ਸ੍ਰੀ ਗੋਇੰਦਵਾਲ ਸਾਹਿਬ, 5 ਅਗਸਤ (ਰਣਜੀਤ ਦਿਓਲ)- ਬੀਤੇ ਦਿਨੀ ਪਿੰਡ ਫੇਲੋਕੇ ਵਿਖੇ ਇਕ ਔਰਤ ਵੱਲੋਂ ਆਪਣੇ ਪ੍ਰੇਮੀ ਨਾਲ ਮਿਲਕੇ ਆਪਣੇ ਲੜਕੇ ਦਾ ਕਤਲ ਕਰਵਾ ਦਿੱਤਾ ਸੀ ਅਤੇ ਆਪਣੇ ਪਤੀ ਨੂੰ ਵੀ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਵਾਰਦਾਤ ਦੇ ਦੋਵਾਂ ਦੋਸ਼ੀਆਂ ਪ੍ਰੇਮੀ ਪ੍ਰੇਮਿਕਾ ਵਿਚੋਂ ਪ੍ਰੇਮੀ ਸੋਹਣ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਗੋਇੰਦਵਾਲ ਸਾਹਿਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਿਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਸ ਐਚ ਓ ਗੋਇੰਦਵਾਲ ਸਾਹਿਬ ਬਲਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸੋਹਣ ਸਿੰਘ ਆਪਣੀ ਭੈਣ ਦੀ ਪਿੰਡ ਫੈਲੋਕੇ ਵਿਖੇ ਰਹਿ ਰਿਹਾ ਸੀ ਜਿਥੇ ਉਸ ਦੇ ਬਲਬੀਰ ਕੌਰ ਪਤਨੀ ਮੰਗਲ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ ਤੇ ਇਹਨਾਂ ਦੋਹਾਂ ਨੇ ਰਲ ਕੇ ਬਲਬੀਰ ਕੌਰ ਦੇ ਲੜਕੇ ਪ੍ਰਦੀਪ ਸਿੰਘ ਦਾ ਕਤਲ ਕਰ ਦਿੱਤਾ ਜਦਕਿ ਉਸਦੇ ਪਤੀ ਮੰਗਲ ਸਿੰਘ ਨੂੰ ਵੀ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਜੋ ਕਿ ਬਚ ਗਿਆ ਅਤੇ ਹਸਪਤਾਲ ਵਿਚ ਜੇਰੇ ਇਲਾਜ ਹੈ । ਉਨ੍ਹਾਂ ਦੱਸਿਆ ਕਿ ਸੋਹਣ ਸਿੰਘ ਨੂੰ ਪ੍ਰਦੀਪ ਸਿੰਘ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ ਜਦਕਿ ਬਲਬੀਰ ਕੌਰ ਜੋ ਕਿ ਇਸ ਕੇਸ ਵਿਚ ਨਾਮਜਦ ਹੈ ਉਸਦੀ ਗ੍ਰਿਫਤਾਰੀ ਹੋਣੀ ਬਾਕੀ ਹੈ ।