April 29, 2026 8:08 pm

ਪਾਵਰਕਾਮ ਵੱਲੋਂ ਲੋਹੀਆਂ ਖਾਸ ਦੇ ਸਾਰੇ 21 ਹੜ੍ਹ ਪ੍ਰਭਾਵਿਤ ਪਿੰਡਾਂ ’ਚ ਬਿਜਲੀ ਸਪਲਾਈ ਬਹਾਲ

ਲੋਹੀਆਂ (ਜਲੰਧਰ), 1 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਚੇਅਰਮੈਨ ਇੰਜੀ. ਬਲਦੇਵ ਸਿੰਘ ਸਰਾਂ ਦੀ ਅਗਵਾਈ ਹੇਠ ਪਾਵਰਕਾਮ ਵੱਲੋਂ ਸ਼ਾਹਕੋਟ ਸਬ ਡਿਵੀਜ਼ਨ ਦੇ ਸਾਰੇ ਹੜ੍ਹ ਪ੍ਰਭਾਵਿਤ 21 ਪਿੰਡਾਂ ਵਿਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ, ਜਿਸ ਨਾਲ ਇਨ੍ਹਾਂ ਪਿੰਡਾਂ ਵਿਚ ਆਮ ਜਨਜੀਵਨ ਨੂੰ ਲੀਹ ’ਤੇ ਲਿਆਉਣ ਵਿਚ ਵੱਡੀ ਸਫਲਤਾ ਮਿਲੀ ਹੈ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪਾਵਰਕਾਮ ਦੇ ਅਧਿਕਾਰੀਆਂ/ ਕਰਮਚਾਰੀਆਂ ਵਲੋਂ ਦਿਨ ਰਾਤ ਇਕ ਕਰਕੇ ਬਿਜਲੀ ਸਪਲਾਈ ਬਹਾਲ ਕਰਨ ਦੇ ਯਤਨ ਕੀਤੇ ਗਏ ਜਿਸ ਨਾਲ ਹੁਣ ਸਾਰੇ 21 ਪਿੰਡਾਂ ਵਿਚ ਬਿਜਲੀ ਸਪਲਾਈ ਚਾਲੂ ਹੋ ਗਈ ਹੈ। ਉਨਾਂ ਕਿਹਾ ਕਿ ਗੱਟੀ ਰਾਏਪੁਰ, ਗੱਟੀ ਬਖਸ਼, ਕਮਾਲਪੁਰ, ਜੱਕਾਪੁਰ, ਕੱਕੜ ਕਲਾਂ, ਫਤਿਹਪੁਰ, ਨਵਾਂ ਪਿੰਡ ਖਾਲੇਵਾਲ, ਕੰਗ ਖੁਰਦ, ਜਲਾਲਪੁਰ, ਸਰਦਾਰਵਾਲਾ, ਕੋਠਾ, ਮੰਡਾਲਾ, ਨਸੀਰਪੁਰ, ਜਾਨੀਆ, ਮੁੰਡੀ ਕਾਲੂ, ਮੁੰਡੀ ਚੋਲੀਆਂ, ਚੱਕ ਵਡਾਲਾ, ਛਾਂਨਾ, ਮਹਿਰਾਜਵਾਲਾ, ਮੁੰਡੀ ਸ਼ੇਹਰੀਆਂ ਤੇ ਡਕਾ ਬਸਤੀ ਵਿਚ ਬਿਜਲੀ ਸਪਲਾਈ ਸ਼ੁਰੂ ਹੋ ਗਈ ਹੈ। ਉਨ੍ਹÎਾਂ ਕਿਹਾ ਕਿ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਆਪਣੀ ਜਾਨ ਜੋਖਿਮ ਵਿਚ ਪਾ ਕੇ ਬਿਜਲੀ ਸਪਲਾਈ ਬਹਾਲ ਕੀਤੀ ਗਈ ਜੋ ਕਿ ਸਮਾਜ ਪ੍ਰਤੀ ਲਾਮਿਸਾਲ ਸੇਵਾ ਹੈ।ਇਸੇ ਦੌਰਾਨ ਪੀ.ਐਸ.ਪੀ.ਸੀ.ਐਲ. ਦੇ ਕਾਰਜਕਾਰੀ ਇੰਜੀਨੀਅਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਾਹਕੋਟ ਸਬ ਡਿਵੀਜ਼ਨ ਦੇ ਪਿੰਡਾਂ ਵਿਚ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਪੁੱਜਾ ਸੀ ਜਿਸ ਕਰਕੇ ਜਲਦ ਬਿਜਲੀ ਸਪਲਾਈ ਚਾਲੂ ਕਰਨਾ ਬਹੁਤ ਵੱਡੀ ਚੁਣੌਤੀ ਸੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਕਰਮਚਾਰੀਆਂ ਵਲੋਂ ਕਿਸ਼ਤੀਆਂ ਰਾਹੀਂ ਬਿਜਲਈ ਸਾਜੋ ਸਮਾਨ ਦੀ ਢੋਆ ਢੁਆਈ ਕਰਕੇ ਬਿਜਲੀ ਸਪਲਾਈ ਬਹਾਲ ਕੀਤੀ ਗਈ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਭਾਗ ਵਲੋਂ ਪਹਿਲਾਂ ਪਿੰਡਾਂ ਵਿਚ ਬਿਜਲੀ ਚਾਲੂ ਕੀਤੀ ਜਾ ਰਹੀ ਹੈ ਜਿਸ ਪਿੱਛੋਂ ਡੇਰਿਆਂ/ਢਾਣੀਆਂ ਨੂੰ ਬਿਜਲੀ ਸਪਲਾਈ ਮੁੜ ਸ਼ੁਰੂ ਕੀਤੀ ਜਾਵੇਗੀ।

Send this to a friend