ਸੁਨੀਲ ਕਟਾਰੀਆ
98768 53253
ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੇ ਨਾਮ ਤੋਂ ਹਰ ਸਿਨੇਮਾ ਪ੍ਰੇਮੀ ਵਾਕਿਫ਼ ਹੈ। ਹਾਲ ਹੀ ’ਚ ਰਾਜਧਾਨੀ ਦਿੱਲੀ ’ਚ ਹੋਏ ਮੁਲਕ ਦੇ 61ਵੇਂ ਨੈਸ਼ਨਲ ਫ਼ਿਲਮ ਅਵਾਰਡ ’ਚ ਉਹਨਾਂ ਦੀ ਬਿਹਤਰੀਨ ਫ਼ਿਲਮ ‘‘ਭਾਗ ਮਿਲਖਾ ਭਾਗ’’ ਨੂੰ ‘‘ਬੇਸਟ ਪਾਪੂਲਰ ਫ਼ਿਲਮ’’ ਦਾ ਅਵਾਰਡ ਹਾਸਿਲ ਹੋਇਆ ਹੈ। ਇਹ ਲਗਾਤਾਰ ਤੀਸਰੀ ਵਾਰ ਹੈ ਕਿ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੇ ਕੰਮ ਨੂੰ ਨੈਸ਼ਨਲ ਅਵਾਰਡ ਹਾਸਿਲ ਹੋਇਆ ਹੈ। ਰਾਕੇਸ਼ ਨੈਸ਼ਨਲ ਅਵਾਰਡ ਨੂੰ ਅਵਾਰਡ ਨਾ ਮੰਨਦੇ ਹੋਏ ਸਨਮਾਨ ਸਮਝਦੇ ਹਨ। ਅਕਸ, ਰੰਗ ਦੇ ਬਸੰਤੀ, ਦਿੱਲੀ 6 ਤੇ ਭਾਗ ਮਿਲਖਾ ਭਾਗ ਵਰਗੀਆਂ ਨਿਵੇਕਲੀ ਕਿਸਮ ਦੀਆਂ ਫ਼ਿਲਮਾਂ ਹਿੰਦੁਸਤਾਨ ਦੇ ਸਿਨੇਮਾ ਨੂੰ ਦੇਣ ਵਾਲੇ ਰਾਕੇਸ਼ ਹੁਣ ਮਕਬੂਲ ਲੋਕ ਗਾਥਾ ‘‘ਮਿਰਜ਼ਾ-ਸਾਹਿਬਾਂ’’ ’ਤੇ ਫ਼ਿਲਮ ਬਨਾਉਣ ਜਾ ਰਹੇ ਹਨ। ਆਪਣੇ ਕਾਲਜ ਦੇ ਦਿਨਾਂ ’ਚ ਹੀ ਮਿਰਜ਼ਾ-ਸਾਹਿਬਾਂ ਦੀ ਕਹਾਣੀ ਪੜਣ ਵਾਲੇ ਰਾਕੇਸ਼ ਦੇ ਨਾਲ ਉਦੋਂ ਤੋਂ ਹੀ ਇਹ ਮਿਰਜ਼ਾ ਸਾਹਿਬਾਂ ਦਾ ਕਿੱਸਾ ਤੁਰਦਾ ਆ ਰਿਹਾ ਹੈ ਹੈ।
ਪਿਛਲੇ 3 ਸਾਲਾਂ ਤੋਂ ਇਸ ਉੱਤੇ ਸਕਰੀਪਟ ਵੀ ਰਾਕੇਸ਼ ਦੇ ਕੋਲ ਹੀ ਹੈ ਅਤੇ ਹੁਣ ਉਹਨਾਂ ਸੋਚਿਆ ਕਿ ਕਿਓ ਨਾ ਇਸ ਲੋਕ ਗਾਥਾ ਨੂੰ ਸਿਨੇਮਾ ਦੇ ਮਾਧਿਅਮ ਰਾਹੀਂ ਦਰਸ਼ਕਾਂ ਦੇ ਰੂ ਬ ਰੂ ਕੀਤਾ ਜਾਵੇ। ਅੱਜ ਦੇ ਦੌਰ ’ਚ ਰਾਕੇਸ਼ ਮਹਿਰਾ ‘‘ਮਿਰਜ਼ਾ-ਸਾਹਿਬਾਂ’’ ਦੀ ਲੋਕ ਗਾਥਾ ਨੂੰ ਅੱਜ ਦੇ ਸਮੇਂ ਦੇ ਹਿਸਾਬ ਨਾਲ ਹੀ ਪੇਸ਼ ਕਰਣਗੇ, ਜਿਸ ਵਿਚ ਡਰਾਮਾ ਤੇ ਰੋਮਾਂਸ ਹੋਵੇਗਾ। ਇਹ ਪਹਿਲੀ ਵਾਰ ਹੈ ਕਿ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਕਿਸੇ ਫ਼ਿਲਮ ਵਿਚ ਸੰਪੂਰਨ ਤੌਰ ’ਤੇ ਰੋਮਾਂਸ ’ਤੇ ਕੰਮ ਕਰ ਰਹੇ ਹਨ। ਮਿਰਜ਼ਾ-ਸਾਹਿਬਾ ਫ਼ਿਲਮ ਲਈ ਮੁੱਖ ਕਿਰਦਾਰਾਂ ’ਚ ਅਨਿਲ ਕਪੂਰ ਦੇ ਪੁੱਤਰ ਹਰਸ਼ਵਰਧਨ ਕਪੂਰ ਵੀ ਪਹਿਲੀ ਵਾਰ ਪਰਦੇ ’ਤੇ ਦਸਤਕ ਦੇਣ ਜਾ ਰਹੇ ਹਨ। ਜਿਸ ਲਈ ਬਕਾਇਦਾ ਆਡੀਸ਼ਨ ਲਿਆ ਗਿਆ ਹੈ। ਫ਼ੀਮੇਲ ਲੀਡ ਦੇ ਵਿਚ ਸਾਇਮੀ ਖੇਰ ਨਜ਼ਰ ਆਏਗੀ। ਇਸ ਲੋਕ ਗਾਥਾ ਨੂੰ ਰਾਕੇਸ਼ ਇੱਕ ਸੰਗੀਤਕ ਮਾਸਟਰ ਪੀਸ ਦੇ ਤੌਰ ’ਤੇ ਵੀ ਪੇਸ਼ ਕਰਨਾ ਚਾਹੁੰਦੇ ਹਨ। ਉਹਨਾਂ ਮੁਤਾਬਿਕ ਜਦੋਂ ਕਿਸੇ ਲੋਕਗਾਥਾ ਦੀ ਗੱਲ ਹੁੰਦੀ ਹੈ ਤਾਂ ਆਪਣੇ ਆਪ ’ਚ ਹੀ ਲੋਕ ਸੰਗੀਤ ਦੀ ਵੀ ਗੱਲ ਹੁੰਦੀ ਹੈ। ਜਿੱਥੇ ਰਾਕੇਸ਼ ਪਹਿਲੀ ਵਾਰ ਰੋਮਾਂਸ ਨੂੰ ਲੈ ਕੇ ਫ਼ਿਲਮ ਬਣਾ ਰਹੇ ਹਨ ਉਧਰ ਇਹ ਵੀ ਪਹਿਲੀ ਵਾਰ ਹੈ ਕਿ ਉਹ ਗੀਤਕਾਰ ਗੁਲਜ਼ਾਰ ਹੋਰਾਂ ਨਾਲ ਵੀ ਪਹਿਲੀ ਵਾਰ ਕੰਮ ਕਰ ਰਹੇ ਹਨ। ਰਾਕੇਸ਼ ਮੁਤਾਬਿਕ ਉਹਨਾਂ ਲਈ ਗੁਲਜ਼ਾਰ ਸਭ ਤੋਂ ਪਹਿਲਾਂ ਇੱਕ ਲੇਖਕ ਹਨ ਤੇ ਫਿਰ ਇੱਕ ਕਵੀ, ਪਰ ਗੀਤਕਾਰ ਦਾ ਤਾਂ ਉਹਨਾਂ ’ਤੇ ਸਿਰਫ਼ ਲੇਬਲ ਹੀ ਲੱਗਾ ਹੈ। ਇਸ ਵੇਲੇ ਫ਼ਿਲਮ ਨੂੰ ਲੈ ਕੇ ਪ੍ਰੀ-ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਜਲਦੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ। ਫ਼ਿਲਮ ਨੂੰ ਅਗਲੇ ਵਰੇ 2015 ’ਚ ਰੀਲੀਜ਼ ਕੀਤਾ ਜਾਵੇਗਾ।
‘‘ਪੀਲੂ ਰਚਿਤ ਕਿੱਸਾ ਹੈ ਨਿਵੇਕਲਾ’’
ਮਿਰਜ਼ਾ ਸਾਹਿਬਾਂ ਪੰਜਾਬ ਦੀਆਂ ਚਾਰ ਮਕਬੂਲ ਪ੍ਰੀਤ ਕਹਾਣੀਆਂ ਚੋਂ ਇੱਕ ਹੈ। ਇਸਦੇ ਅਲਾਵਾ ਹੀਰ ਰਾਂਝਾ, ਸੱਸੀ ਪੁਨੂੰ ਅਤੇ ਸੋਹਣੀ ਮਹੀਵਾਲ ਪ੍ਰੀਤ ਕਹਾਣੀਆਂ ਵੀ ਹਨ। ਮਿਰਜ਼ਾ ਸਾਹਿਬਾਂ ਦੀ ਕਹਾਣੀ ਤੇ ਕਈ ਕਿੱਸੇ ਤੇ ਪ੍ਰਸੰਗ ਲਿਖੇ ਜਾ ਚੁੱਕੇ ਹਨ, ਪਰ ਸਭ ਤੋਂ ਮਕਬੂਲ ਕਿੱਸਾ ਪੀਲੂ ਦਾ ਹੀ ਹੋਇਆ ਹੈ। ਪੀਲੂ ਰਚਿਤ ਕਿੱਸਾ ‘‘ਮਿਰਜ਼ਾ ਸਾਹਿਬਾਂ’’ ਪੰਜਾਬੀ ਕਿੱਸਾਕਾਰੀ ਦੀ ਨਿਵੇਕਲੀ ਰਚਨਾ ਹੈ। ਮਿਰਜ਼ਾ ਤੇ ਸਾਹਿਬਾਂ ਦੇ ਇਸ਼ਕ ਦੀ ਕਹਾਈ ਹੈ ਕਿੱਸਾ ਮਿਰਜ਼ਾ ਸਾਹਿਬਾਂ।