ਪੰਜਾਬ ਟਾਇਮਜ਼ ਵਿਸ਼ੇਸ਼
ਡਾ. ਕਮਲੇਸ਼ ਸਿੰਘ ਦੁੱਗਲ
ਐਸੋਸੀਏਟ ਡੀਨ,
(ਵਿਦਿਅਕ ਮਾਮਲੇ ਅਤੇ ਵਿਦਿਆਰਥੀ ਭਲਾਈ)
ਗੁਰੂ ਨਾਨਕ ਦੇਵ ਯੂਨੀਵਰਸਿਟੀ,
ਰਿਜ਼ਨਲ ਸੈਂਟਰ, ਜਲੰਧਰ
ਸੰਪਰਕ : 98154-71622
30 ਅਪ੍ਰੈਲ ਨੂੰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਹੋਈਆਂ ਚੋਣਾਂ ਨੇ ਰਾਜ ਦੀਆਂ ਤਿੰਨ ਵੱਡੀਆਂ ਰਾਜਸੀ ਪਾਰਟੀਆਂ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਮੱਥੇ ’ਤੇ ਤ੍ਰੇਲੀਆਂ ਲਿਆ ਕੇ ਰੱਖ ਦਿੱਤੀਆਂ ਹਨ। ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਤੇ ਖਾਸ ਕਰਕੇ ਚੋਣਾਂ ਲੜ ਕੇ ਹਟੇ ਉਮੀਦਵਾਰਾਂ ਦੇ ਸਾਹ ਬੁਰੀ ਤਰ੍ਹਾਂ ਸੂਤੇ ਪਏ ਹਨ ਕਿ, ਕੀ 16 ਮਈ ਦਾ ਦਿਹਾੜਾ ਉਨ੍ਹਾਂ ਲਈ ਸ਼ੁਭ ਹੋਵੇਗਾ ਜਾਂ ਪਰਲੋ ਦੀ ਖ਼ਬਰ ਲੈ ਕੇ ਆਏਗਾ? ਇਨ੍ਹਾਂ ਚੋਣਾਂ ਦੇ ਨਤੀਜੇ ਭਾਵੇਂ ਕੁਝ ਵੀ ਹੋਣ ਪਰ ਇਕ ਗੱਲ ਪੱਕੀ ਹੈ ਕਿ ਇਨ੍ਹਾਂ ਚੋਣਾਂ ਦਾ ਅਸਰ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ‘ਤੇ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਐਤਕਾਂ ਦੀਆਂ ਚੋਣਾਂ ਹੁਣ ਤੱਕ ਹੋਈਆਂ ਚੋਣਾਂ ਤੋਂ ਕਈ ਪੱਖਾਂ ਤੋਂ ਵਿਲੱਖਣ ਹਨ।ਲੋਕ ਸਭਾ ਦੀਆਂ ਇਨ੍ਹਾਂ ਚੋਣਾਂ ਦਾ ਪੰਜਾਬ ਦੀ ਰਾਜਨੀਤੀ ’ਤੇ ਚੋਖਾ ਅਸਰ ਪੈਣ ਦੀ ਸੰਭਾਵਨਾ ਹੈ। ਜੇ ਹੁਣ ਵੀ ਪੰਜਾਬ ਦੀਆਂ ਵੱਡੀਆਂ ਰਾਜਸੀ ਪਾਰਟੀਆਂ ਨੇ ਆਪਣੇ ਕੰਮ ਕਰਨ ਦੇ ਤੌਰ-ਤਰੀਕੇ ਨਾ ਬਦਲੇ ਤਾਂ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਵੋਟਰਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ। ਸਮੇਂ ਦੀ ਲੋੜ ਵੀ ਇਹੀ ਹੈ ਕਿ ਪਾਰਟੀਆਂ ਹੁਣ ਉਸੇ ਹੀ ਉਮੀਦਵਾਰ ਨੂੰ ਆਪਣਾ ਟਿਕਟ ਥਮਾਉਣ ਜੋ ਜਨਤਾ ਦੇ ਵਿਹੜੇ ’ਚ ਖਰਾ ਉਤਰ ਸਕੇ। ਲੋਕਾਂ ਨੂੰ ਪਾਰਦਰਸ਼ਤਾ ਤੇ ਨਿਰਪੱਖਤਾ ਦੀ ਕਸਵੱਟੀ ਉਤਰਿਆ ਵਿਅਕਤੀ ਹੀ ਮਨਜ਼ੂਰ ਹੋਏਗਾ ਨਾ ਕਿ ਪੈਰਾਸ਼ੂਟ ਰਾਹੀਂ ਉਤਾਰਿਆ ਵਿਅਕਤੀ। ਹੁਣ ਆਮ ਬੰਦੇ ਨੂੰ ਹਾਸ਼ੀਏ ’ਤੇ ਧੱਕਣਾ ਪਾਰਟੀਆਂ ਨੂੰ ਮੁਸ਼ਕਿਲ ’ਚ ਪਾ ਸਕਦਾ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਪਾਰਟੀਆਂ ਦੇ ਪੱਲੇ ਕੱਟੜ ਰਿਵਾਇਤੀ ਵੋਟਰਾਂ ਨੂੰ ਛੱਡ ਕੇ ਸਿਵਾਏ ਪਛਤਾਉਣ ਤੋਂ ਕੋਈ ਚਾਰਾ ਨਹੀਂ ਬਚੇਗਾ। ਜ਼ਰੂਰੀ ਹੈ ਕਿ ਪੰਜਾਬ ਦੀਆਂ ਰਾਜਸੀ ਪਾਰਟੀਆਂ ਪੁਰਾਣੇ ਪੈਂਤੜੇ ਅਪਣਾਉਣ ਤੋਂ ਗੁਰੇਜ਼ ਕਰਨ। ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ।
ਸਚਾਈ ਇਹ ਵੀ ਹੈ ਕਿ ਜੇ ਇਨ੍ਹਾਂ ਵੱਡੀਆਂ ਪਾਰਟੀਆਂ ਨੇ ਚੋਣਾਂ ’ਚ ਉਮੀਦਵਾਰਾਂ ਦੀ ਚੋਣ ਲਈ ਪਾਰਦਰਸ਼ੀ ਤੇ ਨਿਰਪੱਖ ਵਿਵਸਥਾ ਬਣਾਉਣ ਦੀ ਥਾਂ ਪੁਰਾਣੇ ਪੈਂਤੜੇ ਹੀ ਅਪਣਾਈ ਰੱਖੇ ਤਾਂ ਇਨ੍ਹਾਂ ਦੇ ਪੱਲੇ ਪਛਤਾਵਾ ਹੀ ਪਵੇਗਾ।
