ਮਾਨਸਾ, 10 ਮਈ (ਭੂਪਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਮਾਨਸਾ ਨੇੜੇ 2 ਸੜਕ ਹਾਦਸੇ ‘ਚ ਅਧਿਆਪਕ ਜੋੜੇ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮੌੜ ਮੰਡੀ (ਬਠਿੰਡਾ) ਵਾਸੀ ਅਧਿਆਪਕ ਭੂਸ਼ਣ ਕੁਮਾਰ (28) ਪੁੱਤਰ ਭੀਮ ਸੈਨ ਤੇ ਉਸ ਦੀ ਪਤਨੀ ਅਧਿਆਪਕਾ ਊਸ਼ਾ ਰਾਣੀ (26) ਦੇ ਮੋਟਰਸਾਈਕਲ ਦੀ ਪਿੰਡ ਭਾਈ ਦੇਸਾ ਨਜ਼ਦੀਕ ਇਕ ਸਵਿਫ਼ਟ ਕਾਰ ਨਾਲ ਟੱਕਰ ਹੋ ਗਈ। ਭੂਸ਼ਣ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਹਸਪਤਾਲ ਮਾਨਸਾ ਪਹੁੰਚਣ ਤੋਂ ਪਹਿਲਾਂ ਹੀ ਰਸਤੇ ’ਚ ਦਮ ਤੋੜ ਗਈ। ਇਸੇ ਤਰ੍ਹਾਂ ਪਿੰਡ ਮਾਨਸਾ ਖੁਰਦ ਕੋਲ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਚਾਲਕ ਅਮਰ ਸਿੰਘ (40) ਪੁੱਤਰ ਬਿੱਕਰ ਸਿੰਘ ਵਾਸੀ ਚਾਉਕੇ (ਬਠਿੰਡਾ) ਤੇ ਉਸ ਦਾ ਫ਼ੌਜੀ ਸਾਥੀ ਗੰਭੀਰ ਰੂਪ
’ਚ ਜ਼ਖਮੀ ਹੋ ਗਏ, ਨੂੰ ਸਿਵਲ ਹਸਪਤਾਲ ‘ਚ ਮੁੱਢਲੀ ਸਹਾਇਤਾ ਦੇਣ ਉਪਰੰਤ ਬਠਿੰਡਾ ਭੇਜ ਦਿੱਤਾ ਗਿਆ। ਅਮਰ ਸਿੰਘ ਦੀ ਰਸਤੇ ’ਚ ਮੌਤ ਹੋ ਗਈ ਜਦਕਿ ਉਸ ਦੇ ਸਾਥੀ ਨੂੰ ਆਰਮੀ ਹਸਪਤਾਲ ਬਠਿੰਡਾ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।