ਸਮੁੱਚੇ ਇਲਾਕੇ ਸਮੇਤ ਦੇਸ਼-ਵਿਦੇਸ਼ ‘ਚ ਵੀ ਸੋਗ ਦੀ ਲਹਿਰ
ਸ੍ਰੀ ਅਨੰਦਪੁਰ ਸਾਹਿਬ, 28 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)- ਮਾਨਵਤਾ ਦੇ ਮਸੀਹਾ ਸੇਵਾ ਦੇ ਪੁੰਜ ਕਾਰ ਸੇਵਾ ਮੁਖੀ ਸੰਤ ਬਾਬਾ ਲਾਭ ਸਿੰਘ ਜੀ ਅੱਜ ਤੜਕਸਾਰ ਅਕਾਲ ਚਲਾਣਾ ਕਰ ਗਏ ਜਿਸ ਕਰਕੇ ਸਮੁੱਚੇ ਇਲਾਕੇ ਹੀ ਨਹੀ ਸਗੋਂ ਦੇਸ਼-ਵਿਦੇਸ਼ ‘ਚ ਵੀ ਸੋਗ ਦੀ ਲਹਿਰ ਹੈ। ਦੱਸਣਯੋਗ ਹੈ ਕਿ ਬੀਤੀ ਰਾਤ ਬਾਬਾ ਲਾਭ ਸਿੰਘ ਜੀ ਦੀ ਸਿਹਤ ਜਿਆਦਾ ਖਰਾਬ ਹੋ ਗਈ ਜਿਸ ਕਾਰਨ ਉਨ੍ਹਾਂ ਨੂੰ ਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ। ਉਪਰੰਤ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਦਰਸ਼ਨਾਂ ਲਈ ਕਿਲ੍ਹਾਂ ਅਨੰਦਗੜ੍ਹ
ਸਾਹਿਬ ਦੇ ਦੀਵਾਨ ਹਾਲ ਵਿਚ ਲਿਆਂਦਾ ਗਿਆ, ਜਿੱਥੇ ਉਨ੍ਹਾਂ ਲੰਮੇ ਸਮਾਂ ਗੁਜ਼ਾਰਿਆ ਤੇ ਸੇਵਾ ਕੀਤੀ। ਬਾਬਾ ਜੀ ਦਾ ਸਸਕਾਰ 30 ਜੁਲਾਈ ਨੂੰ ਸਵੇਰੇ 11 ਵਜੇ ਗੁਰਦੁਆਰਾ ਪਤਾਲ ਪੁਰੀ ਸਾਹਿਬ, ਕੀਰਤਪੁਰ ਸਾਹਿਬ ਵਿਖੇ ਕੀਤਾ ਜਾਵੇਗਾ। ਭੋਗ ਅਤੇ ਅੰਤਿਮ ਅਰਦਾਸ 6 ਅਗਸਤ ਨੂੰ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਦੀਵਾਨ ਹਾਲ ਵਿਚ ਹੋਵੇਗੀ।96 ਸਾਲ ਦੀ ਉਮਰ ਭੋਗ ਕੇ ਇਸ ਫ਼ਾਨੀ ਸੰਸਾਰ ਤੋਂ ਜਾਣ ਵਾਲੇ ਸੰਤ ਬਾਬਾ ਲਾਭ ਸਿੰਘ ਨੇ ਜਿਥੇ ਗੁਰੂ ਘਰਾਂ ਦੀ ਕਾਰ ਸੇਵਾ ਵਿੱਚ ਲਾਮਿਸਾਲ ਯੋਗਦਾਨ ਪਾਇਆ ਉਥੇ ਮੰਦਰਾਂ ਅਤੇ ਮਸਜਿਦਾਂ ਦੀ ਕਾਰ ਸੇਵਾ ਕਰਵਾ ਕੇ ਸਾਂਝੀ ਵਾਲਤਾ ਅਤੇ ਭਾਈਚਾਰਕਤਾ ਦਾ ਸੰਦੇਸ਼ ਵੀ ਸਾਰੀ ਮਨੁੱਖਤਾ ਨੂੰ ਦਿੱਤਾ। ਸੰਤ ਬਾਬਾ ਲਾਭ ਸਿੰਘ ਜੀ ਨੇ ਕਾਰ ਸੇਵਾ ਰਾਹੀਂ ਉਹ ਕੰਮ ਵੀ ਕਰਵਾਏ ਜਿਨ੍ਹਾਂ ਨੂੰ ਸਰਕਾਰਾਂ ਵੀ ਨਹੀਂ ਕਰਵਾ ਸਕੀਆਂ। ਬਾਬਾ ਲਾਭ ਸਿੰਘ ਜੀ ਇਕ ਅਜਿਹੇ ਮਹਾਨ ਸੰਤ ਸਨ ਜਿਨ੍ਹਾਂ ਨੇ ਧਾਰਮਿਕ ਖੇਤਰ ਦੇ ਨਾਲ- ਨਾਲ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅਤੇ ਕੰਢੀ ਇਲਾਕੇ ਵਿੱਚ ਨਦੀਆਂ ਅਤੇ ਚੋਆਂ ਉਤੇ ਵੱਡੇ ਪੁੱਲ ਬਣਾਕੇ ਨਵੀਆਂ ਮਿਸਾਲਾਂ ਪੈਦਾ ਕੀਤੀਆਂ। ਪੀਜੀਆਈ ਚੰਡੀਗੜ੍ਹ ਵਿੱਚ ਦੁੱਖੀ ਮਰੀਜ਼ਾਂ ਲਈ ਸਰਾਵਾਂ ਅਤੇ ਨਿਰੰਤਰ ਲੰਗਰਾਂ ਦੀ ਸਹੂਲਤ ਦੇਣੀ ਬਾਬਾ ਜੀ ਨੂੰ ਜਿੱਥੇ ਅਨੇਕਾਂ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਸੀ ਉੱਥੇ ਪ੍ਰੈੱਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਮਾਣ ਸ਼੍ਰੀ ਅਨੰਦਪੁਰ ਸਾਹਿਬ ਦਾ“ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸਾਬਕਾ ਸਿਖਿਆ ਮੰਤਰੀ ਡਾ:ਦਲਜੀਤ ਸਿੰਘ ਚੀਮਾ, ਰਾਣਾ ਕੇ ਪੀ ਸਿੰਘ ਸਪੀਕਰ ਪੰਜਾਬ ਵਿਧਾਨ ਸਭ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਦਲਜੀਤ ਸਿੰਘ ਭਿੰਡਰ, ਪ੍ਰਿੰ. ਸੁਰਿੰਦਰ ਸਿੰਘ, ਮੈਨੇਜਰ ਜਸਵੀਰ ਸਿੰਘ, ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਮਾਤਾ ਗੁਰਚਰਨ ਕੌਰ, ਜਥੇਦਾਰ ਸੰਤੋਖ ਸਿੰਘ, ਸਰਬਜੀਤ ਸਿੰਘ ਰੈਨੂੰ, ਬਾਬਾ ਜਰਨੈਲ ਸਿੰਘ, ਸੂਚਨਾ ਅਫਸਰ ਹਰਦੇਵ ਸਿੰਘ, ਜਿਲ੍ਹਾ ਪ੍ਰਧਾਨ ਬੀਬੀ ਕੁਲਵਿੰਦਰ ਕੌਰ, ਸਰਕਲ ਪ੍ਰਧਾਨ ਹਰਜੀਤ ਸਿੰਘ ਅਚਿੰਤ,ਡਾ:ਹਰਦਿਆਲ ਸਿੰਘ ਪੰਨੂ, ਪ੍ਰਿੰ:ਨਿਰੰਜਣ ਸਿੰਘ ਰਾਣਾ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਸਮੁੱਚੇ ਸਟਾਫ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਸ਼ਰਧਾਂਜਲੀ ਭੇਂਟ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਸੇਵਾ ਦੇ ਮਹਾਨ ਪੁੰਜ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਸਦੀਵੀ ਵਿਛੋੜੇ ਨਾਲ ਸਮੂਚੀ ਮਾਨਵਤਾ ਨੂੰ ਬਹੁਤ ਵੱਡਾ ਘਾਟਾ ਪਿਆ ਹੈ।