ਨਵੀਂ ਦਿੱਲੀ, 10 ਮਈ (ਪੀ.ਟੀ.)-ਵਾਰਾਨਸੀ ’ਚ ਹੋ ਰਹੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਦੇ ਰੋਡ ਸ਼ੋਅ ਨੂੰ ਲੈ ਕੇ ਭਾਜਪਾ ਹਮਲਾਵਰ ਹੋ ਗਈ ਹੈ। ਭਾਜਪਾ ਦਾ ਕਹਿਣਾ ਹੈ ਕਿ ਰਾਹੁਲ ਨੂੰ ਰੋਡ ਸ਼ੋਅ ਕਰਨ ਦੀ ਇਜਾਜ਼ਤ ਉਸੇ ਇਲਾਕੇ ’ਚ ਦਿੱਤੀ ਗਈ ਹੈ, ਜਿੱਥੇ ਮੋਦੀ ਨੂੰ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਭਾਜਪਾ ਨੇਤਾ ਅਰੁਣ ਜੇਤਲੀ ਨੇ ਕਿਹਾ ਕਿ ਅੱਜ ਰਾਹੁਲ ਦਾ ਰੋਡ ਸ਼ੋਅ ਉਸ ਇਲਾਕੇ ’ਚ ਚੱਲ ਰਿਹਾ ਹੈ ਜਿਸ ਇਲਾਕੇ ਤੋਂ ਸਾਨੂੰ ਰੈਲੀ ਨਹੀਂ ਕਰਨ ਦਿੱਤੀ ਗਈ ਸੀ। ਚੋਣ ਕਮਿਸ਼ਨ ਨੇ ਜੋ ਸੁਰੱਖਿਆ ਦਾ ਕਾਰਨ ਦਿੱਤਾ ਸੀ ਉਹ ਲੱਗਦਾ ਹੈ ਸਿਰਫ ਭਾਜਪਾ ’ਤੇ ਲਾਗੂ ਹੁੰਦਾ ਹੈ, ਬਾਕੀ ਦੋ ਦਲਾਂ ’ਤੇ ਨਹੀਂ ਹੁੰਦਾ ਹੈ? ਰਾਹੁਲ ਗਾਂਧੀ ਨੂੰ ਉਥੇ ਰੋਡ ਸ਼ੋਅ ਦੀ ਇਜਾਜ਼ਤ ਕਿਵੇਂ ਦੇ ਦਿੱਤੀ ਗਈ। ਜੇਤਲੀ ਨੇ ਕਿਹਾ ਕਿ ਇਹ ਧੱਬਾ ਚੋਣ ਪ੍ਰਕਿਰਆ ’ਤੇ ਹਮੇਸ਼ਾ ਰਹੇਗਾ ਕਿ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਅਹੁੱਦੇ ਦੇ ਉਮੀਦਵਾਰ ਨੂੰ ਆਪਣੇ ਖੇਤਰ ’ਚ ਰੈਲੀ ਨਹੀਂ ਕਰਨ ਦਿੱਤੀ
। ਉਥੇ ਹੀ ਭਾਜਪਾ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਰਾਹੁਲ ਦੇ ਰੋਡ ਸ਼ੋਅ ਨੂੰ ਫੇਅਰਵੈਲ ਸ਼ੋਅ ਕਰਾਰ ਦਿੱਤਾ। ਨਕਵੀ ਨੇ ਕਿਹਾ ਕਿ ਵਾਰਾਨਸੀ ’ਚ ਅੱਜ ਰਾਹੁਲ ਦਾ ਰੋਡ ਸ਼ੋਅ ਨਹੀਂ, ਕਾਂਗਰਸ ਦਾ ਫੇਅਰਵੈਲ ਸ਼ੋਅ ਹੈ। ਜਿਕਰਯੋਗ ਹੈ ਕਿ ਚੋਣ ਕਮਿਸ਼ਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾ ਦਾ ਹਵਾਲਾ ਦਿੰਦੇ ਹੋਏ ਕਾਸ਼ੀ ਦੇ ਬੇਨਿਆਬਾਗ ’ਚ ਨਰਿੰਦਰ ਮੋਦੀ ਦੀ ਰੈਲੀ ’ਤੇ ਰੋਕ ਲਗਾ ਦਿੱਤੀ ਸੀ। ਭਾਜਪਾ ਨੇ ਇਸਦੇ ਖਿਲਾਫ ਕਾਸ਼ੀ ’ਚ ਵਿਰੋਧ ਪ੍ਰਦਰਸ਼ਨ ਕੀਤਾ ਸੀ।