ਕਿਤਾਬਾਂ ਪੜ੍ਹਨਾ ਸਫਲਤਾ ਦੀ ਬਹੁਤ ਹੀ ਮਹੱਤਵਪੂਰਨ ਪੌੜੀ ਹੈ। ਕਿਤਬਾਂ ਪੜ੍ਹਨ ਦੀ ਆਦਤ ਦਾ ਵਿਕਾਸ ਕਰਨਾ ਸਕੂਲ ਸਮੇਂ ਦਾ ਇੱਕ ਮਹੱਤਵਪੂਰਨ ਕਾਰਜ ਹੈ। ਬੱਚਿਆਾਂ ਦੇ ਸਹੀ ਬੌਧਿਕ ਵਿਕਾਸ ਲਈ ਉਨ੍ਹਾਂ ਵਿੱਚ ਨਿਯਮਿਤ ਪੜ੍ਹਨ ਦੀ ਆਦਤ ਦੀ ਕਾਸ਼ਤ ਕਰਨੀ ਬਹੁਤ ਜ਼ਰੂਰੀ ਹੈ । ਉਨਾਂ ਵਿੱਚ ਨਵੇਂ-ਨਵੇਂ ਵਿਸ਼ਿਆਂ ਬਾਰੇ ਗਿਆਨ ਪ੍ਰਾਪਤ ਕਰਨ ਦੀ ਜਿਗਿਆਸਾ ਨੂੰ ਸ਼ਾਂਤ ਕਰਨ ਲਈ ਹੀ ਸਕੂਲ ਲਾਇਬਰੇਰੀ ਹੋਂਦ ਵਿੱਚ ਆਈ। ਸਕੂਲ ਲਾਇਬਰੇਰੀ ਵਿੱਦਿਅਕ ਅਦਾਰੇ ਦੀ ਰੀਢ ਦੀ ਹੱਡੀ ਹੁੰਦੀ ਹੈ । ਲਾਇਬਰੇਰੀ ਗਿਆਨ ਦਾ ਉਹ ਸੋਮਾਂ ਹੈ ਜੋ ਭੂਤਕਾਲ ਅਤੇ ਵਰਤਮਾਨ ਦੇ ਗਿਆਨ ਨੂੰ ਆਉਣ ਵਾਲੀ ਪੀੜੀ ਨੂੰ ਸੋਂਪਦਾ ਹੈ ।
ਅਜੋਕੇ ਡਿਜ਼ਿਟਲ ਅਤੇ ਇੰਟਰਨੈੱਟ ਦੇ ਯੁੱਗ ਵਿੱਚ ਜਦੋਂ ਹਰ ਚੀਜ਼ ਦੀ ਸੂਚਨਾਂ ਗੂਗਲ ਨਾਮਕ ਸਰਚ-ਇੰਜਣ ਤੇ ਮੌਜੂਦ ਹੈ ਇਸ ਦੌਰਾਨ ਵਿੱਦਿਆਰਥੀਆਂ ਨੂੰ ਕਿਤਾਬਾਂ ਵੱਲ ਖਿੱਚਣਾ ਲੋਹਾ ਲੈਣ ਵਾਂਗ ਹੈ। ਬਿਲ ਗੇਟਸ ਨੇ ਵੀ ਇਸ ਕੰਪਿਊਟਰ ਦੇ ਸਮੇਂ ਵਿੱਚ ਲਾਇਬ੍ਰਰੇਰੀ ਦੀ ਭੂਮਿਕਾ ਨੂੰ ਕਾਇਮ ਰੱਖਣ ਦੀ ਆਸ ਕੀਤੀ ਹੈ।
ਵਿਦਿਆਰਥੀਆਂ ਵਿੱਚ ਪੁਸਤਕ ਪ੍ਰੇਮ ਸਾਜਣ ਲਈ ਪਿਛਲੇ ਦਿਨੀ ਪੰਜਾਬ ਦੇ ਮਾਣਯੋਗ ਰਾਜ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਵਲੋਂ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ ‘ਲਾਇਬ੍ਰੇਰੀ ਲੰਗਰ’ ਨਾਮਕ ਮੁਹਿੰਮ ਸ਼ੁਰੂ ਕੀਤੀ ਗਈ । ਪੁਸਤਕ ਜਗਤ ਵਿੱਚ ਇਹ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ‘ਲੰਗਰ’ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਗਿਆਨ ਦੀ ਭੁੱਖ ਅਤੇ ਪੁਸਤਕਾਂ’ਚ ਪਾਠਕਾਂ ਨੂੰ ਪਾਉਣ ਦੀ ਲਾਲਸ ਦੀ ਸੰਤੁਸ਼ਟੀ ਹੈ । ਇਹ ਲੰਗਰ , ਲਾਇਬ੍ਰਰੇਰੀ ਦੇ ਪਿਤਾ ਡਾ. ਰੰਗਾਨਾਥਨ ਵਲੋਂ ਲਿਖੇ ਲਾਇਬ੍ਰੇਰੀ ਦੇ ਨਿਯਮਾਂ ਨੂੰ ਵੀ ਤ੍ਰਿਪਤ ਕਰਦਾ ਹੈ । ਲਾਇਬਰਰੇਰੀ ਦੇ ਪੰਜ ਨਿਯਮ ਹਨ:
* ਕਿਤਾਬਾਂ ਵਰਤਣ ਲਈ ਹਨ
* ਹਰ ਪਾਠਕ ਨੂੰ ਉਸਦੀ ਕਿਤਾਬ ਮਿਲੇ
* ਹਰ ਕਿਤਾਬ ਨੂੰ ਉਸ ਦਾ ਪਾਠਕ ਮਿਲੇ
* ਪਾਠਕ ਦੇ ਸਮੇ ਨੂੰ ਬਚਾਓ
* ਲਾਇਬ੍ਰੇਰੀ ਇਕ ਵਧ ਰਹੀ ਸੰਸਥਾ ਹੈ
ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਨ ਦੀ ਰੂਚੀ ਪੈਦਾ ਕਰਨ ਲਈ ਆਧਿਆਪਕ ਨੂੰ ਉਨ੍ਹਾਂ ਨਾਲ ਲਾਇਬ੍ਰੇਰੀ ਵਿੱਚ ਬੈਠ ਕਿ ਕਿਤਾਬ ਪੜ੍ਹਨੀ ਚਾਹੀਦੀ ਹੈ ਅਤੇ ਫਿਰ ਉਸ ਉੱਤੇ ਵਿਚਾਰ-ਵਿਟਾਂਦਰਾ ਵੀ ਕਰਨਾ ਚਾਹੀਦਾ ਹੈ । ਵਿਦਿਆਰਥੀਆਂ ਵਿੱਚ ਪੁਸਤਕ ਚਰਚਾ , ਬੁੱਕ ਰਿਵਿਊ ,ਲੇਖ ਆਦਿ ਮੁਕਾਬਲੇ ਕਰਵਾਉਣੇ ਚਾਹੀਦੇ ਹਨ ਅਤੇ ਉਨ੍ਹਾ ਨੂੰ ਸਨਮਾਨਤ ਕਰਨਾ ਚਾਹੀਦਾ ਹੈ ਤਾਂਜੋ ਬੱਚੇ ਦਾ ਉਤਸ਼ਾਹ ਵੱਧੇ ਅਤੇ ਹੋਰ ਵਿਦਿਆਰਥੀ ਵੀ ਪੁਸਤਕਾਂ’ਚ ਦਿਲਚਸਪੀ ਲੈਣ।
ਹੇਨਰੀ ਵਾਰਡ ਬੀਚਰ ਅਨੁਸਾਰ, “ਲਾਇਬ੍ਰੇਰੀ ਇਕ ਲਗਜ਼ਰੀ ਨਹੀਂ ਸਗੋਂ ਜੀਵਨ ਦੀਆਂ ਜ਼ਰੂਰਤਾਂ ਵਿੱਚੋਂ ਇਕ ਹੈ”।