ਹੜ੍ਹਾਂ ਦੀ ਸਮੱਸਿਆ ਦੇ ਹੱਲ ਲਈ ਹਰਿਆਣਾ ਨੂੰ ਵੀ ਸਾਥ ਦੇਣ ਦੀ ਅਪੀਲ
ਸੰਗਰੂਰ/ਪਟਿਆਲਾ, 23 ਜੁਲਾਈ (ਪਰਮਜੀਤ ਲੱਡਾ, ਗੁਰਪ੍ਰਕਾਸ਼ ਧੰਜੂ, ਗਗਨਦੀਪ, ਦਿਆ ਸਿੰਘ, ਕੁਲਵੰਤ ਦੇਹਲਾ, ਪ੍ਰੇਮ ਵਧਵਾ)- ਘੱਗਰ ਦਰਿਆ ਦਾ ਕੰਟਰੋਲ ਕੇਂਦਰੀ ਜਲ ਕਮਿਸ਼ਨ (ਸੀ.ਡਬਲਿਊ.ਸੀ.) ਕੋਲ ਚਲੇ ਜਾਣ ਲਈ ਅਕਾਲੀਆਂ ‘ਤੇ ਦੋਸ਼ ਲਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਦਬਾਅ ਪਾਉਣ ਵਾਸਤੇ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਮਿਲਣਗੇ। ਘੱਗਰ ਵਿੱਚ ਪਏ ਪਾੜ ਨੇ ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਖੜ੍ਹੀ ਫ਼ਸਲ ਅਤੇ ਹੋਰ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਸਾਲ 1966 ਵਿੱਚ ਅਕਾਲੀਆਂ ਵੱਲੋਂ ਪੰਜਾਬ ਦੀ ਵੰਡ ਕਰਾਉਣ ਦੇ ਕਾਰਨ ਪੰਜਾਬ ਦਾ ਘੱਗਰ ਦਰਿਆ ਸੀ.ਡਬਲਿਊ.ਸੀ ਦੇ ਹੱਥਾਂ ਵਿੱਚ ਚਲੇ ਜਾਣ ਅਤੇ ਇਸ ਦੇ ਕਿਨਾਰਿਆਂ ਦੀ ਮਜ਼ਬੂਤੀ ਸਬੰਧੀ ਕੰਟਰੋਲ ਸੂਬੇ ਕੋਲੋਂ ਖੁੱਸ ਜਾਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਬਣਾਉਣ ਦੇ ਕੰਮਾਂ ਨੂੰ ਵੀ ਅਕਾਲੀਆਂ ਨੇ ਆਪਣੇ ਕਾਰਜ ਸਮੇਂ ਬੰਦ ਕਰ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕਾਰਜ ਕਾਲ ਦੌਰਾਨ ਉਨ੍ਹਾਂ ਦੀ ਸਰਕਾਰ ਨੇ 22 ਕਿਲੋਮੀਟਰ ਤੱਕ ਬੰਨ੍ਹ ਮਜ਼ਬੂਤ ਬਣਾਉਣ ਦਾ ਕੰਮ ਕੀਤਾ ਸੀ ਜਦਕਿ ਇਸ ਤੋਂ ਬਾਅਦ ਅਕਾਲੀ ਦਲ-ਭਾਜਪਾ ਸਰਕਾਰ ਨੇ ਇਹ ਸਾਰਾ ਕੰਮ ਮੁਅੱਤਲ ਕਰ ਦਿੱਤਾ।
ਇਸ ਮੁੱਦੇ ਨੂੰ ਹੱਲ ਕਰਨ ਵਾਸਤੇ ਹਰਿਆਣਾ ਨੂੰ ਵੀ ਸਾਥ ਦੇਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੋਵਾਂ ਵਿੱਚ ਹੀ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤੇ ਜਾਣ ਦੀ ਜ਼ਰੂਰਤ ਹੈ ਤਾਂ ਜੋ ਵਾਰ-ਵਾਰ ਆਉਂਦੇ ਸੰਭਾਵੀ ਹੜ੍ਹਾਂ ਅਤੇ ਇਨ੍ਹਾਂ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਿਆ ਜਾ ਸਕੇ।
ਛੇ ਸਾਲ ਪਹਿਲਾਂ ਪੰਜਾਬ ਵੱਲੋਂ ਘੱਗਰ ਦੇ ਬੰਨ੍ਹਾਂ ਨੂੰ ਦਰੁਸਤ ਕਰਨ ਲਈ ਸੀ.ਡਬਲਿਊ.ਸੀ. ਕੋਲ ਪੇਸ਼ ਕੀਤੇ ਪ੍ਰਸਤਾਵ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੀ.ਡਬਲਿਊ.ਸੀ. ਨੇ ਮਾਰਚ, 2019 ਵਿੱਚ ਸੈਂਟਰਲ ਵਾਟਰ ਐਂਡ ਪਾਵਰ ਰਿਸਰਚ ਸਟੇਸ਼ਨ ਪੂਨੇ ਵਰਗੀ ਆਜ਼ਾਦ ਏਜੰਸੀ ਤੋਂ ਲੋੜੀਂਦਾ ਅਧਿਐਨ ਕਰਵਾਉਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਇਹ ਆਖਣਗੇ ਕਿ ਉਹ ਮਕਰੌੜ ਸਾਹਿਬ ਤੋਂ ਕੜੈਲ (17.5 ਕਿਲੋਮੀਟਰ) ਤੱਕ ਪ੍ਰੋਜੈਕਟ ਦੇ ਦੂਜੇ ਪੜਾਅ ਦਾ ਕੰਮ ਪੰਜਾਬ ਨੂੰ ਕਰਨ ਦੀ ਆਗਿਆ ਦੇਣ ਵਾਸਤੇ ਤੇਜ਼ੀ ਨਾਲ ਜ਼ਰੂਰੀ ਪ੍ਰਵਾਨਗੀ ਮੁਹੱਈਆ ਕਰਵਾਉਣ ਲਈ ਸੀ.ਡਬਲਿਊ.ਸੀ. ਨੂੰ ਨਿਰਦੇਸ਼ ਦੇਵੇ। ਭਾਰੀ ਮੀਂਹ ਕਾਰਨ ਘੱਗਰ ਵਿੱਚ ਪਾਣੀ ਵਧਣ ਕਾਰਨ ਪਏ ਪਾੜ ਦੇ ਨਤੀਜੇ ਵਜੋਂ ਆਏ ਹੜ੍ਹਾਂ ਨਾਲ ਨੁਕਸਾਨ ਦਾ ਅਨੁਮਾਨ ਲਾਉਣ ਲਈ ਹਵਾਈ ਸਰਵੇ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਬਾਦਸ਼ਾਹਪੁਰ ਵਿਖੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਸਨ।ਰਾਜਪੁਰਾ, ਘਨੌਰ ਅਤੇ ਸ਼ੁਤਰਾਨਾ ਇਲਾਕਿਆਂ ਵਿੱਚ ਹਵਾਈ ਸਰਵੇਖਣ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਬਾਦਸ਼ਾਹਪੁਰ ਵਿਖੇ ਕਿਹਾ ਕਿ ਪਟਿਆਲਾ ਵਿਖੇ ਤਕਰੀਬਨ 50 ਹਜ਼ਾਰ ਏਕੜ ਫ਼ਸਲ ਬਰਬਾਦ ਹੋ ਗਈ ਹੈ ਅਤੇ ਘੱਗਰ ਦਰਿਆ ਵਿੱਚ ਪਾੜ ਪੈਣ ਸੰਗਰੂਰ ਵਿੱਚ 10 ਹਜ਼ਾਰ ਏਕੜ ਫਸਲ ਬਰਬਾਦ ਹੋਈ ਹੈ।?ਕੈਪਟਨ ਅਮਰਿੰਦਰ ਸਿੰਘ ਨੇ ਭਵਿੱਖ ਵਿੱਚ ਹੜ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।ਮੁੱਖ ਮੰਤਰੀ ਨੇ ਕਿਹਾ ਕਿ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਦੀ ਪ੍ਰਕ੍ਰਿਆ ਚੱਲ ਰਹੀ ਹੈ ਅਤੇ ਪਾਣੀ ਦਾ ਪੱਧਰ ਹੇਠਾਂ ਆਉਣ ‘ਤੇ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਪਏ ਘਾਟੇ ਦੀ ਭਰਪਾਈ ਕਰਨ ਦਾ ਵਾਅਦਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਹੀ ਉਨ੍ਹਾਂ ਨੂੰ ਵਿਸ਼ੇਸ਼ ਗਿਰਦਾਵਰੀ ਦੀ ਰਿਪੋਰਟ ਹਾਸਲ ਹੋਈ, ਉਹ ਉਸੇ ਦਿਨ ਮੁਆਵਜ਼ਾ ਜਾਰੀ ਕਰ ਦੇਣਗੇ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਘੱਗਰ ਦਰਿਆ ਬਠਿੰਡਾ ਵਿੱਚ ਵੀ ਸਮੱਸਿਆਵਾਂ ਪੈਦਾ ਕਰ ਰਿਹਾ ਹੈ ਜਿੱਥੋਂ ਦੀ ਪੁਲੀਸ ਲਾਈਨ ਵੀ ਪਾਣੀ ਦੀ ਮਾਰ ਹੇਠ ਆਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪਿਛਲੇ 40 ਸਾਲਾਂ ਵਿੱਚ ਸਭ ਤੋਂ ਵੱਧ ਮੀਂਹ ਪਿਆ ਹੈ ਜੋ ਪਾਣੀ ਦੇ ਵਹਾਅ ਬਹੁਤ ਉੱਚਾ ਹੋਣ ਦਾ ਕਾਰਨ ਬਣਿਆ।ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਹੜ੍ਹਾਂ ਨਾਲ ਜ਼ਿਲ੍ਹੇ ‘ਚ ਘਰਾਂ ਨੂੰ ਪੁੱਜੇ ਨੁਕਸਾਨ ਦਾ ਫੌਰੀ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੜਕਾਂ ਉੱਚੀਆਂ ਕਰਨ ਲਈ ਅੱਜ ਹੀ ਫਾਇਰ ਬ੍ਰਿਗੇਡ ਅਤੇ ਜੇ.ਸੀ.ਬੀ. ਮਸ਼ੀਨਾਂ ਭੇਜਣ ਦੇ ਵੀ ਆਦੇਸ਼ ਦਿੱਤੇ ਅਤੇ ਮੰਡੀ ਬੋਰਡ ਨੂੰ ਬਿਨਾਂ ਕਿਸੇ ਦੇਰੀ ਤੋਂ ਕੰਮ ਸ਼ੁਰੂ ਕਰਨ ਦੀ ਹਦਾਇਤ ਕੀਤੀ।