April 27, 2026 7:17 pm

ਸਮਰਾਲਾ ਇਲਾਕੇ ‘ਚ ਭਾਰੀ ਮੀਂਹ ਨਾਲ ਲੋਕਾਂ ਦੀ ਜ਼ਿੰਦਗੀ ਥਿਰਕੀ

ਬਿਜਲੀ ਗਰਿੱਡ ‘ਚ ਪਾਣੀ ਭਰਨ ਕਰਕੇ 14 ਘੰਟੇ ਰਹੀ ਬਿਜਲੀ ਸਪਲਾਈ ਠੱਪ

ਸਮਰਾਲਾ, 18 ਅਗਸਤ (ਕਮਲਜੀਤ)- ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਮਰਗੋਂ ਸਤਲੁਜ ਦਰਿਆ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਅਤੇ ਇਸ ਸਮੇਂ ਸਤਲੁਤ ‘ਚ 90 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਸਤਲੁਜ ਦਰਿਆ ‘ਚ 70 ਹਜ਼ਾਰ ਕਿਊਸਿਕ ਪਾਣੀ ਸੰਭਾਲਣ ਦੀ ਸਮਰਥਾ ਹੈ ਅਤੇ ਸ਼ਾਮ ਤੱਕ ਡੈਮ ਤੋਂ ਹੋਰ ਪਾਣੀ ਛੱਡੇ ਜਾਣ ਦੀ ਸੰਭਾਵਨਾ ਦੇ ਚੱਲਦੇ ਇਲਾਕੇ ਦੇ ਲੋਕ ਕਾਫ਼ੀ ਡਰੇ ਹੋਏ ਹਨ। ਪਿਛਲੇ 18 ਘੰਟੇ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨਾਲ ਜਿੱਥੇ ਲੋਕਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਥਿਰਕ ਚੁੱਕੀ ਹੈ, ਉੱਥੇ ਹੁਣ ਸਤਲੁਜ ਕਿਨਾਰੇ ਵਸੇ ਪਿੰਡਾਂ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਵੀ ਬਣਦੀ ਨਜ਼ਰ ਆ ਰਹੀ ਹੈ। ਭਾਰੀ ਮੀਂਹ ਕਾਰਨ ਫ਼ਸਲਾਂ ਦੇ ਵੱਡੇ ਨੁਕਸਾਨ ਦੀਆਂ ਰਿਪੋਰਟਾਂ ਹਨ ਅਤੇ ਕਰੀਬ 3 ਹਜ਼ਾਰ ਏਕੜ ਤੋਂ ਵੱਧ ਫ਼ਸਲਾਂ ਪਾਣੀ ਵਿੱਚ ਡੁੱਬਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਪਿੰਡਾਂ ਦੀਆਂ ਸੜਕਾਂ ਪਾਣੀ ਵਿੱਚ ਰੁੜ ਗਈਆਂ ਹਨ ਅਤੇ ਕਈ ਸੜਕਾਂ ‘ਚ ਪਾੜ ਪੈਣ ਕਾਰਨ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟ ਚੁੱਕਾ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਸਤਲੁਜ ਕਿਨਾਰੇ ਵੱਸਦੇ ਪਿੰਡਾਂ ਵਿੱਚ ਅਨਾਊਂਸਮੈਂਟ ਕਰਵਾ ਦਿੱਤੀ ਗਈ ਹੈ ਕਿ ਉਹ ਆਪਣਾ ਸਮਾਨ ਅਤੇ ਪਸ਼ੂ ਸੰਭਾਲ ਲੈਣ ਅਤੇ ਜੇਕਰ ਧੂਸੀ ਬੰਨ੍ਹ ਵਿੱਚ ਪਾੜ ਪੈਣ ਨੌਬਤ ਆਉਂਦੀ ਹੈ ਤਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਤੁਰੰਤ ਰਾਹਤ ਕੈਂਪਾਂ ਵਿੱਚ ਤਬਦੀਲ ਕੀਤਾ ਜਾਵੇਗਾ। ਐੱਸ.ਡੀ.