ਸੰਸਾਰ ਵਿਚ ਅਜਿਹਾ ਕੋਈ ਘਰ ਨਹੀਂ ਜਿਥੇ ਮੌਤ ਨ ਵਾਪਰੀ ਹੋਵੇ। ਜਦੋਂ ਮਨੁੱਖ ਦੇ ‘ਸੁਆਸਾਂ’ ਦੀ ਪੂੰਜੀ ਮੁੱਕ ਜਾਂਦੀ ਹੈ, ਨਾ ਹੱਥ ਪੈਰ ਚਲਦੇ ਹਨ, ਨਾ ਜ਼ਬਾਨ ਬੋਲਦੀ ਹੈ, ਨਾ ਅੱਖਾਂ ਵਿਚ ਵੇਖਣ ਵਾਲੀ ਜੋਤਿ ਰਹਿੰਦੀ ਹੈ। ਮੌਤ ਤੋਂ ਕਿਸੇ ਜੀਵ ਨੂੰ ਛੋਟ ਨਹੀਂ ਮਿਲ ਸਕਦੀ। ਗੁਰਦੇਵ ਪਿਤਾ ਜੀ ਨੇ ਇਸ ਸਚਾਈ ਨੂੰ ਇਉਂ ਅੰਕਿਤ ਕੀਤਾ ਹੈ।
(À) ਮਰਣੈ ਤੇ ਜਗਤ ਡਰੈ ਜੀਵਿਆ ਲੋੜੈ ਸਭੁ ਕੋਇ£ (ਅੰਗ – 555)
(ਅ) ਸਭਨਾ ਮਰਣਾ ਆਇਆ ਵੇਛੋੜਾ ਸਭਨਾਹ£ (ਅੰਗ – 595)
ਆਓ ਹੁਣ ਜੰਮਣ ਮਰਣ ਤੋਂ ਉੱਚੇ ਉਠ ਕੇ ਗੁਰਮੁਖ ਪਿਆਰੇ ਤੇ ਰੰਗਲੇ ਸੱਜਣ ਵੱਡੇ ਵੀਰ ਭਾਈ ਕੁਲਵਿੰਦਰ ਸਿੰਘ ਜੀ ਦੀ ਸੰਖੇਪ ਜੀਵਨ ਗਾਥਾ ਵੱਲ ਪੰਛੀ ਨਜ਼ਰ ਮਾਰੀਏ। ਆਪ ਚੰਗੇ ਨਿਤਨੇਮੀ ਗੁਰਸਿੱਖ, ਗੁਰਮਤਿ ਮਾਰਗ ਦੇ ਪਾਂਧੀ, ਰਹਿਣੀ ਤੇ ਕਰਨੀ ਵਿਚ ਪਰਪੱਕ, ਜਿਨਾਂ ਦੇ ਹਿਰਦੇ ਵਿਚ ਸਾਰਿਆਂ ਨਾਲ ਮਿਲਵਰਤਣ ਦਾ ਚਾਉ ਸਦਾ ਉਛਾਲ ਮਾਰਦਾ ਵਿਖਾਈ ਦੇਂਦਾ ਸੀ। ਆਪ ਦਾ ਜਨਮ 10 ਅਗਸਤ 1940 ਨੂੰ ਪਿੰਡ ਢੰਡ, ਜ਼ਿਲਾ ਅੰਮ੍ਰਿਤਸਰ ਵਿਖੇ ਮਾਤਾ ਕੁਲਵੰਤ ਕੌਰ ਦੀ ਕੁਖੋਂ ਤੇ ਪਿਤਾ ਸਰਮੁਖ ਸਿੰਘ ਦੇ ਘਰ ਹੋਇਆ। ਆਪ ਦੇ ਪਿਤਾ ਜੀ ਅੰਮ੍ਰਿਤਸਰ ਵਿਖੇ ਘੋੜ ਪੁਲੀਸ ਵਿਚ ਮੁਲਾਜਮਤ ਕਰਦੇ ਸਨ, ਇਸ ਲਈ ਵਧੇਰੇ ਰਿਹਾਇਸ਼ ਅੰਮ੍ਰਿਤਸਰ ਹੋਣ ਕਾਰਨ ਆਪ ਦੀ ਮੁਢਲੀ ਵਿਦਿਆ ਸੁਖਾ ਸਿੰਘ ਮਹਿਤਾਬ ਸਿੰਘ ਖਾਲਸਾ ਸਕੂਲ, ਅੰਮ੍ਰਿਤਸਰ ਤੋਂ ਲਈ ਜਿਥੋਂ ਆਪਨੇ ਦਸਵੀਂ ਪਾਸ ਕੀਤੀ।
