ਨਵੀਂ ਦਿੱਲੀ, 1 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਕੁਲਭੂਸ਼ਣ ਜਾਦਵ ਨੂੰ ਕੌਂਸਲਰ ਐਕਸੈੱਸ ਦੇਣ ਨੂੰ ਤਿਆਰ ਹੋ ਗਿਆ ਹੈ। ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਸ਼ੁੱਕਰਵਾਰ ਨੂੰ ਪਾਕਿਸਤਾਨ ਕੁਲਭੂਸ਼ਣ ਨੂੰ ਕੌਂਸਲਰ ਐਕਸੈੱਸ ਦੇਣ ਲਈ ਰਾਜ਼ੀ ਹੋ ਗਿਆ ਹੈ। ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਤੋਂ ਕੁਲਭੂਸ਼ਣ ਜਾਦਵ ਦੀ ਫਾਂਸੀ ‘ਤੇ ਰੋਕ ਲਗਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਇਹ ਪੇਸ਼ਕਸ਼ ਕੀਤੀ ਹੈ। ਇਸ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਫਿਲਹਾਲ ਅਸੀਂ ਇਹ ਪੇਸ਼ਕਸ਼ ‘ਤੇ ਵਿਚਾਰ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਬੀਤੀ 17 ਜੁਲਾਈ ਨੂੰ ਆਈ.ਸੀ.ਜੇ. ਨੇ ਤਿੰਨ ਸਾਲ ਤੋਂ ਪਾਕਿ ਜੇਲ੍ਹ ‘ਚ ਬੰਦ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਾ ਦਿੱਤੀ ਸੀ। ਪਾਕਿਸਤਾਨ ਨੂੰ ਉਸ ਨੂੰ ਕਾਊਂਸਲਰ ਮੁਹੱਈਆ ਕਰਵਾਉਣ ਲਈ ਕਿਹਾ ਸੀ। ਇਸ ਤੋਂ ਬਾਅਦ 19 ਜੁਲਾਈ ਨੂੰ ਪਾਕਿਸਤਾਨ ਨੇ ਕਿਹਾ ਸੀ ਕਿ ਉਹ ਜਾਧਵ ਨੂੰ ਰਾਜਨਾਇਕ ਮਦਦ ਦੇਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਭਾਰਤ ਨੇ ਕਈ ਵਾਰ ਪਾਕਿਸਤਾਨ ਤੋਂ ਇਸ ਦੀ ਇਜਾਜ਼ਤ ਮੰਗੀ ਸੀ, ਜਿਸ ਨੂੰ ਪਾਕਿਸਤਾਨ ਨੇ ਹਮੇਸ਼ਾ ਨਕਾਰ ਦਿੱਤਾ ਸੀ। ਕੁਲਭੂਸ਼ਣ ਨੂੰ 3 ਮਾਰਚ, 2016 ‘ਚ ਪਾਕਿਸਤਾਨ ਨੇ ਗ੍ਰਿਫ਼ਤਾਰ ਕੀਤਾ ਸੀ।