ਐੱਮ. ਸਮਰਾਲਾ ਗੀਤਿਕਾ ਸਿੰਘ ਅੱਜ ਸਵੇਰ ਤੋਂ ਹੀ ਸਤਲੁਜ ਦਰਿਆ ਕਿਨਾਰੇ ਦੇ ਪਿੰਡਾਂ ਦਾ ਦੌਰਾ ਕਰ ਰਹੇ ਹਨ। ਪ੍ਰਸ਼ਾਸਨ ਵੱਲੋਂ ਅਤਿ ਨਾਜ਼ੁਕ ਥਾਵਾਂ ਧੂਲੇਵਾਲ ਤੇ ਸੈਂਸੋਵਾਲ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਭਾਰੀ ਮੀਂਹ ਦੇ ਚੱਲਦਿਆਂ ਬਿਜਲੀ ਗਰਿੱਡ ਘੁੰਗਰਾਲੀ ਸਿੱਖਾਂ ਵਿੱਚ ਪਾਣੀ ਭਰ ਜਾਣ ‘ਤੇ ਇਲਾਕੇ ਦੀ ਬਿਜਲੀ 14 ਘੰਟੇ ਤੋਂ ਵੀ ਵੱਧ ਪ੍ਰਭਾਵਿਤ ਰਹੀ। ਇਸ ਤੋਂ ਇਲਾਵਾ ਸਮਰਾਲਾ ਦੀ ਇੱਕ ਝੁੱਗੀ-ਝੋਪੜ ਬਸਤੀ ਦੇ ਪਾਣੀ
ਵਿੱਚ ਡੁੱਬ ਜਾਣ ਮਰਗੋਂ ਇੱਥ ਝੋਪੜੀ ‘ਚ ਫ਼ਸੀ ਮਾਂ-ਬੇਟੀ ਨੂੰ ਸਲਾਮਤ ਬਾਹਰ ਕੱਢ ਕੇ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਗਿਆ ਹੈ। ਇਲਾਕੇ ਦੀਆਂ ਕਈ ਹੋਰ ਝੁੱਗੀ-ਝੋਪੜੀ ਬਸਤੀਆਂ ਪਾਣੀ ਵਿੱਚ ਡੁੱਬਣ ਨਾਲ ਗਰੀਬ ਮਜ਼ਦੂਰਾਂ ਦਾ ਸਾਰਾ ਸਮਾਨ ਤਹਿਸ-ਨਹਿਸ ਹੋ ਚੁੱਕਾ ਹੈ। ਦੇਰ ਰਾਤ ਦੇ ਭਾਰੀ ਮੀਂਹ ਮਗਰੋਂ ਇਲਾਕੇ ਦੀਆਂ ਕਈ ਸੜਕਾਂ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ ਅਤੇ ਲੋਕਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਆਪਣੀ ਮੰਜ਼ਿਲ ‘ਤੇ ਪਹੁੰਚਣਾ ਪੈ ਰਿਹਾ ਹੈ। ਪਿੰਡ ਭੌਰਲਾ ਵਿੱਚ ਰਾਤ ਭਰ ਦੇ ਮੀਂਹ ਮਗਰੋਂ ਕਈ-ਕਈ ਫੁੱਟ ਪਾਣੀ ਭਰ ਜਾਣ ‘ਤੇ ਪ੍ਰਸ਼ਾਸਨ ਵੱਲੋਂ ਕੋਈ ਰਾਹਤ ਨਾ ਪਹੁੰਚਾਏ ਜਾਣ ਦਾ ਗੁੱਸਾ ਇਨ੍ਹਾਂ ਪਿੰਡ ਵਾਸੀਆਂ ਵੱਲੋਂ ਬੀਜਾ ਸੜਕ ਜਾਮ ਕਰਕੇ ਕੱਢਿਆ ਗਿਆ। ਅੱਜ ਦੂਜੇ ਦਿਨ ਵੀ ਸਮਰਾਲਾ ਇਲਾਕੇ ‘ਚ ਮੀਂਹ ਦਾ ਪ੍ਰਕੋਪ ਜਾਰੀ ਰਹਿਣ ‘ਤੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ ਅਤੇ ਇਲਾਕੇ ਦੇ ਦਰਜਨਾਂ ਕੱਚੇ ਘਰਾਂ ਦੀਆਂ ਛੱਤਾਂ ਚੋਣ ਦੀਆਂ ਸੂਚਨਾਵਾਂ ਹਨ। ਇਸ ਤੋਂ ਇਲਾਵਾ ਲਗਾਤਾਰ 2 ਦਿਨ ਦੇ ਮੀਂਹ ਕਾਰਨ ਪਸ਼ੂਆਂ ਲਈ ਹਰੇ ਚਾਰੇ ਦੀ ਘਾਟ ਪੈਦਾ ਹੋ ਗਈ ਹੈ। ਸਮਰਾਲਾ ਸ਼ਹਿਰ ਦੇ ਕਈ ਨੀਵੇਂ ਇਲਾਕੇ ਅੱਜ ਦੂਜੇ ਦਿਨ ਵੀ ਭਾਰੀ ਮੀਂਹ ਕਾਰਨ ਪਾਣੀ ਵਿੱਚ ਡੁੱਬੇ ਰਹੇ। ਚੰਡੀਗੜ੍ਹ-ਲੁਧਿਆਣਾ ਨੈਸ਼ਨਲ ਹਾਈਵੇ ‘ਤੇ ਜਮ੍ਹਾ ਹੋਇਆ ਬਰਸਾਤ ਦਾ ਪਾਣੀ ਕਈ ਦੁਕਾਨਾਂ ਵਿੱਚ ਚਲਾ ਜਾਣ ਕਾਰਨ ਮਾਲੀ ਨੁਕਸਾਨ ਦੀਆਂ ਖ਼ਬਰਾਂ ਹਨ।

Send this to a friend