ਦੇਸ਼ ਵਿੱਚ ਆਰਥਿਕ ਮੰਦਵਾੜੇ ਦੀ ਕਾਫੀ ਜ਼ੋਰ ਨਾਲ ਚਰਚਾ ਹੋ ਰਹੀ ਹੈ। ਵੱਖ-ਵੱਖ ਸੈਕਟਰਾਂ ’ਚ ਮੰਦੇ ਦੇ ਅੰਕੜੇ ਜਾਰੀ ਕੀਤੇ ਜਾ ਰਹੇ ਹਨ। ਆਟੋ ਮੋਬਾਇਲ ਖੇਤਰ ਨੂੰ ਦਰਪੇਸ਼ ਸੰਕਟ ਨੂੰ ਖਾਸ ਤੌਰ ’ਤੇ ਉਭਾਰਿਆ ਜਾ ਰਿਹਾ ਹੈ। ਵਿੱਤੀ ਮੰਦੀ ਬਾਰੇ ਵਿਵਾਦ ਦੇ ਵੱਖ-ਵੱਖ ਪਹਿਲੂ ਹਨ। ਇਸ ਸਬੰਧੀ ਹਾਲੇ ਤੱਕ ਸਥਿਤੀ ਪੂਰੀ ਤਰ੍ਹਾਂ ਅਸਪੱਸ਼ਟ ਹੈ। ਕਾਰਪਰੇਟ ਖੇਤਰ ਦਾ ਇਕ ਹਿੱਸਾ ਮੰਦੀ-ਮੰਦੀ ਦਾ ਰੌਲਾ ਪਾ ਕੇ ਸਰਕਾਰ ਤੋਂ ਰਾਹਤਾਂ ਅਤੇ ਵਿੱਤੀ ਮੱਦਦ ਹਾਸਿਲ ਕਰਨ ਦੇ ਯਤਨ ’ਚ ਦਿਸ ਰਿਹਾ ਹੈ। ਦੂਸਰੇ ਪਾਸੇ ਮੰਦੀ ਦਾ ਸਿਆਸੀਕਰਨ ਹੋ ਰਿਹਾ ਹੈ। ਭਾਜਪਾ ਅਤੇ ਉਸ ਦੇ ਹਮਾਇਤੀ ਹੋਰ ਤਸਵੀਰ ਪੇਸ਼ ਕਰ ਰਹੇ ਹਨ ਜਦੋਂ ਕਿ ਕਾਂਗਰਸ ਅਤੇ ਉਸ ਦੀਆਂ ਹਮਾਇਤੀ ਧਿਰਾਂ ਮੰਦੀ ਨੂੰ ਵਧਾ-ਚੜ੍ਹਾ ਕੇ ਦਿਖਾ ਰਹੀਆਂ ਹਨ। ਕਾਂਗਰਸ ਨੇ ਤਾਂ ਮੁਲਕ ਵਿੱਚ ਤੁਰੰਤ ਵਿੱਤੀ ਐਮਰਜੈਂਸੀ ਐਲਾਨ ਦੀ ਮੰਗ ਕੀਤੀ ਹੈ। ਕਾਂਗਰਸ ਦਾ ਇਹ ਵੀ ਕਹਿਣਾ ਹੈ ਕਿ ਕੇਂਦਰ ਸਰਕਾਰ ‘ਅਰਥਚਾਰੇ ਦੇ ਸੁੰਗੜਨ ਤੇ ਧੋਖਾਧੜੀ ਵਧਣ’ ਬਾਰੇ ਵਾਈਟ ਪੇਪਰ ਜਾਰੀ ਕਰੇ। 10 ਬੈਂਕਾਂ ਦੇ ਰਲੇਵੇਂ ਸਬੰਧੀ ਫੈਸਲੇ ਤੋਂ ਬਾਅਦ ਇਹ ਚਰਚਾ ਹੋਰ ਜ਼ੋਰ ਫੜ ਗਈ ਹੈ ਕਿ ਦੇਸ਼ ਆਰਥਿਕ ਮੰਦੀ ਵੱਲ ਵੱਧ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਆਮ ਲੋਕਾਂ ਦਾ ਚਿੰਤਤ ਹੋਣਾ ਸੁਭਾਵਿਕ ਹੈ। ਅਜਿਹੇ ਮੌਕੇ ’ਤੇ ਕੇਂਦਰ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਰਥਿਕ ਸਥਿਤੀ ਬਾਰੇ ਪੈਦਾ ਹੋਏ ਭਰਮ-ਭੁਲੇਖਿਆ ਸਬੰਧੀ ਵਿਸਥਾਰ ਵਿੱਚ ਸਪੱਸ਼ਟੀਕਰਨ ਜਾਰੀ ਕਰੇ। ਲੋਕਾਂ ਦੇ ਵਿਸ਼ਵਾਸ ਨੂੰ ਬਹਾਲ ਕਰਨ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਆਰਥਿਕਤਾ ਦੇ ਅਸਲ ਅੰਕੜਿਆਂ ਤੋਂ ਜਾਣੂ ਕਰਵਾਇਆ ਜਾਵੇ। ਆਰਥਿਕ ਮੰਦਵਾੜੇ ਨੂੰ ਵਧਾ-ਚੜ੍ਹਾਅ ਕੇ ਪੇਸ਼ ਨਹÄ ਕਰਨਾ ਚਾਹੀਦਾ। ਅਜਿਹਾ ਸਿਆਸੀ ਮਕਸਦਾਂ ਲਈ ਕੀਤਾ ਜਾ ਰਿਹਾ ਹੈ। ਕਿਸੇ ਵੀ ਸਰਕਾਰ ਨੂੰ ਨਿਸ਼ਾਨਾ ਬਣਾਉਣ ਦਾ ਇਹ ਸਭ ਤੋਂ ਸੌਖਾ ਅਤੇ ਆਸਾਨ ਤਰੀਕਾ ਹੈ। ਇਸ ਮਾਮਲੇ ’ਤੇ ਕੇਂਦਰ ਸਰਕਾਰ ਖਾਸ ਕਰਕੇ ਵਿੱਤ ਮੰਤਰਾਲੇ ਨੂੰ ਅਵੇਸਲਾ ਨਹÄ ਹੋਣਾ ਚਾਹੀਦਾ। ਆਰਥਿਕਤਾ ਦੀ ਮਜ਼ਬੂਤੀ ਦਾ ਇਕ ਪੱਖ ਮਨੋਸਥਿਤੀ ਵੀ ਹੁੰਦਾ ਹੈ। ਇਸ ਮਨੋਸਥਿਤੀ ਨੂੰ ਬਣਾਉਣ ਲਈ ਸਰਕਾਰ ਅਤੇ ਉਸ ਦੇ ਵੱਖ-ਵੱਖ ਵਿਭਾਗਾਂ ਨੂੰ ਲਗਾਤਾਰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਰਥਿਕ ਖੇਤਰ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਤੇਜੀ ਨਾਲ ਕਦਮ ਚੁੱਕੇ। ਘੱਟੋ-ਘੱਟ ਆਰਥਿਕ ਮੰਦੀ ਦਾ ਸੇਕ ਆਮ ਨਾਗਰਿਕ ਤੱਕ ਨਹÄ ਪਹੁੰਚਣਾ ਚਾਹੀਦਾ। ਵਿੱਤੀ ਮਾਹਿਰਾਂ ਦੀ ਮੱਦਦ ਨਾਲ ਉਨ੍ਹਾਂ ਖੇਤਰਾਂ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ ਜਿਨ੍ਹਾਂ ਨੂੰ ਆਰਥਿਕ ਮੰਦਵਾੜੇ ਦਾ ਸੇਕ ਲੱਗ ਰਿਹਾ ਹੈ। ਸਰਕਾਰ ਦੀ ਇਹ ਗੱਲ ਮੰਨਣਯੋਗ ਹੈ ਕਿ ਮਾਸਿਕ ਖਾਤਿਆਂ ਵਿੱਚ ਵਿੱਤੀ ਘਾਟੇ ਨਾਲ ਸਬੰਧਿਤ ਅੰਕੜਿਆਂ ਨੂੰ ਕਿਸੇ ਵਿੱਤੀ ਸਾਲ ਦੇ ਵਿੱਤੀ ਘਾਟੇ ਦਾ ਸੂਚਕ ਨਹੀਂ ਮੰਨਿਆ ਜਾ ਸਕਦਾ। ਵਿਕਾਸ ਦਰ ਵਿੱਚ ਆਈ ਮੰਦੀ ਦੀ ਮੁੱਖ ਵਜ੍ਹਾ ਕੇਵਲ ਕੇਂਦਰੀ ਆਰਥਿਕ ਨੀਤੀਆਂ ਨਹÄ ਹਨ ਸਗੋਂ ਇਸ ਦੇ ਕਈ ਹੋਰ ਮੁਕਾਮੀ ਤੇ ਆਲਮੀ ਕਾਰਨ ਹਨ। ਸਰਕਾਰ ਅਤੇ ਲੋਕਾਂ ਨੂੰ ਇਸ ਸਥਿਤੀ ਵਿੱਚ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