ਐਤਕਾਂ ਪੰਜਾਬ ਦੀਆਂ ਇਨ੍ਹਾਂ ਚੋਣਾਂ ’ਚ ਇਕ ਵੱਖਰਾ ਹੀ ਵਰਤਾਰਾ ਵੇਖਿਆ ਗਿਆ ਕਿ ਲੋਕ ਖਾਸ ਕਰਕੇ ਨੌਜਵਾਨ ਤੇ ਪੜ੍ਹੇ-ਲਿਖੇ ਵੋਟਰਾਂ ਨੇ ਵੱਡੀ ਗਿਣਤੀ ’ਚ ਆਪਣੀ ਦਿਲਚਸਪੀ ਨਵੀਂ ਬਣੀ ਆਮ ਆਦਮੀ ਪਾਰਟੀ ਵੱਲ ਦਿਖਾਈ ਹੈ। ਰਵਾਇਤੀ ਪਾਰਟੀਆਂ ਨੂੰ ਚੋਣਾਂ ਦੇ ਮੁਢਲੇ ਦਿਨਾਂ ’ਚ ਚਿਤ ਚੇਤਾ ਵੀ ਨਹੀਂ ਸੀ ਕਿ ਇਸ ਪਾਰਟੀ ਵੱਲ ਲੋਕਾਂ ਦਾ ਝੁਕਾਅ ਆਪ ਮੁਹਾਰੇ ਹੋ ਜਾਵੇਗਾ। ਇਹੀ ਕਾਰਨ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਇਹ ਕਹਿ ਕੇ ਆਪਣੇ ਮਨ ਨੂੰ ਤਸੱਲੀ ਦੇ ਰਹੇ ਹਨ ਕਿ ਆਮ ਆਦਮੀ ਪਾਰਟੀ ਨੇ ਵੱਡਾ ਨੁਕਸਾਨ ਅਕਾਲੀ-ਭਾਜਪਾ ਗਠਜੋੜ ਨੂੰ ਪਹੁੰਚਾਇਆ ਹੈ, ਜਦੋਂ ਕਿ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਸ਼ਕੀਲ ਅਹਿਮਦ ਆਪਣੇ ਬਿਆਨਾਂ ’ਚ ਇਹ ਕਹਿੰਦੇ ਨਹੀਂ ਥੱਕ ਰਹੇ ਕਿ ‘ਆਪ’ ਨੇ ਪੰਜਾਬ ’ਚ ਉਨ੍ਹਾਂ ਦੀ ਪਾਰਟੀ ਨੂੰ ਵੱਡੀ ਢਾਹ ਲਾਈ ਹੈ ਪਰ ਇਸ ਦਾ ਖੰਡਨ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਪ੍ਰੈੱਸ ਮਿਲਣੀ ਰਾਹੀਂ ਕਰ ਚੁੱਕੇ ਹਨ ਜਦੋਂ ਕਿ ਰਾਜ ਭਾਗ ਦਾ ਸੁਖ ਭੋਗ ਰਹੀ ਅਕਾਲੀ-ਭਾਜਪਾ ਸਰਕਾਰ ਦੇ ਨੇਤਾ ‘ਆਪ’ ਨੂੰ ਪਈਆਂ ਵੋਟਾਂ ਨਾਲ ਕਾਂਗਰਸ ਨੂੰ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਦੱਸ ਰਹੇ ਹਨ। ਦਰਅਸਲ ਅਕਾਲੀ ਨੇਤਾਵਾਂ ਦੇ ਮਨ ’ਚ ਇਹ ਗੱਲ ਘਰ ਕਰ ਗਈ ਹੈ ਕਿ ਇਸ ਵਾਰ ਵੀ ਉਸੇ ਤਰ੍ਹਾਂ ਹੋਵੇਗਾ, ਜਿਵੇਂ 2012 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਜਿੰਨੀਆਂ ਵੀ ਵੋਟਾਂ ਉਨ੍ਹਾਂ ਦੇ ਵਿਰੁੱਧ ਕਾਂਗਰਸ ਨੂੰ ਪੈਣੀਆਂ ਸਨ, ਉਹ ਸਾਰੀਆਂ ਪੰਜਾਬ ਪੀਪਲਜ਼ ਪਾਰਟੀ ਦੇ ਖਾਤੇ ’ਚ ਚਲੀਆਂ ਗਈਆਂ। ਇਹੀ ਕਾਰਨ ਸੀ ਕਿ ਉਸ ਵੇਲੇ ਦੇ ਸਾਰੇ ਸਰਵੇ ਝੂਠੇ ਪੈ ਗਏ। ਇਥੋਂ ਤੱਕ ਬਹੁਤੇ ਅਕਾਲੀ ਨੇਤਾਵਾਂ ਨੂੰ ਸੱਤਾ ’ਚ ਮੁੜ ਆਉਣ ਦੀ ਆਸ ਸਿਫ਼ਰ ਬਰਾਬਰ ਸੀ ਪਰ ਵਿਰੋਧੀ ਵੋਟਾਂ ਦਾ ਕਾਂਗਰਸ ਦੀ ਥਾਂ ਪੀਪਲਜ਼ ਪਾਰਟੀ ਨੂੰ ਪੈਣਾ ਅਕਾਲੀ-ਭਾਜਪਾ ਵਾਲਿਆਂ ਲਈ ਸੋਨੇ ’ਤੇ ਸੁਹਾਗੇ ਵਾਲਾ ਕੰਮ ਹੋਇਆ ਸੀ। ਅਕਾਲੀ-ਭਾਜਪਾ ਮੁੜ ਸੱਤਾ ’ਚ ਆ ਗਈ ਸੀ।
ਬਿਲਕੁਲ ਅਜਿਹਾ ਹੀ ਪੰਜਾਬ ਦੀ ਗਠਜੋੜ ਸਰਕਾਰ ਦੇ ਨੁਮਾਇੰਦੇ ਹੁਣ ਵੀ ਸੋਚ ਰਹੇ ਹਨ। ਉਨ੍ਹਾਂ ਨੂੰ ਪੱਕੀ ਆਸ ਹੈ ਕਿ ਐਤਕਾਂ ਗਠਜੋੜ ਕਾਂਗਰਸ ਨਾਲੋਂ ਵੱਧ ਸੀਟਾਂ ਲੈ ਕੇ ਜਾਵੇਗਾ, ਕਿਉਂਕਿ ਕਾਂਗਰਸ ’ਤੇ ਗੁੱਸਾ ਪੰਜਾਬ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਰਾਹੀਂ ਕੱਢਿਆ ਹੈ, ਜਿਸ ਦਾ ਗਠਜੋੜ ਨੂੰ ਫਾਇਦਾ ਮਿਲ ਸਕਦਾ ਹੈ। ਗੱਲ ਕੀ ਹਰ ਪਾਰਟੀ ਇਹੀ ਨਤੀਜਾ ਕੱਢੀ ਫਿਰਦੀ ਹੈ ਕਿ ‘ਆਪ’ ਨੂੰ ਮਿਲੀਆਂ ਵੋਟਾਂ ਉਨ੍ਹਾਂ ਲਈ ਜਿੱਤ ਦਾ ਰਾਹ ਪੱਧਰਾ ਕਰਨਗੀਆਂ। ਅਜੇ ਤੱਕ ਕਿਸੇ ਵੀ ਸਰਵੇ ਜਾਂ ਮੀਡੀਆ ਨੇ ਇਹ ਨਹੀਂ ਦਿਖਾਇਆ ਕਿ ਆਮ ਆਦਮੀ ਪਾਰਟੀ ਪੰਜਾਬ ’ਚ ਕਿਸੇ ਸੀਟ ਤੋਂ ਬਾਜ਼ੀ ਮਾਰ ਸਕਦੀ ਹੈ? ਜਦੋਂ ਕਿ ਦੋਵੇਂ ਹੀ ਪਾਰਟੀਆਂ ਦੇ ਕੁਝ ਨੇਤਾ ਦੱਬੀ ਸੁਰ ’ਚ ਸੰਗਰੂਰ ਦੀ ਸੀਟ ਨੂੰ ਉਨ੍ਹਾਂ ਦੇ ਹੱਥੋਂ ਨਿਕਲਦੀ ਮਹਿਸੂਸ ਕਰ ਰਹੇ ਹਨ।
ਸਚਾਈ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਰਾਜਨੀਤੀ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਸਗੋਂ ਕੌਮੀ ਰਾਜਨੀਤੀ ’ਚ ਵੀ ਆਪਣੀ ਪਕੜ ਮਜ਼ਬੂਤ ਬਣਾਈ ਹੈ। ਇਕ ਗੱਲ ਤਾਂ ਸਾਫ਼ ਹੈ ਕਿ ਹੁਣ ਕੋਈ ਵੀ ਉਮੀਦਵਾਰ ਚੋਣ ਜਿੱਤ ਕੇ ਮੁੜ 5 ਸਾਲਾਂ ਬਾਅਦ ਇਲਾਕੇ ’ਚ ਪਰਤਣ ਦੀ ਗੁਸਤਾਖੀ ਨਹੀਂ ਕਰੇਗਾ। ਆਮ ਆਦਮੀ ਪਾਰਟੀ ਨੇ ਆਮ ਲੋਕਾਂ ਨੂੰ ਇਹ ਵੀ ਦਰਸਾਅ ਦਿੱਤਾ ਹੈ ਕਿ ਬਿਨਾਂ ਪੈਸਾ ਬਿਨਾਂ ਤਾਕਤ ਤੇ ਬਿਨਾਂ ਨਸ਼ੇ ਵੰਡਣ ਤੋਂ ਵੀ ਚੋਣ ਲੜੀ ਜਾ ਸਕਦੀ ਹੈ। ਇਹ ਜ਼ਰੂਰੀ ਨਹੀਂ ਕਿ ਉਮੀਦਵਾਰ ਕਰੋੜਪਤੀ ਹੋਣਾ ਚਾਹੀਦਾ ਹੈ ਜਿਵੇਂ ਕਿ ਰਵਾਇਤੀ ਪਾਰਟੀਆਂ ਪਹਿਲਾਂ ਇਹ ਵੇਖਦੀਆਂ ਸਨ ਕਿ ਉਮੀਦਵਾਰ ਪੈਸੇ ਧੇਲੇ ਤੋਂ ਹੌਲਾ ਤਾਂ ਨਹੀਂ। ਹੁਣ ਸਾਰੀਆਂ ਪਾਰਟੀਆਂ ਟਿਕਟ ਦੇਣ ਵੇਲੇ ਸੋਚਣ ਲਈ ਮਜਬੂਰ ਹੋਣਗੀਆਂ ਕਿ ਉਮੀਦਵਾਰ ਦਾ ਚਾਲ-ਚਲਣ ਕਿਸ ਤਰ੍ਹਾਂ ਦਾ ਹੈ? ਉਸ ਵਿਰੁੱਧ ਕੋਈ ਫ਼ੌਜਦਾਰੀ ਮੁਕੱਦਮਾ ਤਾਂ ਨਹੀਂ, ਕੋਈ ਘਪਲਾ ਤਾਂ ਨਹੀਂ ਕੀਤਾ? ਆਮ ਲੋਕਾਂ ’ਚ ਉਮੀਦਵਾਰ ਦਾ ਉਸ ਨੇ ਅਕਸ ਕਿਹੋ ਜਿਹਾ ਹੈ? ਆਉਣ ਵਾਲੇ ਸਮੇਂ ’ਚ ਇਹ ਗੱਲ ਕਦਾਚਿਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿ ਕਿਸੇ ਜਿੱਤਣ ਵਾਲੇ ਵਰਕਰ ਨੂੰ ਛੱਡ ਕੇ ਕਿਸੇ ਨੇਤਾ ਦੇ ਭਾਈ-ਭਤੀਜੇ ਨੂੰ ਟਿਕਟ ਦਿੱਤੀ ਜਾਵੇ। ਸਾਰੀਆਂ ਪਾਰਟੀਆਂ ਨੂੰ ਨਵੇਂ ਸਿਰਿਉਂ ਇਹ ਗੱਲਾਂ ਸੋਚਣ ਲਈ ਮਜਬੂਰ ਹੋਣਾ ਪੈਣਾ ਹੈ। ਇਸ ਤੋਂ ਇਲਾਵਾ ਪੰਜਾਬ ਦੀ ਗਠਜੋੜ ਸਰਕਾਰ ਨੂੰ ਆਪਣੇ ਬਾਕੀ ਰਹਿੰਦੇ ਸਮੇਂ ’ਚ ਲੋਕ ਪੱਖੀ ਕੰਮ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਣਾ ਪਵੇਗਾ। ਰਾਜ ’ਚ ਨਸ਼ਿਆਂ ਵਿਰੁੱਧ ਪ੍ਰਭਾਵੀ ਕਦਮ ਉਠਾਉਣੇ ਪੈਣਗੇ। ਰਾਜ ਸਰਕਾਰ ਨੂੰ ਇਹ ਪ੍ਰਭਾਵ ਵੀ ਦੇਣਾ ਹੀ ਪਵੇਗਾ ਕਿ ਭਾਵੇਂ ਕੋਈ ਕਿੰਨਾ ਵੀ ਵੱਡਾ ਵਿਅਕਤੀ ਹੈ, ਜੇ ਉਹ ਗ਼ਲਤ ਕੰਮ ਕਰਦਾ ਹੈ ਤਾਂ ਬਿਨਾਂ ਕਿਸੇ ਵਿਤਕਰੇ ਤੋਂ ਕਾਨੂੰਨੀ ਪ੍ਰਕਿਰਿਆ ਰਾਹੀਂ ਉਸ ਨੂੰ ਸਜ਼ਾ ਮਿਲੇਗੀ। ਲੋਕਾਂ ਨੂੰ ਮੱਛੀ ਫੜ ਕੇ ਦੇਣ ਦੀ ਬਜਾਏ ਮੱਛੀ ਫੜਨੀ ਸਿਖਾਉਣੀ ਪਵੇਗੀ ਤਾਂ ਕਿ ਲੋਕਾਂ ਨੂੰ ਉਮਰ ਭਰ ਲਈ ਰੋਟੀ ਮਿਲ ਸਕੇ।
ਪੰਜਾਬ ਦੀਆਂ ਇਨ੍ਹਾਂ ਚੋਣਾਂ ਦਾ ਅਸਰ ਇਹ ਵੀ ਹੋਵੇਗਾ ਕਿ ਚਿਰਾਂ ਤੋਂ ਅਣਗੌਲੇ ਪਾਰਟੀ ਵਰਕਰਾਂ ਦੀ ਹੁਣ ਫਿਰ ਤੋਂ ਪੁੱਛ ਪ੍ਰਤੀਤ ਹੋਵੇਗੀ। ਜੇ ਹੁਣ ਵੀ ਕਿਸੇ ਰਾਜਸੀ ਦਲ ਨੇ ਉਨ੍ਹਾਂ ਦੀ ਪ੍ਰਵਾਹ ਨਾ ਕੀਤੀ ਤਾਂ ਇਸ ਦਾ ਖਮਿਆਜ਼ਾ ਉਸ ਨੂੰ ਭਵਿੱਖ ਦੀਆਂ ਚੋਣਾਂ ’ਚ ਭੁਗਤਣਾ ਪੈ ਸਕਦਾ ਹੈ। ਇਹ ਅਣਗਹਿਲੀ ਵੀ ਪਾਰਟੀ ਨੂੰ ਭਵਿੱਖ ’ਚ ਮਹਿੰਗੀ ਪੈ ਸਕਦੀ ਹੈ।
ਸਿੱਟਾ ਇਹੀ ਕੱਢਿਆ ਜਾ ਸਕਦਾ ਹੈ ਕਿ ਭਵਿੱਖ ’ਚ ਪੰਜਾਬ ਦੀਆਂ ਰਾਜਸੀ ਪਾਰਟੀਆਂ ਫੂਕ-ਫੂਕ ਕੇ ਕਦਮ ਧਰਨਗੀਆਂ ਤਾਂ ਕਿ ਉਨ੍ਹਾਂ ਦਾ ਚਿਰਾਂ ਤੋਂ ਸਥਾਪਿਤ ਵੋਟ ਬੈਂਕ ਕਿਤੇ ਖਿਸਕ ਨਾ ਜਾਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਆਉਂਦੇ ਦਿਨਾਂ ’ਚ ਪੰਜਾਬ ’ਚ ਬਦਲਵੀਂ ਧਿਰ ਬੜੇ ਜੋਸ਼ ਨਾਲ ਦਸਤਕ ਦੇਣ ਨੂੰ ਤਿਆਰ ਬੈਠੀ ਹੈ।