ਚੰਨੋ, 29 ਅਗਸਤ (ਬਾਲੀ)- ਨੇੜਲੇ ਪਿੰਡ ਬਾਲਦ ਖੁਰਦ ਵਿਖੇ ਕਰਜ਼ੇ ਅਤੇ ਆਰਥਿਕ ਤੰਗੀ ਕਾਰਨ ਇਕ ਦਲਿਤ ਵਰਗ ਨਾਲ ਸੰਬੰਧਤ ਵਿਅਕਤੀ ਵੱਲੋਂ ਬੀਤੀ ਰਾਤ ਆਪਣੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦਾ ਜਾਣਕਾਰੀ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਤਾਰ ਸਿੰਘ ਤਾਰੀ ਇਕ ਤਾਂ ਕਰਜ਼ੇ ਕਾਰਨ ਪਰੇਸ਼ਾਨ ਸੀ, ਦੂਜਾ ਬੀਤੇ ਦਿਨੀਂ ਉਕਤ ਦੀ ਪਤਨੀ ਨੂੰ ਪੈਰਾਲਾਇਜ਼ ਦਾ ਅਟੈਕ ਆਉਣ ਕਾਰਨ ਉਸ ਦੇ ਇਲਾਜ ਲਈ ਪੈਸੇ ਦੀ ਤੰਗੀ ਕਾਰਨ ਉਹ ਮਾਨਸਿਕ ਤੌਰ ’ਤੇ ਹੋਰ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਗਿਆ। ਬੀਤੇ ਦਿਨ ਉਕਤ ਦੀ ਪਤਨੀ ਬੱਚਿਆਂ ਨੂੰ ਨਾਲ ਲੈ ਕੇ ਦਵਾਈ ਲੈਣ ਗਈ ਹੋਈ ਤਾਂ ਉਹ ਘਰ ਵਿਚ ਇਕੱਲਾ ਸੀ। ਇਸ ਦੌਰਾਨ ਉਕਤ ਨੇ ਘਰ ਵਿਚ ਪੱਖੇ
ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਕਤ ਦਾ ਪਿਤਾ ਜਦੋਂ ਆਪਣੇ ਕੰਮ ਤੋਂ ਘਰ ਵਾਪਸ ਆਇਆ ਤਾਂ ਉਸ ਨੇ ਆਪਣੇ ਪੁੱਤਰ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖ ਇਸ ਦੀ ਸੂਚਨਾ ਆਪਣੇ ਬਾਕੀ ਪਰਿਵਾਰਕ ਮੈਬਰਾਂ ਨੂੰ ਦਿੱਤੀ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ 174 ਦੀ ਕਾਰਵਾਈ ਕਰਦਿਆਂ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ। ਮਿ੍ਰਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਬੱਚੇ ਛੱਡ ਗਿਆ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ।