June 20, 2026 1:56 pm

25 ਕਿੱਲੋ ਪੋਸਤ ਸਮੇਤ 2 ਗ੍ਰਿਫ਼ਤਾਰ

ਰਾਮਪੁਰਾ ਫੂਲ, 2 ਅਗਸਤ (ਮਨਪ੍ਰੀਤ ਸਿੰਘ ਗਿੱਲ)- ਅੱਜ ਥਾਣਾ ਰਾਮਪੁਰਾ ਸਿਟੀ ਪੁਲਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦ ਉਨ੍ਹਾਂ ਵਲੋਂ 2 ਵਿਅਕਤੀਆਂ ਨੂੰ ਭਾਰੀ ਮਾਤਰਾ ਵਿਚ ਪੋਸਤ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸਐਚਓ ਹਰਬੰਸ ਸਿੰਘ ਨੇ ਦੱਸਿਆ ਕਿ ਅੱਜ ਸਬ ਇੰਸਪੈਕਟਰ ਗੁਰਪ੍ਰੀਤ ਕੌਰ ਸਮੇਤ ਪੁਲਸ ਪਾਰਟੀ ਲਹਿਰਾ ਧੂਰਕੋਟ ਵੱਲ ਸੂਏ ਦੀ ਪਟੜੀ ਦੇ ਨਾਲ ਨਾਲ ਚੈਕਿੰਗ ਤੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਖੇਤ ਵਿਚ 2 ਵਿਅਕਤੀ ਚਿੱਟੇ ਰੰਗ ਦੇ ਗੱਟੇ ਨਾਲ ਵਿਖਾਈ ਦਿੱਤੇ। ਸ਼ੱਕ ਦੇ ਅਧਾਰ ਤੇ ਜਦ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਗੱਟੇ ਵਿਚੋਂ 25 ਕਿਲੋ ਚੂਰਾ ਪੋਸਤ ਬਰਾਮਦ ਹੋਇਆ। ਉਕਤ ਦੋਸ਼ੀਆਂ ਦੀ ਪਛਾਣ ਰਾਮਾ ਸਿੰਘ ਵਾਸੀ ਚਾਉਕੇ ਅਤੇ ਪਾਲ ਸਿੰਘ
ਵਾਸੀ ਪਿੰਡ ਰਾਮਪੁਰਾ ਵਜੋਂ ਹੋਈ ਜਿਨਾਂ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 15 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਹਰਬੰਸ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਸਿਪਾਹੀ ਅਮਨਦੀਪ ਸਿੰਘ, ਹੌਲਦਾਰ ਦੇਸ਼ਪਾਲ ਸਿੰਘ, ਮਹਿਲਾ ਸਿਪਾਹੀ ਜਸਪ੍ਰੀਤ ਕੌਰ ਅਤੇ ਪੀਐਚਜੀ ਗੁਰਤੇਜ ਸਿੰਘ ਹਾਜ਼ਰ ਸਨ।

Send this to a friend