ਵੀਹ ਸਾਲ ਦੀ ਉਮਰ ਵਿਚ ਸੰਨ 1960 ਵਿਚ ਆਪ ਭਾਰਤੀ ਹਵਾਈ ਸੈਨਾ ਵਿਚ ਭਰਤੀ ਹੋ ਗਏ। ਜਦੋਂ ਆਪ ਕਲਕਤਾ ਡੰਮਡੰਮ ਤੋਂ ਪੰਜਾਬ ਛੁਟੀ ਆਏ ਤਾਂ 19 ਫਰਵਰੀ 1962 ਨੂੰ ਆਪ ਦਾ ਅਨੰਦ ਕਾਰਜ ਬੀਬੀ ਗੁਰਦੇਵ ਕੌਰ ਪੁੱਤਰੀ ਕਪੂਰ ਸਿੰਘ ਤੇ ਪਿਤਾ ਹਰਮੰਦਰ ਸਿੰਘ ਦੇ ਘਰ ਪਿੰਡ ਸ਼ਾਹਕੋਟ ਚੰਡੋਆ, ਜ਼ਿਲਾ ਜਲੰਧਰ ਵਿਖੇ ਹੋਇਆ। ਆਪ ਚੜਦੀ ਜੁਵਾਨੀ ਵਿਚ ਸੰਨ 1968 ਵਿਚ ਗੋਬਿੰਦ ਨਗਰ ਅੰਬਾਲਾ ਵਿਖੇ ਹੋਏ ਸਲਾਨਾ ਅਖੰਡ ਕੀਰਤਨੀ ਸਮਾਗਮ ਵਿਚ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਵਾਲੇ ਬਣ ਗਏ ਤੇ ਅਖੰਡ ਕੀਰਤਨੀ ਜਥੇ ਨੂੰ ਸੰਪੂਰਨ ਰੂਪ ਵਿਚ ਸਮਰਪਿਤ ਹੋ ਗਏ।
ਸੰਨ 1970 ਵਿਚ ਜਲੰਧਰ ਵਿਖੇ ਪੱਕੇ ਤੌਰ ਤੇ ਅਪਣਾ ਮਕਾਨ ਬਣਾ ਲਿਆ ਤੇ ਬੱਚਿਆਂ ਨੂੰ ਜਲੰਧਰ ਛਾਉਣੀ ਸੈਂਟਰਲ ਸਕੂਲ ਵਿਚ ਦਾਖਲ ਕਰਵਾਇਆ। ਆਪ ਪੈਸਟਿੰਗ ਦੌਰਾਨ ਕੱਲਕਤਾ, ਜਾਮ ਨਗਰ, ਬੜੋਦਾ, ਪੂਨਾ, ਬੰਬਈ, ਫਰੀਦਾਬਾਦ, ਚੰਡੀਗੜ੍ਹ, ਅੰਬਾਲਾ ਤੇ ਦਿੱਲੀ ਵਿਖੇ ਰਹੇ। ਸੰਨ 1982 ਵਿਚ ਭਾਰਤੀ ਹਵਾਈ ਸੈਨਾ ਦੀ ਫੌਜ ਤੋਂ ਵਰੰਟ ਅਫਸਰ ਦੀ ਪੋਸਟ ਤੋਂ ਬੇਦਾਗ ਸੇਵਾ ਮੁਕਤੀ ਪ੍ਰਾਪਤ ਕੀਤੀ।
