April 22, 2026 1:47 am

ਖਨੌਰੀ ਮੰਡੀ ਦੀ ਫਰਮ ਵੱਲੋਂ 60 ਕਰੋੜ ਰੁਪਏ ਦੇ ਬੋਗਸ ਬਿਲਾਂ ਸਹਾਰੇ ਜੀ.ਐਸ.ਟੀ. ਦਾ ਵੱਡਾ ਘਪਲਾ

ਪਟਿਆਲਾ, 22 ਅਗਸਤ (ਦਇਆ ਸਿੰਘ)- ਆਬਕਾਰੀ ਤੇ ਕਰ ਵਿਭਾਗ ਪੰਜਾਬ ਨੇ ਕਰੀਬ 60 ਕਰੋੜ ਰੁਪਏ ਦੇ ਬੋਗਸ ਬਿਲਾਂ ਦੇ ਸਹਾਰੇ ਸਰਕਾਰੀ ਖ਼ਜ਼ਾਨੇ ਨੂੰ ਲਗਪਗ 10 ਕਰੋੜ 80 ਲੱਖ ਰੁਪਏ ਦਾ ਚੂਨਾ ਲਾਉਣ ਵਾਲੇ ਇੱਕ ਵੱਡੇ ਜੀ.ਐਸ.ਟੀ. ਬੋਗਸ ਬਿਲ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਸ੍ਰੀ ਵਿਵੇਕ ਪ੍ਰਤਾਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਦੀ ਇਨਫੋਰਸਮੈਂਟ ਟੀਮ ਨੇ ਪੁਰਾਣੇ ਟਰੱਕਾਂ ਨੂੰ ਸਕਰੈਪ ਕਰਕੇ ਵੇਚਣ ਵਾਲੀ ਖਨੌਰੀ ਮੰਡੀ ਦੀ ਇਸ ਫਰਮ ਗਣਪਤੀ ਮੋਟਰ ਸਟੋਰ ਦੇ ਮਾਲਕ ਸੁਭਾਸ਼ ਚੰਦਰ ਨੂੰ ਜੀ.ਐਸ.ਟੀ ਐਕਟ ਤਹਿਤ ਗ੍ਰਿਫ਼ਤਾਰ ਵੀ ਕਰ ਲਿਆ ਹੈ,
ਜਿਸ ਨੇ ਲੋਹੇ ਅਤੇ ਕਬਾੜ ਦੀਆਂ ਜਾਅਲੀ ਤੇ ਗ਼ਲਤ ਟ੍ਰਾਂਸਜੈਕਸ਼ਨ ਕੀਤੀਆਂ ਹਨ। ਸਰਕਾਰੀ ਖ਼ਜ਼ਾਨੇ ਨੂੰ ਇਸ ਕਦਰ ਚੂਨਾ ਲਾਉਣ ਵਾਲੇ ਦੀ ਅਜਿਹੀ ਗ੍ਰਿਫ਼ਤਾਰੀ ਪੰਜਾਬ ਵਿੱਚ ਆਪਣੀ ਕਿਸਮ ਦੀ ਦੂਜੀ ਗ੍ਰਿਫ਼ਤਾਰੀ ਹੈ। ਇਹ ਜਾਣਕਾਰੀ ਆਬਕਾਰੀ ਤੇ ਕਰ ਵਿਭਾਗ ਦੇ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ-ਕਮ-ਡਾਇਰੈਕਟਰ (ਇੰਨਵੈਸਟੀਗੇਸ਼ਨ) ਸ੍ਰੀਮਤੀ ਨਵਦੀਪ ਕੌਰ ਭਿੰਡਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸੰਯੁਕਤ ਕਮਿਸ਼ਨਰ ਇਨਫੋਰਸਮੈਂਟ ਸ. ਦਰਬਾਰਾ ਸਿੰਘ, ਸਹਾਇਕ ਕਮਿਸ਼ਨਰ ਮੋਬਾਇਲ ਵਿੰਗ ਸ. ਵਿਸ਼ਵਦੀਪ ਸਿੰਘ ਭੰਗੂ ਅਤੇ ਸਟੇਟ ਟੈਕਸ ਅਫ਼ਸਰ ਮੇਜਰ ਮਨਮੋਹਨ ਸਿੰਘ ਵੀ ਮੌਜੂਦ ਸਨ। ਸ੍ਰੀਮਤੀ ਭਿੰਡਰ ਨੇ ਦੱਸਿਆ ਕਿ ਇਹ ਫਰਮ ਅਜਿਹੇ ਬੋਗਸ ਬਿਲਾਂ ਦੇ ਸਹਾਰੇ ਟੈਕਸ ਬਚਾਉਣ ਦੇ ਕਾਲੇ ਕਾਰਨਾਮੇ ‘ਚ ਲੰਮੇ ਸਮੇਂ ਤੋਂ ਲਿਪਤ ਸੀ ਅਤੇ ਵਿਭਾਗ ਨੇ ਇਸਦਾ 2017 ਤੋਂ ਡਾਟਾ ਇਕੱਤਰ ਕੀਤਾ ਹੈ। ਇਸ ਫਰਮ ਵਲੋਂ ਪੁਰਾਣੇ ਟਰੱਕਾਂ ਨੂੰ ਖਰੀਦ ਕੇ ਉਨ੍ਹਾਂ ਦੀ ਸਕਰੈਪ ਬਣਾ ਕੇ ਮੰਡੀ ਗੋਬਿੰਦਗੜ੍ਹ ਦੀਆਂ 5 ਫਰਮਾਂ ਨੂੰ ਵੇਚਿਆ ਜਾਂਦਾ ਸੀ ਤੇ ਦਿੱਲੀ ਤੋਂ ਮਾਲ ਦੀ ਬਜਾਇ ਕੇਵਲ ਬੋਗਸ ਬਿੱਲ ਹੀ ਆ ਰਹੇ ਸਨ। ਇਸ ਫਰਮ ਨੇ ਫਰਜੀ ਬਿਲਾਂ ਨਾਲ ਦਿੱਲੀ ਤੋਂ 60 ਕਰੋੜ ਰੁਪਏ ਦੀ ਸਕਰੈਪ ਦੀ ਖਰੀਦ ਕੀਤੀ ਦਿਖਾਈ ਅਤੇ ਅੱਗੇ 10.8 ਕਰੋੜ ਰੁਪਏ ਦੀ ਫਰਜੀ ਟੈਕਸ ਕ੍ਰੈਡਿਟ ਦਿਖਾਈ ਅਤੇ ਅੱਗੇ ਪੰਜਾਬ ਦੇ ਹੋਰ ਡੀਲਰਾਂ ਨੂੰ ਵੀ ਫਰਜ਼ੀ ਕ੍ਰੈਡਿਟ ਜਾਰੀ ਕਰ ਦਿੱਤਾ ਜਾਂਦਾ ਸੀ।

Send this to a friend