ਨਵੀਂ ਦਿੱਲੀ, 9 ਮਈ (ਪੀ.ਟੀ.)- ਅੱਜ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਰਾਜਸੀ ਅਖਾੜੇ ’ਚ ਆਪਣੇ ਆਪ ਨੂੰ ਨਿਰਪੱਖ ਰੱਖਣ ਲਈ ਚਲ ਰਹੀਆਂ ਲੋਕ ਸਭਾ ਚੋਣਾਂ ’ਚ ਵੋਟ ਨਾ ਪਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਡਾਕ ਰਾਹੀਂ ਵੋਟ ਪਾਉਣ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਸਨ ਇਸ ਤਰ੍ਹਾਂ ਉਨ੍ਹਾਂ ਨੇ ਵੋਟ ਪਾਉਣ ਵਾਲੇ ਦੇਸ਼ ਦੇ ਪਹਿਲੇ ਮੁਖੀ ਬਣ ਜਾਣਾ ਸੀ ਪਰ ਉਨ੍ਹਾਂ ਨੇ ਪਹਿਲੇ ਰਾਸ਼ਟਰਪਤੀਆਂ ਦੀ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਆਪਣੇ ਮਤ ਦੀ ਵਰਤੋਂ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਵੇਨੂ ਰਾਜਮਨੀ ਨੇ ਅੱਜ ਇਥੇ ਦੱਸਿਆ ਕਿ ਰਾਸ਼ਟਰਪਤੀ ਨੇ ਰਾਜਸੀ ਪਿੜ ’ਚ ਨਿਰਪੱਖ ਰਹਿੰਦੇ ਹੋਏ ਆਪਣੇ ਵੋਟ ਨਾ ਪਾਉਣ ਦਾ ਫ਼ੈਸਲਾ ਕੀਤਾ ਹੈ। ਸ੍ਰੀ ਮੁਖਰਜੀ ਜਿਹੜੇ ਦੇਸ਼ ਦੇ 14ਵੇਂ ਰਾਸ਼ਟਰਪਤੀ ਹਨ ਨੇ ਦੱਖਣੀ ਕੋਲਕਾਤਾ ਲੋਕ ਸਭਾ ਸੀਟ ਲਈ ਆਪਣੀ ਵੋਟ ਪਾਉਣ ਦਾ ਹੁਕਮ ਦਿੱਤਾ ਸੀ ਜਿਥੇ 12 ਮਈ ਨੂੰ ਵੋਟਾਂ ਪੈਣੀਆਂ ਹਨ। ਉਨ੍ਹਾਂ ਦਾ ਦੱਖਣੀ ਕੋਲਕਾਤਾ ਦੀ ਸੰਸਦੀ ਸੀਟ ਦੇ ਹਿੱਸੇ 160 ਰਸ਼ਬੇਹਾਰੀ ’ਚ ਵੋਟਰ ਵਜੋਂ ਨਾਂਅ ਦਰਜ ਹੈ।