੇ ਹਨ ਕਿ ਉਸ ਨੇ ਸਾਰੇ ਵਿਕਾਰ ਤਿਆਗ ਦਿੱਤੇ ਹਨ “ਪਰ ਦਾਰਾ ਪਰ ਧਨੁ ਪਰ ਲੋਭਾ ਹਉਮੈ ਬਿਖੈ ਬਿਕਾਰ, ਦੁਸਟ ਭਾਉ ਤਜਿ ਨੀਂਦ ਪਰਾਈ ਕਾਮੁ ਕ੍ਰੋਧੁ ਚੰਡਾਰ’’ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਆਪਣੀ ਹਾਜਰੀ ਲਾਉਣੀ ਹੈ ਤਾਂ ਸਾਰੇ ਮੰਦੇ ਵੀਚਾਰ ਮਨ ਤੋਂ ਕਢਣੇ ਪੈਣੇ ਹਨ। ਮਨ ਸਹਿਜ ਅੰਦਰ ਆ ਜਾਏ “ਦੁਖ ਸੁਖ ਦੋਊ ਸਮ ਕਰਿ ਜਾਣੈ ਬੁਰਾ ਭਲਾ ਸੰਸਾਰ’’ ਇਹ ਕੋਈ ਕਲਪਨਾ ਜਾਣ ਨਿਰਾ ਸੁਪਨਾ ਨਹੀ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੀਵਨ ਕਾਲ ’ਚ ਹੀ ਲੱਖਾਂ ਮਨੁੱਖ ਆਪਨੇ ਵਿਕਾਰ ਤਿਆਗ, ਗੁਰੂ ਹੁਕਮ ਨੂੰ ਆਪਨੇ ਜੀਵਨ ਦਾ ਆਧਾਰ ਬਣਾ ਕੇ ਗੁਰਸਿੱਖ ਬਣ ਗਏ ਸਨ। ਇਸ ਕਾਰਨ ਅਜਿਹੇ ਦਰਵੇਸ਼ ਗੁਰਸਿੱਖਾਂ ਦੀ ਗੱਲ ਤੇ ਕੋਈ ਸ਼ੰਕਾ ਨਹੀ ਕੀਤੀ ਜਾ ਸਕਦੀ। ਇਸ ਦਾ ਸੁਪਨਾ ਵੇਖਿਆ ਜਾ ਸਕਦਾ ਹੈ ਜੋ ਹਕੀਕਤ ਦੇ ਬਹੁਤ ਨੇੜੇ ਖੜੋਤਾ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੀਆਂ ਧਰਮ ਯਾਤਰਾਵਾਂ ਸੰਪੂਰਣ ਕਰ ਜਦੋਂ ਕਰਤਾਰਪੁਰ ਸਾਹਿਬ ਰਹਿਣ ਲੱਗ ਪਏ ਤਾਂ ਸ਼ਰਧਾਲੂਆਂ ਦੀਆਂ ਕਤਾਰਾਂ ਲੱਗ ਗਾਈਆਂ ਹਰ ਰੋਜ ਉਹ ਲੋਗ ਕਰਤਾਰਪੁਰ ਸਾਹਿਬ ਆਉਂਦੇ ਜੋ ਗੁਰੂ ਸਾਹਿਬ ਦੇ ਵਚਨਾਂ ਤੋਂ ਪ੍ਰਭਾਵਤ ਸਨ ਤੇ ਉਨ੍ਹਾਂ ਨੂੰ ਰੋਜਾਨਾ ਜ਼ਿੰਦਗੀ ਵਿੱਚ ਧਾਰਨ ਕਰਨ ਦੀ ਇੱਛਾ ਰੱਖਦੇ ਸਨ ਕਰਤਾਰਪੁਰ ਸਾਹਿਬ ਨਿਤ ਹੀ ਗੁਰ ਪੁਰਬ ਮਨਾਇਆ ਜਾ ਰਿਹਾ ਸੀ। ਇਹ ਸਿਲਸਿਲਾ ਲਗਾਤਾਰ ਅਠਾਰਹ ਸਾਲ ਤੱਕ ਚੱਲਿਆ। ਇਹ ਆਰੰਭਤਾ ਸੀ ਅੱਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਚਲਾਇਆ ਪੰਥ ਵਿਸ਼ਵ ਵਿਆਪੀ ਰੂਪ ਲੈ ਚੁਕਿਆ ਹੈ। ਨਗਰ ਨਗਰ ਗੁਰਦੁਆਰਿਆਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭਾ ਤੇ ਮਹਿਮਾ ਵਰਤ ਰਹੀ ਹੈ। ਗੁਰੂ ਸਾਹਿਬਾਨ ਦੇ ਪੁਰਬ ਤੇ ਹੋਰ ਦਿਹਾੜੇ ਜਾਹੋ-ਜਲਾਲ ਨਾਲ ਮਨਾਏ ਜਾਂਦੇ ਹਨ। ਗੁਰੂ ਦੀ ਰਹਿਮਤ ਦਿਨ ਰਾਤ ਵਰਤ ਰਹੀ ਹੈ “ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰੁ ਦਾਤਾ ਦੇਵਣਹਾਰੁ’’ ਪਰ ਇਹ ਲਾਹਾ ਉਸ ਨੂੰ ਹੀ ਮਿਲਦਾ ਹੈ ਜਿਸ ਤੇ ਵਾਹਿਗੁਰੂ ਪਰਮਾਤਮਾ ਦੀ ਨਦਰਿ ਹੋਵੇ “ਗੁਰਮੁਖਿ ਸਿਖ ਸੋਈ ਜਨੁ ਪਾਏ ਜਿਸ ਨੋ ਨਦਰਿ ਕਰੇ ਕਰਤਾਰੁ’’ ਵਾਹਿਗੁਰੂ ਦੀ ਨਦਰਿ ਲਈ ਵਿਕਾਰ ਤਿਆਗ, ਸਹਿਜ ਵਿੱਚ ਆਇਆ ਗੁਰਮੁਖ ਬਣਨਾ ਪੈਂਦਾ ਹੈ ਗੁਰੂ ਸਾਹਿਬ ਦਾ ਪੁਰਬ ਮਨਾਉਣ ਦੀ ਪਹਿਲੀ ਤਿਆਰੀ ਤਾਂ ਗੁਰਮੁਖ ਬਣਨਾ ਹੈ ਜੇ ਅਸੀਂ ਗੁਰਮੁਖ ਨਹੀ ਬਣੇ ਤਾਂ ਗੁਰੂ ਨਾਨਕ ਸਾਹਿਬ ਦਾ ਪੁਰਬ ਕੌਣ ਮਨਾਏਗਾ . ਗੁਰੂ ਸਾਹਿਬ ਦੇ ਦਰਬਾਰ ਅੰਦਰ ਥਾਂ ਕਿਵੇਂ ਮਿਲੇਗੀ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਵਡਿਆਈ ਅਗੰਮ ਤੇ ਅਕਥ ਹੈ ਆਪ ਨੇ ਵੱਡੇ ਤੋਂ ਵੱਡੇ ਪਾਪੀ, ਅਪਰਾਧੀ ਤਾਰੇ ਤੇ ਅਨਗਿਣਤ ਲੋਕਾਂ ਦਾ ਕਲਿਆਨ ਕੀਤਾ ਦਇਆ ਤੇ ਕਿਰਪਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸੁਭਾਅ ਸੀ “ਆਪੇ ਦਾਤਿ ਕਰੀ ਗੁਰਿ ਦਾਤੈ ਪਾਇਆ ਅਲਖ ਅਭੇਵਾ’’ ਇਸ ਅਵਿਚਲ ਭਰੋਸੇ ਨਾਲ ਸੁਪਨਾ ਅੱਗੇ ਵੱਧਦਾ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਗੁਰਸਿੱਖ ਉਤਸਾਹ ਨਾਲ ਆ ਰਹੇ ਹਨ। ਜਿਵੇਂ ਕਰਤਾਰਪੁਰ ਸਾਹਿਬ ਜਾਇਆ ਕਰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰੂ ਸਾਹਿਬ ਦੇ ਦਰਬਾਰ ਵਿੱਚ ਹੀ ਮਨਾਇਆ ਜਾ ਸਕਦਾ ਹੈ “ਅਨ ਕੋ ਦਰੁ ਘਰੁ ਕਬਹੂ ਨ ਜਾਨਸਿ ਏਕੋ ਦਰੁ ਸਚਿਆਰਾ’’ ਕਰਤਾ ਕਰਤਾਰਪੁਰ ਹੀ ਵੱਸਦਾ ਹੈ। ਕਰਤਾਰਪੁਰ ਦੀ ਧਰਮਸਾਲ ਵਿੱਚ ਗੁਰੂ ਨਾਨਕ ਸਾਹਿਬ ਗਿਆਨ ਦੇ ਸੂਰਜ ਵਾਂਗੂੰ ਪ੍ਰਕਾਸ਼ਮਾਨ ਹੋਇਆ ਕਰਦੇ ਸਨ ਉੱਚੇ ਆਸਨ ਤੇ ਗੁਰੂ ਸਾਹਿਬ ਵਿਰਾਜਮਾਨ ਹੋਇਆ ਕਰਦੇ ਸਨ। ਬਿਨਾ ਕਿਸੇ ਵਿਤਕਰੇ ਦੇ ਸਾਰੀ ਸੰਗਤ ਜਮੀਨ ਤੇ ਬੈਠਿਆ ਕਰਦੀ ਸੀ ਸੁਪਨਾ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਵਿਉਂਤ ਵੀ ਇਵੇਂ ਹੀ ਬਣਾਉਂਦਾ ਹੈ। ਇੱਕ ਵੱਡੇ ਤੇ ਸੁੰਦਰ ਸੱਜੇ ਹੋਏ ਮੰਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੋ ਰਹੇ ਹਨ ਬਾਕੀ ਸਾਰੀ ਸੰਗਤ ਜ਼ਮੀਨ ਤੇ ਬਿਨਾ ਕਿਸੇ ਵਿਤਕਰੇ ਦੇ ਬੈਠੀ ਹੋਈ ਹੈ ਸੰਗਤ ਗੁਰਮੁਖਾਂ ਦੀ ਹੈ ਜੋ ਗੁਰੂ ਲਈ ਸ਼ਰਧਾ ਭਾਵਨਾ ਨਾਲ ਭਰ ਕੀ ਆਏ ਹੋਏ ਹਨ। ਇਸ ਤੋਂ ਅਲਾਵ ਹੋਰ ਕੋਈ ਪਛਾਣ ਨਾਲ ਲੈ ਕੇ ਨਹੀ ਆਏ ਹਨ ਕਿਉਂਕਿ ਇੱਥੇ ਗੁਰਮੁਖ ਦੀ ਹੀ ਹਾਜਰੀ ਪ੍ਰਵਾਨ ਹੁੰਦੀ ਹੈ। ਕੀਰਤਨ ਕਰਨ ਵਾਲੇ ਰਾਗੀ ਸਿੰਘ ਵੀ ਸੰਗਤ ਦਾ ਹਿੱਸਾ ਬਣ ਕੇ ਬੈਠੇ ਹੋਏ ਹਨ ਸਾਰੀ ਸੰਗਤ ਰਾਗੀ ਸਿੰਘਾਂ ਨਾਲ ਕੀਰਤਨ ਕਰ ਰਹੀ ਹੈ। ਸਾਰੀ ਸੰਗਤ ਹੀ ਵਾਹਿਗੁਰੂ ਦਾ ਜਸ ਗਾਇਣ ਕਰਨ ਲਈ ਆਈ ਹੈ। ਸਮਾਗਮ ਅੰਦਰ ਮੌਜੂਦ ਹਰ ਮਨੁੱਖ ਦੇ ਧਿਆਨ ਦਾ ਕੇਂਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜੋ ਸ਼ਾਹੀ ਆਸਨ ਤੇ ਵਿਰਾਜਮਾਨ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਬਾਕੀ ਸਾਰੇ ਸਾਧ ਸੰਗਤ ਦਾ ਹਿੱਸਾ ਹਨ ਸਮਾਗਮ ਅੰਦਰ ਗੁਰੂ ਨਾਨਕ ਸਾਹਿਬ ਦਾ ਧਿਆਨ ਤੇ ਗੁਰਬਾਣੀ ਗਾਇਨ ਦੀ ਅਵਸਥਾ ਹੀ ਬਣੀ ਹੋਈ ਹੈ। ਕਰਤਾਰਪੁਰ ਸਾਹਿਬ ਦੀ ਧਰਮਸਾਲ ਵਿੱਚ ਮਾਤਰ ਤੇ ਮਾਤਰ ਪਰਮਾਤਮਾ ਦੀ ਗੱਲ ਹੁੰਦੀ ਸੀ। ਮਾਤਰ ਤੇ ਮਾਤਰ ਗੁਰਬਾਣੀ ਦੇ ਰਸਭਿੰਨੇ ਬੋਲ ਲੋਗਾਂ ਦੇ ਮਨਾਂ ਨੂੰ ਪਾਵਨ ਕਰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਇੱਕੋ ਸੰਕਲਪ ਚੱਲਦਾ ਸੀ “ਨਾ ਜਾਣਾ ਮੂਰਖੁ ਹੈ ਕੋਈ ਨ ਜਾਣਾ ਸਿਆਣਾ, ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ’’ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਇਸ ਤੋਂ ਸ੍ਰੇਸ਼ਟ ਢੰਗ ਹੋਰ ਕੀ ਹੋ ਸਕਦਾ ਹੈ ਕਿ ਮਨ ਨੂੰ ਨਾਮ ਨਾਲ, ਪਰਮਾਤਮਾ ਦੀ ਮਹਿਮਾ ਤੇ ਗੁਰੂ ਸਾਹਿਬ ਦੀ ਵਡਿਆਈ ਨਾਲ ਜੋੜਿਆ ਜਾਏ। ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਕਿਸੇ ਹੋਰ ਕਰਮ ਦੀ ਗੁੰਜਾਇਸ਼ ਹੀ ਨਜਰ ਨਹੀ ਆਉਂਦੀ ਸੁਪਨਾ ਅੱਗੇ ਵੱਧਦਾ ਹੈ ਕਿ ਰਾਜੇ ਮਹਾਰਾਜੇ , ਧਨਵਾਨ ਨਿਰਧਨ, ਤਾਕਤਵਰ ਨਿਰਬਲ ਸਾਰੇ ਇੱਕ ਨਾਲ ਬੈਠੇ ਹਨ “ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮਰਾਮੁ ਸਖਾਈ ਹੇ’’ ਗੁਰੂ ਦੇ ਦਰਬਾਰ ਵਿੱਚ ਮਾਤਰ ਗੁਰੂ ਦਾ ਹੁਕਮ ਚੱਲਦਾ ਹੈ। ਗੁਰੂ ਬੋਲਦਾ ਹੈ ਜੋ ਗੁਰੂ ਦੇ ਦਰਬਾਰ ਵਿੱਚ ਆਇਆ ਹੈ ਮਾਤਰ ਗੁਰਬਾਣੀ ਸੁਣਨ ਤੇ ਗਾਇਣ ਕਰਨ ਆਇਆ ਹੈ। ਨਾਮ ਜਪਣ ਆਇਆ ਹੈ। “ਓਇ ਬੈਸਹਿ ਤਖਤਿ ਸੁ ਸਬਦੁ ਵੀਚਾਰੇ, ਤਤੁ ਲਹਹਿ ਅੰਤਰਗਤਿ ਜਾਣਹਿ ਸਤਸੰਗਤਿ ਸਾਚੁ ਵਡਾਈ ਹੇ’’ ਸੁਪਨਾ ਇਸ ਅਦਬ ਨੂੰ ਨਾ ਤੋੜਨ ਦੀ ਦੁਹਾਈ ਦਿੰਦਾ ਹੈ। ਗੁਰੂ ਦਾ ਦਰਬਾਰ ਅਹੁਦੇਦਾਰਾਂ ਦੇ ਸਤਿਕਾਰ, ਉਨ੍ਹਾਂ ਦੀਆਂ ਤਕਰੀਰਾਂ ਤੇ ਨਸੀਹਤਾਂ ਲਈ ਨਹੀ ਹੈ। ਗੁਰੂ ਦੇ ਦਰਬਾਰ ਵਿੱਚ ਜਾਣ ਤਖ਼ਤ ਤੇ ਵਿਰਾਜਮਾਨ ਗੁਰੂ ਹੈ ਜਾਂ ਸਾਧਸੰਗਤ ਹੈ ਵਾਹਿਗੁਰੂ ਲਈ ਉਸ ਦਾ ਹਰ ਸਿੱਖ ਇਕੋ ਜਿਹਾ ਪਿਆਰਾ ਹੈ। “ਗੁਰ ਕੇ ਸੇਵਕ ਸਤਿਗੁਰ ਪਿਆਰੇ’’ ਗੁਰੂ ਨਾਨਕ ਸਾਹਿਬ ਦਾ ਮਾਰਗ ਸਚ ਦਾ ਸੀ ਜੋ ਗੁਰ ਸ਼ਬਦ ਰਾਹੀ ਹੀ ਵਿਖਾਈ ਦਿੰਦਾ ਹੈ ਗੁਰਸਿੱਖ ਕਿਸੇ ਹੋਰ ਗੱਲ, ਜੁਗਤ ਵੱਲ ਨਹੀਂ ਜਾਂਦਾ “ਗੁਰਮੁਖਿ ਬੂਝੈ ਸਬਦਿ ਪਤੀਜੈ, ਉਸਤਤਿ ਨਿੰਦਾ ਕਿਸ ਕੀ ਕੀਜੈ, ਚੀਨਹੁ ਆਪੁ ਜਪਹੁ ਜਗਦੀਸਰੁ ਹਰਿ ਜਗੰਨਾਥੁ ਮਨਿ ਭਾਇਆ’’ ਗੁਰੂ ਨਾਨਕ ਸਾਹਿਬ ਨੇ ਕਿਸੇ ਵੀ ਦੁਨਾਵੀ ਤਾਕਤ ਦੀ ਸਮਰਥਾ ਸਵੀਕਾਰ ਨਹੀ ਕੀਤੀ ਸੀ “ਖਾਨੁ ਮਲੂਕੁ ਕਹਾਵਉ ਰਾਜਾ, ਅਬੇ ਤਬੇ ਕੂੜੇ ਹੈ ਪਾਜਾ, ਬਿਨੁ ਗੁਰ ਸਬਦ ਨ ਸਵਰਸਿ ਕਾਜਾ’’ ਜੋ ਗੁਰੂ ਦੇ ਦਰਬਾਰ ਅੰਦਰ ਗੁਰ ਸ਼ਬਦ ਦੀ ਕਮਾਈ ਕਰਨ ਆਇਆ ਹੈ ਉਹ ਦਿਨ ਸੇਵਕ ਵਾਂਗੂੰ ਮਨ ਇਕਾਗਰ ਕਰੇਗਾ ਆਪਣੇ ਔਹਦੇ ਤੇ ਕਥਨ ਸ਼ੈਲੀ ਨਾਲ ਲੋਕਾਂ ਤੇ ਪ੍ਰਭਾਉ ਪਾਉਣ ਲਈ ਨਹੀ ਆਵੇਗਾ। ਜੋ ਗੁਰਸਿੱਖ ਹੈ ਉਸ ਚਿੱਤ ਵੀ ਗੁਰ ਸ਼ਬਦ ਵਿੱਚ ਹੀ ਜੁੜੇਗਾ ਕਿਸੇ ਹੋਰ ਵਿਖਾਏ ’ਚ ਨਹੀ।
