April 23, 2026 8:23 pm

ਸਾਬਕਾ ਮੰਤਰੀ ਮਜੀਠੀਆ ਲਾਪਤਾ ਹੋਏ 2 ਬੱਚਿਆਂ ਦੇ ਮਾਪਿਆਂ ਨਾਲ ਦੁੱਖ ਵਡਾਉਣ ਲਈ ਪਹੁੰਚੇ

ਬੱਚਿਆਂ ਦੀ ਗੁਮਸ਼ੁਦਗੀ ਦਾ ਮਾਮਲਾ ਵਿਧਾਨ ਸਭਾ ਵਿਚ ਚੁੱਕਾਂਗਾ : ਮਜੀਠੀਆ

ਰਾਜਪੁਰਾ, 30 ਜੁਲਾਈ (ਦਇਆ ਸਿੰਘ)- ਰਾਜਪੁਰਾ-ਪਟਿਆਲਾ ਰੋਡ ਤੇ ਸੱਥਿਤ ਪਿੰਡ ਖੇੜੀ ਗੰਡਿਆ ਦੇ 22 ਜੁਲਾਈ ਦੀ ਰਾਤ ਕਰੀਬ ਸਾਢੇ 8 ਵਜੇ ਤੋਂ ਲਾਪਤਾ ਹੋਏ 2 ਸਕੇ ਭਰਾਵਾਂ ਦੀ ਅੱਜ 8 ਦਿਨ ਬੀਤਣ ਤੋਂ ਬਾਅਦ ਵੀ ਕੋਈ ਉੱਘ-ਸੁੱਘ ਨਾ ਲੱਗਣ ਤੇ ਪੰਜਾਬ ਦੇ 2 ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸੁਰਜੀਤ ਸਿੰਘ ਰੱਖੜਾ ਪੀੜ੍ਹਤ ਪਰਿਵਾਰ ਦੇ ਘਰ ਹਮਦਰਦੀ ਪ੍ਰਗਟ ਕਰਨ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਮਜੀਠਿਆ ਨੇ ਕਿਹਾ ਕਿ 22 ਜੁਲਾਈ ਦੀ ਰਾਤ ਨੂੰ ਬੱਚੇ ਲਾਪਤਾ ਹੋਏ ਸਨ ਤਾਂ ਉਸੇ ਰਾਤ ਨੂੰ ਜੇਕਰ ਕੁਝ ਦੂਰੀ ਉਤੇ ਪੈਂਦੇ ਥਾਣਾ ਖੇੜੀ ਗੰਡਿਆ ਦੀ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਮਾਪਿਆਂ ਨੂੰ ਇਹ ਦਿਨ ਨਾ ਦੇਖਣਾ ਪੈਂਦਾ। ਉਨ੍ਹਾਂ ਕਿਹਾ ਕਿ ਵਿਧਾਇਕ ਦੀ ਸ਼ਿਫਾਰਿਸ਼ ਉੱਤੇ ਲੱਗੇ ਥਾਣਾ ਖੇੜੀ ਗੰਡਿਆ ਦੇ
ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਬਚਾਇਆ ਜਾ ਰਿਹਾ ਹੈ ਕਿਉਂ ਕਿ ਜਦੋਂ ਮਾਪਿਆਂ ਨੇ ਬੱਚਿਆਂ ਦੇ ਗੁਮਸ਼ੁਦਗੀ ਸਬੰਧੀ ਇਤਲਾਹ ਦੇਣ ਲਈ ਥਾਣੇ ਪਹੁੰਚੇ ਸਨ ਤਾਂ ਪੁਲਿਸ ਨੇ ਕੋਈ ਮੁਸਤੈਦੀ ਨਹੀ ਦਿਖਾਈ। ਬੱਚਿਆਂ ਦਾ ਪਿਤਾ ਦੀਦਾਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਥਾਣਾ ਖੇੜੀ ਗੰਡਿਆ ਬੱਚਿਆਂ ਦੀ ਗੁਮਸ਼ੁਦਗੀ ਸਬੰਧੀ ਇਤਲਾਹ ਕਰਨ ਪਹੁੰਚਿਆਂ ਤਾਂ ਪੁਲਿਸ ਨੇ ਉਸ ਨੂੰ ਥਾਣੇ ਵਿੱਚ ਹੀ ਬਿਠਾ ਲਿਆ ਅਤੇ ਸਵੇਰੇ 6 ਵਜੇ ਉਹ ਘਰ ਆਏ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿੱਤੀ ਬਹੁੱਤ ਵਿੱਗੜ ਚੁੱਕੀ ਹੈ ਤੇ ਸਰਕਾਰ ਲੋਕਾਂ ਦੀ ਹਿਫਾਜ਼ਤ ਕਰਨ ਵਿੱਚ ਨਾਕਾਮਯਾਬ ਸਾਬਤ ਹੋ ਰਹੀ ਹੈ ਤੇ ਸੂਬੇ ਦੀ ਜਨਤਾ ਆਪਣੇ ਆਪ ਨੂੰ ਤੇ ਬੱਚਿਆਂ ਨੂੰ ਅਣ-ਸੁਰੱਖਿਅਤ ਮਹਿਸੂਸ ਕਰ ਰਹੀ ਹੈ। ਮਜੀਠੀਆ ਨੇ ਕਿਹਾ ਕਿ ਉਹ ਬੱਚਿਆਂ ਦੀ ਗੁਮਸ਼ੁਦਗੀ ਦਾ ਮਾਮਲਾ ਵਿਧਾਨ ਸਭਾ ਦੇ ਅਗਾਮੀ ਸੇਸ਼ਨ ਵਿਚ ਚੁੱਕਣਗੇ ਅਤੇ ਸਰਕਾਰ ਤੋਂ ਬੱਚਿਆਂ ਦੀ ਬਰਾਮਦਗੀ ਨੂੰ ਲੈ ਕੇ ਸਵਾਲ ਪੁੱਛਣਗੇ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੋ ਇਲਾਵਾ ਐਸਜੀਪੀਸੀ ਮੈਂਬਰ ਜਥੇ ਸੁਰਜੀਤ ਸਿੰਘ ਗੜ੍ਹੀ, ਵਿਧਾਇਕ ਸਨੌਰ ਹਰਿੰਦਰਪਾਲ ਸਿੰਘ, ਬੀਬੀ ਹਰਪ੍ਰੀਤ ਕੋਰ, ਜਿਲ੍ਹਾ ਸਕੱਤਰ ਜਨਰਲ ਨਰਦੇਵ ਸਿੰਘ ਆਕੜੀ, ਸ਼ਹਿਰੀ ਪ੍ਰਧਾਨ ਪਟਿਆਲਾ ਹਰਪਾਲ ਜੁਨੇਜਾ, ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਰਾਣਾ, ਹਰਿੰਦਰਪਾਲ ਸਿੰਘ ਟੋਹੜਾ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਭਾਈ ਅਬਰਿੰਦਰ ਸਿੰਘ ਕੰਗ, ਕੌਂਸਲਰ ਕਰਨਵੀਰ ਸਿੰਘ ਕੰਗ, ਕੌਂਸਲਰ ਅਰਵਿੰਦਰਪਾਲ ਸਿੰਘ ਰਾਜੂ, ਬਹਾਦਰ ਸਿੰਘ ਖੈਰਪੁਰਜੱਟਾਂ, ਹਰਪਾਲ ਸਰਾਓ ਸਮੇਤ ਹੋਰ ਹਾਜਰ ਸਨ।

Send this to a friend