ਮਾਨਸਾ, 10 ਮਈ (ਭੂਪਿੰਦਰ ਸਿੰਘ, ਜੀਵਨ ਭੈਣੀਬਾਘਾ)-ਮਾਨਸਾ ਜਿਲ੍ਹੇ ਦੇ ਪਿੰਡ ਹਸਨਪੁਰ ਵਿਚ ਕਰਜੇ ਦੇ ਸਤਾਏ ਦੋ ਸਕੇ ਭਰਾਵਾਂ ਨੇ ਕੀਟਨ੍ਹਾਕ ਦਵਾਈ ਪੀ ਲਈ, ਜਿਸ ਨਾਲ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਮਾਨਸਾ ਦੇ ਪ੍ਰਾਈਵੇਟ ਹਸਪਤਾਲ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਮੌਤ ਦੇ ਮੂੰਹ ਜਾ ਪਏ ਕਿਸਾਨ ਪਰਿਵਾਰ ਨਾਲ ਦੁੱਖ ਵੰਡਾਉਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਬਲਾਕ ਆਗੂ ਇਕਬਾਲ ਸਿੰਘ ਫਫੜੇ ਨੇ ਦੱਸਿਆ ਕਿ ਰਾਜ ਸਿੰਘ ਤੇ ਜਗਤਾਰ ਸਿੰਘ ਦੋ ਸਕੇ ਭਰਾ ਸਨ। ਇਨ੍ਹਾਂ ਦੇ ਪਿਤਾ ਲਾਲ ਸਿੰਘ ਨੇ ਵੀ ਕਰਜ਼ਾ ਲਾਉਣ ਲਈ ਆਪਣੇ ਹਿੱਸੇ ਦੀ ਢਾਈ ਏਕੜ ਜ਼ਮੀਨ ਵੇਚ ਦਿੱਤੀ ਸੀ। 2001 ਵਿਚ ਕਰਜੇਂ ਕਾਰਨ ਲਾਲ ਸਿੰਘ ਵੀ ਖੁਦਕੁਸ਼ੀ ਕਰ ਗਿਆ ਸੀ।
ਪੁੱਤਰਾਂ ਵੱਲੋਂ ਵੀ ਕਰਜ਼ੇ ਦੀ ਪੰਡ ਹੌਲੀ ਕਰਨ ਲਈ ਆਪਣੀ ਹੋਰ ਜ਼ਮੀਨ ਵੇਚ ਦਿੱਤੀ। ਹੁਣ ਸਿਰਫ ਦੋ ਏਕੜ ਜ਼ਮੀਨ ਹੀ ਬਚੀ ਹੈ।
ਦੋਵੇਂ ਭਰਾਵਾਂ ਸਿਰ ਆੜਤੀਆਂ ਦਾ ਡੇਢ ਲੱਖ ਅਤੇ ਲੈਡ ਮਾਰਗੇਜ ਬੈਂਕ ਦਾ ਤਿੰਨ ਲੱਖ ਰੁਪਏ ਕਰਜ਼ਾ ਹੈ ਜਿਸ ਵਿਚੋਂ ਦੋਵੇਂ ਭਰਾਵਾਂ ਵੱਲੋਂ ਟਰੈਕਟਰ ਅਤੇ ਹੋਰ ਸੰਦ ਸੰਦੇੜਾ ਵੇਚ ਕੇ ਬੁਢਲਾਡਾ ਮੰਡੀ ਦੇ ਇੱਕ ਆੜਤੀਏ ਦਾ ਕਰਜ਼ਾ ਤਾਂ ਭਾਵੇ ਮੋੜ ਦਿੱਤਾ ਸੀ। ਰਾਜ ਸਿੰਘ ਵਿਆਹਿਆ ਹੋਇਆ ਹੈ ਉਸਦੇ ਇੱਕ 6 ਸਾਲ ਦਾ ਬੇਟਾ ਹੈ ਜਦੋਂ ਕਿ ਜਗਤਾਰ ਸਿੰਘ ਕੁਆਰਾ ਹੈ।
ਕਿਸਾਨ ਆਗੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜਾ ਤੁਰੰਤ ਖਤਮ ਕੀਤਾ ਜਾਵੇ ਅਤੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜਾ ਤੁਰੰਤ ਦਿੱਤਾ ਜਾਵੇ।