ਸ੍ਰੀ ਗੁਰੂ ਨਾਨਕ ਸਾਹਿਬ ਦੇਵ ਸਾਹਿਬ ਜੀ ਦੇ ਸਮੇਂ ਵੀ ਧਰਮ ਜਗਤ ਵਿੱਚ ਸ਼ਰਧਾ ਦੇ ਨਾਮ ਤੇ ਭਿੰਨ ਭਿੰਨ ਕਰਮ ਕੀਤੇ ਜਾ ਰਹੇ ਸਨ। ਲੋਗ ਵੱਖ ਵੱਖ ਭੇਖ ਬਣਾ ਕੇ ਵਿਚਰਦੇ ਸਨ, ਜੁਗਤਾਂ, ਤਮਾਸ਼ਿਆਂ, ਕੌਤਕਾਂ ਨਾਲ ਲੋਕਾਂ ਨੂੰ ਆਪਨੇ ਨਾਲ ਜੋੜਨ ਦਾ ਜਤਨ ਕਰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਤਾਂ ਧਰਮ ਯਾਤਰਾਵਾਂ ਦੁਰਾਨ ਧਾਰਨ ਕੀਤਾ ਸਾਧੂ ਵੇਸ਼ ਵੀ ਉਤਾਰ ਦਿੱਤਾ ਸੀ ਤੇ ਇਕ ਆਮ ਗਿ੍ਰਹਸਥ ਦੀ ਤਰਹ ਜੀਵਨ ਬਤੀਤ ਕੀਤਾ ਗੁਰੂ ਸਾਹਿਬ ਦੀ ਇੱਕੋ ਪ੍ਰੇਰਨਾ ਸੀ ਨਾਮ ਜਪਣ ਦੀ ਆਪ ਨੇ ਪ੍ਰਚਲਤ ਪਰੰਪਰਾਵਾਂ ਦੀ ਨਕਲ ਕਰਨ ਦੀ ਕੋਈ ਕੋਸ਼ਿਸ਼ ਨਹੀ ਕੀਤੀ ਸਗੋਂ ਉਨ੍ਹਾਂ ਦਾ ਦਿ੍ਰੜ੍ਹਤਾ ਨਾਲ ਖੰਡਣ ਕੀਤਾ। ਕੋਈ ਬਾਹਰੀ ਖਿੱਚ ਨਾ ਹੋਣ ਦੇ ਬਾਵਜੂਦ ਵੱਡੀ ਤਦਾਦ ’ਚ ਲੋਗ ਗੁਰੂ ਸਾਹਿਬ ਦੇ ਅਨੁਆਈ ਬਣੇ ਤਾਂ ਇਸ ਲਈ ਕਿਉਂਕਿ ਉਨ੍ਹਾਂ ਦੀ ਸੋਚ ਸਚ ਦੇ ਦਰਸ਼ਨ ਕਰਾਉਣ ਵਾਲੀ ਸੀ। ਅੱਜ ਜੇ ਸਿੱਖ ਕੌਮ ਹੋਰਨਾਂ ਕੌਮਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਸ ਤੋਂ ਮੰਦਭਾਗੀ ਗੱਲ ਹੋਰ ਕੀ ਹੋ ਸਕਦੀ ਹੈ ਹੋ ਸਕਦਾ ਹੈ ਕੁਝ ਗੱਲਾਂ ਕਾਫੀ ਸਮੇ ਤੋਂ ਹੁੰਦੀਆਂ ਆ ਰਹੀਆਂ ਹੋਣ। ਪਰ ਗੁਰਮਤਿ ਦੇ ਵਿਰੁੱਧ ਹੋਣ ਕਾਰਨ ਉਨ੍ਹਾਂ ਨੂੰ ਪਰੰਪਰਾ ਦੇ ਨਾਮ ਤੇ ਸਵੀਕਾਰ ਨਹੀ ਕਰ ਲਿਆ ਜਾਣਾ ਚਾਹੀਦਾ। ਕੋਈ ਭੁੱਲ ਜਦੋਂ ਵੀ ਸਮਝ ਆ ਜਾਵੇ ਉਸ ਨੂੰ ਤਿਆਗ ਦੇਣ ’ਚ ਹੀ ਹਿਤ ਹੁੰਦਾ ਹੈ ਕੌਮ ਦੀ ਸ਼ਾਨ ਦੇ ਨਾਮ ਤੇ ਕੱਢੇ ਜਾ ਰਹੇ ਨਗਰ ਕੀਰਤਨ ਕਿਸ ਗੁਰ ਵਚਨ ਦੀ ਤਰਜੁਮਾਨੀ ਕਰਦੇ ਹਨ ਇਸ ਬਾਰੇ ਸੋਚਣਾ ਚਾਹੀਦੇ। ਇਕ ਨਗਰ ਕੀਰਤਨ ਵਿੱਚ ਸਿੱਕੇ ਵੇਚੇ ਜਾ ਰਹੇ ਹਨ ਇਹ ਕਿਸ ਸ਼ਰਧਾ ਭਾਵਨਾ ਦੇ ਪ੍ਰਤੀਕ ਹਨ ਜਿਸ ਦੀ ਗਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਲਦੀ ਹੋਵੇ। ਧਰਮ ਤੇ ਅਧਿਆਤਮ ਦਾ ਖੇਤਰ ਅਜਿਹਾ ਨਹੀਂ ਜਿਸ ਦੀ ਡਰਾਵਿੰਗ ਸੀਟ ਤੇ ਕੋਈ ਵੀ ਬਹਿ ਜਾਏ ਸਿੱਖ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਅੰਦਰ ਚੜ੍ਹਦੀਕਲਾ ਵਿੱਚ ਹੈ। ਕੋਈ ਵੀ ਜਤਨ ਜੋ ਗੁਰ ਸ਼ਬਦ ਦੇ ਅਨੁਸਾਰ ਨਹੀਂ, ਪੰਥ ਲਈ ਕਲਿਆਨਕਾਰੀ ਨਹੀ ਹੋ ਸਕਦਾ “ਖਸਮ ਵਿਸਾਰਹਿ ਤੇ ਕਮਜਾਤਿ’’ ਗੁਰਬਾਣੀ ਗੁਰਸਿੱਖ ਲਈ ਉਸ ਦੇ ਖਸਮ ਦੀ ਬਾਣੀ ਹੈ। ਇਸ ਤੋਂ ਵੇਮੁਖ ਹੋਣਾ ਧਰਮ ਤੋਂ ਵੇਮੁਖ ਹੋਣਾ ਹੈ। ਗੁਰੂ ਸਾਹਿਬਾਨ ਨੂੰ ਸਮਰਪਿਤ ਹਰ ਸਮਾਗਮ ਗੁਰਬਾਣੀ ਦਾ ਲਾਹਾ ਪ੍ਰਾਪਤ ਕਰਨ ਦਾ ਅਉਸਰ ਹੁੰਦਾ ਹੈ “ਸਿਖ ਸਭਾ ਦੀਖਿਆ ਕਾ ਭਾਉ, ਗੁਰਮੁਖਿ ਸੁਣਣਾ ਸਾਚਾ ਨਾਉ’’ ਸੁਪਨਾ ਇਸ ਵਿਸ਼ਵਾਸ ਨਾਲ ਪੂਰਾ ਹੁੰਦਾ ਹੈ ਕਿ ਹਰ ਗੁਰਮਤਿ ਸਮਾਗਮ ਭਾਵੇਂ ਉਹ ਕਿਸੇ ਵੀ ਪੱਧਰ ਦਾ ਹੋਵੇ ਉਸ ਦੀ ਇੱਕੋ ਭਾਵਨਾ ਹੋਵੇ “ਸਿਖ ਸਭਾ ਦੀਖਿਆ ਕਾ ਭਾਉ’’ ਇਸ ਭਾਵਨਾ ਨੂੰ ਅੱਗੇ ਕਰ ਕੇ ਹੀ ਧਾਰਮਕ ਮਸਲਿਆਂ ਅੰਦਰ ਆ ਗਏ ਸਿਆਸੀ ਤੇ ਨਿਜੀ ਸੁਆਰਥਾਂ ਨੂੰ ਦਰਕਿਨਾਰ ਕੀਤਾ ਜਾ ਸਕੇਗਾ।