ਖਰੜ, 11 ਅਗਸਤ (ਹਰਵਿੰਦਰ ਮਹਿਰਾ)- ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਨਨਕਾਣਾ ਸਾਹਿਬ ਤੋਂ ਚੱਲੇ ਕੌਮਾਂਤਰੀ ਨਗਰ ਕੀਰਤਨ ਜਿਵੇਂ ਹੀ ਸ਼ਹਿਰ ਦੀ ਹਦੂਦ ਅੰਦਰ ਦਾਖ਼ਲ ਹੋਇਆ ਤਾਂ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਭਰਵਾਂ ਸੁਆਗਤ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਜਿਵੇਂ ਕਿ ਕੁਰਾਲੀ ਰੋਡ, ਖਾਨਪੁਰ ਰੋਡ,ਚੰਡੀਗੜ੍ਹ ਰੋਡ, ਲਾਂਡਰਾਂ ਰੋਡ ‘ਤੇ ਪਿਛਲੇ ਕਈਂ ਘੰਟਿਆਂ ਤੱਕ ਸੰਗਤਾਂ ਗੁਰੂ ਸਾਹਿਬ ਦੀਆਂ ਅਦੁੱਤੀ ਅਤੇ ਪਾਵਨ ਛੋਹਾਂ ਦੇ ਦਰਸ਼ਨ ਕਰਨ ਲਈ ਇੰਤਜ਼ਾਰ ਕਰ ਰਹੀਆਂ ਸਨ ਅਤੇ ਥਾਂ ਥਾਂ ‘ਤੇ ਸੰਗਤਾਂ ਦੇ ਠਹਿਰਾਅ ਅਤੇ ਲੰਗਰ ਦਾ ਪ੍ਰਸ਼ਾਸ਼ਨ ਅਤੇ ਸਮਾਜ ਸੇਵੀਆਂ ਵੱਲੋਂ ਖ਼ਾਸ ਪ੍ਰਬੰਧ ਕੀਤੇ ਗਏ ਸਨ। ਆਖਿਰ ਸ਼ਨੀਵਾਰ ਰਾਤ ਲੱਗਭੱਗ 2 ਵਜੇ ਨਜ਼ਦੀਕੀ ਪਿੰਡ ਖ਼ਾਨਪੁਰ ਵਿੱਚ ਨਗਰ ਕੀਰਤਨ ਦਾ ਆਗਮਨ ਹੋਇਆ ਅਤੇ ਸੰਗਤਾਂ ਦੇ ਇੰਤਜ਼ਾਰ ਨੂੰ ਬੂਰ ਪੈ ਗਿਆ ਅਤੇ ਸੰਗਤਾਂ ਵੱਲੋਂ ਫੁੱਲਾਂ ਦੀ ਬਰਖਾ ਕਰਕੇ ਸੁਆਗਤ ਕੀਤਾ ਗਿਆ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ ਤੋਂ ਇਲਾਵਾ ਹੋਰ ਸ਼ਸ਼ਤਰ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੋਈਆਂ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅੰਜੂ ਚੰਦਰ, ਸ਼੍ਰੋਮਣੀ ਅਕਾਲੀ ਦਲ ਹਲਕਾ ਖਰੜ ਦੇ ਮੁੱਖ ਸੇਵਾਦਾਰ ਰਾਣਾ ਰਣਜੀਤ ਸਿੰਘ ਗਿੱਲ, ਅਜਮੇਰ ਸਿੰਘ ਖੇੜਾ, ਸੋਹਣ ਸਿੰਘ ਛੱਜੂਮਾਜਰਾ, ਅਮਰਜੀਤ ਸਿੰਘ ਮਿੰਟਾ, ਚਰਨਜੀਤ ਸਿੰਘ ਕਾਲੇਵਾਲ, ਮਨਮੋਹਨ ਸਿੰਘ ਛੱਜੂਮਾਜਰਾ, ਕਰਨੈਲ ਸਿੰਘ ਕੈਲੀ,ਸੁਰਮੁੱਖ ਸਿੰਘ, ਨਰਿੰਦਰ ਸਿੰਘ ਰਾਣਾ, ਮਾਨ ਸਿੰਘ ਸੈਣੀ, ਹਰਪ੍ਰੀਤ ਗੁਜਰਾਲ, ਹਰਿੰਦਰਪਾਲ ਸਿੰਘ, ਰਾਜਪਾਲ ਰਾਜੂ, ਜਸਪਾਲ ਬੱਸੀ, ਦਵਿੰਦਰ ਸਿੰਘ ਬਰਮੀਂ, ਰਣਧੀਰ ਸਿੰਘ ਧੀਰਾ, ਭੁਪਿੰਦਰ ਸਿੰਘ ਕਾਲਾ, ਜਗਜੀਤ ਸਿੰਘ ਮੌਜੂਦ ਸਨ। ਇਸ ਤੋਂ ਇਲਾਵਾ ਦਸਮੇਸ਼ ਨਗਰ, ਗੁਰੂ ਤੇਗ ਬਹਾਦੁਰ, ਸ਼ਿਵਾਲਿਕ ਸਿਟੀ, ਗਿਲਕੋ, ਖੂਨੀ ਮਾਜਰਾ ਅਤੇ ਸੰਤੇ ਮਾਜਰਾ ਆਦਿ ਤੋਂ ਇਲਾਵਾ ਹੋਰਨਾਂ ਥਾਵਾਂ ਤੋਂ ਪੁੱਜੀਆਂ ਹਜਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਕੀਰਤਨ ਦੇ ਸੁਆਗਤ ਅੰਦਰ ਆਪਣੀ ਹਾਜਿਰੀ ਭਰੀ, ਗੁਰਦਵਾਰਾ ਅਕਾਲੀ ਦਫਤਰ, ਗੁ. ਸ਼੍ਰੀ ਗੁਰੂ ਰਵਿਦਾਸ ਭਗਤ ਜੀ ਤੋਂ ਇਲਾਵਾ ਹੋਰਨਾਂ ਧਾਰਮਿਕ, ਸਮਾਜਿਕ ਸੰਸਥਾਵਾਂ ਸਮੇਤ ਨਿੱਜੀ ਤੌਰ ਉਤੇ ਵੀ ਲੋਕਾਂ ਵਲੋਂ ਨਗਰ ਕੀਰਤਨ ਦੇ ਸੁਆਗਤ ਲਈ ਵੱਡੀ ਪੱਧਰ ਉਤੇ ਪ੍ਰਬੰਧ ਕੀਤੇ ਗਏ ਸਨ। ਇਥੇ ਕੁਝ ਚਿਰ ਆਰਾਮ ਮਗਰੋਂ ਅਰਦਾਸ ਉਪਰੰਤ ਇਹ ਨਗਰ ਕੀਰਤਨ ਗੁਰਦਵਾਰਾ ਸਾਹਿਬ ਪਿੰਡ ਸੰਤੇ ਮਾਜਰਾ ਤੋਂ ਸਵੇਰੇ ਸਾਢੇ 6 ਵਜੇ ਆਪਣੇ ਅਗਲੇ ਪੜ੍ਹਾਅ ਲਈ ਰਵਾਨਾ ਹੋ ਗਿਆ।