ਆਪ ਜੀ ਨੂੰ 1970-71 ਦੇ ਦੌਰਾਨ ਚੰਡੀਗੜ੍ਹ ਸੇਵਾ ਕਰਨ ਦਾ ਅਵਸਰ ਮਿਲਿਆ। ਆਪ ਕੁਛ ਸਮੇਂ ਭਾਈ ਹਰਨਾਮ ਸਿੰਘ ਕੋਮਲ ਦੇ ਛੋਟੇ ਭਰਾ ਮਾਸਟਰ ਭੂਪਿੰਦਰ ਸਿੰਘ ਪਾਸ ਨਿਵਾਸ ਕੀਤਾ। ਜਿਥੇ ਆਪ ਨੂੰ ਭਾਈ ਹਰਨਾਮ ਸਿੰਘ ਕੋਮਲ, ਭਾਈ ਹਰਿਚਰਨ ਸਿੰਘ ਤੇ ਹੋਰ ਨਾਮਵਰ ਰੰਗਲੇ ਸੱਜਣਾਂ ਦੀ ਸੰਗਤ ਕਰਨ ਦਾ ਅਵਸਰ ਤੇ ਅਖੰਡ ਕੀਰਤਨ ਸਮਾਗਮਾਂ ਵਿਚ ਅਪਣੀ ਹਾਜ਼ਰੀ ਪਾਉਣ ਦਾ ਅਵਸਰ ਮਿਲਦਾ ਰਿਹਾ। ਜਦੋਂ ਸੰਨ 1982 ਵਿਚ ਸੇਵਾ ਮੁਕਤੀ ਮਗਰੋ ਤਸ਼ਰੀਫ ਲਿਆ ਆਏ। ਇਥੇ ਗੁਰੂ ਦੀ ਅਜਿਹੀ ਕ੍ਰਿਪਾ ਹੋਈ ਕਿ ਆਪ ਐਮ. ਜੀ. ਐਨ. ਹਾਈ ਸਕੂਲ ਵਿੱਚ ਪੱਕੇ ਤੌਰ ਤੇ ਦਫਤਰ ਵਿਚ ਕਿਸੇ ਅਸਾਮੀ ਤੇ ਲੱਗ ਗਏ ਤੇ ਆਪ ਕੈਨੇਡਾ ਆਉਣ ਤਕ 1997 ਤਕ ਉਥੇ ਨਿਰੰਤਰ ਕੰਮ ਕਰਦੇ ਰਹੇ। ਜਲੰਧਰ ਦਾ ਸਮਾਂ ਆਪ ਦਾ ਸੁਨਿਹਰਾ ਸਮਾਂ ਸੀ ਜਿਥੇ ਆਪ ਨੇ ਬੀਬੀ ਹਰਸ਼ਰਨ ਕੌਰ, ਕਰਨਲ ਦਲਜੀਤ ਸਿੰਘ, ਭਾਈ ਜੋਗਿੰਦਰ ਸਿੰਘ ਤਲਵਾੜਾ, ਪ੍ਰਿੰਸੀਪਲ ਗੁਰਮੁਖ ਸਿੰਘ ਜੀ ਦੀ ਸੰਗਤ ਲਈ ਤੇ ਪਿਆਰ ਦੀਆਂ ਬੁਕਾਂ ਪੀ-ਪੀ ਅਪਣੀ ਤ੍ਰਿਸ਼ਨਾ ਬੁਝਾਈ।
ਆਪ ਜੀ ਸੰਨ 1997 ਪੱਕੇ ਤੌਰ ਤੇ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਆ ਗਏ। ਸਰੀ ਦੇ ਖਾਲਸਾ ਸਕੂਲ ਦੇ ਸਾਹਮਣੇ ਅਪਣਾ ਨਿਵਾਸ ਸਥਾਪਤ ਕੀਤਾ। ਆਪ ਸਦਾ ਬਾਣੀ ਤੇ ਬਾਣੇ ਵਿਚ ਰੰਗੇ ਰਹਿਣ ਵਾਲੇ ਗੁਰਸਿੱਖ ਤੇ ਗੁਰੂ ਦੇ ਲਾਲ ਸਨ। ਉਨ੍ਹਾਂ ਅਪਣੇ ਘਰ ਦੇ ਬਾਹਰ ਵੱਡੇ ਅੱਖਰਾਂ ਵਿਚ ਇਕ ਬੋਰਡ ਲਾਇਆ ਸੀ ਜਿਸ ਉਤੇ ਇਹ ਪੰਗਤੀਆਂ ਉਕਰੀਆਂ ਹੋਈਆਂ ਸਨ – ”ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ”। ਉਨ੍ਹਾਂ ਦੀ ਜਿੰਦਗੀ ਦਾ ਆਧਾਰ ਇਸ ਪੰਗਤੀ ਤੇ ਪੂਰਨ ਢੁਕਦਾ ਸੀ। ਕੈਨੇਡਾ ਵਿਚ ਜਦੋਂ ਵੀ ਸਮਾਗਮ ਹੋਂਦੇ ਆਪ ਵੱਧ-ਚੜ੍ਹ ਕੇ ਹਿਸਾ ਪਾਉਂਦੇ। ਆਪ ਦਾ ਨਿਸ਼ਾਨਾ ਨਵੀਂ ਪਨੀਰੀ ਦੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਣਾ ਹੁੰਦਾ ਸੀ। ਇਸੇ ਕਾਰਨ ਜਦੋਂ ਵੀ ਭਾਰਤ ਤੋਂ ਅਖੰਡ ਕੀਰਤਨ ਜੱਥੇ ਦੇ ਮੰਨੇ-ਪ੍ਰਮੰਨੇ ਕੀਰਤਨੀ ਭਾਈ ਮੇਹਰ ਸਿੰਘ, ਭਾਈ ਜੀਵਨ ਸਿੰਘ ਪਹੁੰਚਦੇ ਤਾਂ ਆਪ ਅਪਣੇ ਘਰ ਵਿਚ ਬੱਚਿਆਂ ਨੂੰ ਕੀਰਤਨ ਦੀ ਦਾਤ ਦਵਾਉਣ ਹਿਤ ਸ਼ਾਮਾਂ ਨੂੰ ਕੀਰਤਨ ਦਰਬਾਰ ਕਰਵਾਉਂਦੇ। ਬੱਚਿਆਂ ਨੂੰ ਸਾਜਾਂ ਤੇ ਬਿਠਾਉਣਾ ਤੇ ਬਾਣੀ ਨਾਲ ਜੋੜਣਾ ਇਨ੍ਹਾਂ ਦਾ ਮੁੱਖ ਕਾਰਜ ਸੀ। ਇਹੋ ਕਾਰਣ ਹੈ ਇਨ੍ਹਾਂ ਦੀਆਂ ਦੋਨੋਂ ਬੱਚੀਆਂ ਬੀਬੀ ਰੁਪਿੰਦਰ ਕੌਰ ਤੇ ਬੀਬੀ ਰਜਿੰਦਰ ਕੌਰ ਕੀਰਤਨ ਅਖਾੜਿਆਂ ਵਿਚ ਸੰਗਤਾਂ ਨੂੰ ਅੰਮ੍ਰਿਤ ਵਰਖਾ ਦੇ ਨਾਲ ਗਦ-ਗਦ ਕਰ ਦੇਂਦੀਆਂ ਸਨ। ਉਨ੍ਹਾਂ ਦੇ ਸੁਰੀਲੇ ਕੰਠ ਚੋਂ ਨਿਕਲਦੀ ਬਾਣੀ ਚਸ਼ਮੇ ਦੀ ਵੱਗ ਰਹੀ ਨਿਰਮਲ ਧਾਰ ਵਾਂਗ ਹੁੰਦੀ। ਆਪ ਦੀਆਂ ਦੋਹਤੀਆਂ ਵੀ ਚੰਗਾ ਗੁਰੂ ਦਾ ਜੱਸ ਗਾਇਨ ਕਰ ਲੈਂਦੀਆਂ। ਇਥੇ ਸਮਾਗਮਾਂ ਵਿਚ ਆਪ ਦੀ ਮੁੱਖ ਸੇਵਾ ਤਾਂ ਪ੍ਰੋਜੈਕਟਰ ਰਾਹੀਂ ਹਰ ਸ਼ਬਦ ਨੂੰ ਅੰਗਰੇਜ਼ੀ ਤੇ ਗੁਰਮੁਖੀ ਵਿਚ ਸਕਰੀਨ ਤੇ ਉਸ ਦੇ ਅਰਥ ਕਰਨ ਵਿਚ ਸਹਾਈ ਹੋਂਦੇ ਤਾਂ ਜੋ ਸੰਗਤਾਂ ਅਰਥਾਂ ਨੂੰ ਸਮਝ ਬਾਣੀ ਨੂੰ ਅਪਣੇ ਧੁਰ ਅੰਦਰ ਵਾਸਾ ਕਰ ਸਕਣ ਦੀ ਸਮਰਥਾ ਰਖ ਸਕੇ। ਆਪ ਦਾ ਸਮੁੱਚਾ ਜੀਵਨ ਗੁਣਾਂ ਦੀ ਸੁਗੰਧੀ ਵਾਂਗ ਲਪਟਾਂ ਮਾਰਦਾ ਵਖਾਈ ਦੇਂਦਾ ਸੀ, ਜਿਸਦੇ ਹਿਰਦੇ ਵਿਚ ਸੇਵਾ ਭਾਵਨਾ ਕੁਟ-ਕੁਟ ਕਿ ਭਰੀ ਹੋਈ ਸੀ। ਆਪ ਛਿਪੇ ਰਹਿਣ ਦੀ ਚਾਹ ਰਖਣ ਵਾਲੇ ਗੁਰਸਿੱਖ ਸਨ। ਆਪ ਨੇ ਕਦੇ ਆਪਾ ਨਹੀਂ ਜਤਾਇਆ। ਸਿਦਕ ਨਿਰਤ ਦੀ ਮੂਰਤ, ਨਿਮਰਤਾ ਦੇ ਪੁੰਜ, ਬਾਣੀ ਤੇ ਬਾਣੇ ਦੇ ਧਾਰਨੀ, ਨਿਰਮਲ ਹਿਰਦੇ ਵਾਲੇ, ਸਦਾ ਲੋੜ ਵੰਧਾ ਦੇ ਮਦਦਗਾਰ, ਸੱਚ ਦੇ ਪਹਿਰੇਦਾਰ ਸਨ। ਉਨ੍ਹਾਂ ਸਮੁੱਚਾ ਜੀਵਨ ਅਖੰਡ ਕੀਰਤਨੀ ਜੱਥੇ ਦੀ ਸੰਗਤ ਵਿਚ ਬਿਤਾਇਆ। ਗਿਆਨੀ ਨਾਹਰ ਸਿੰਘ, ਮਾਸਟਰ ਉਜਾਗਰ ਸਿੰਘ, ਨਿਹੰਗ ਭਾਈ ਗੁਰਦੀਪ ਸਿੰਘ ਉਨ੍ਹਾਂ ਦੇ ਅੱਤ ਨਿਕਟਵਰਤੀਆਂ ਵਿਚੋਂ ਇਕ ਸਨ। ਜੱਥੇ ਵਿਚ ਸਦਾ ਚੜਦੀਆਂ ਕਲਾਂ ਵਿਚ ਰਹਿੰਦਾ ਜੇਕਰ ਕੋਈ ਗੱਲ ਗੁਰਮਤਿ ਦੇ ਖਿਲਾਫ ਲੱਗੇ ਤਾਂ ਉਸ ਨੂੰ ਗਲਤ ਕਹਿਣ ਦੀ ਜੁਅਰਤ ਰੱਖਦੇ ਤੇ ਗੁਰਮਤਿ ਦੇ ਅਡੋਲ ਪਹਿਰੇਦਾਰ ਤੇ ਸੱਚੀ ਤੇ ਜਾਗਦੀ ਰੂਹ ਸੀ।
ਮੇਰੀ ਸਾਂਝ ਉਨ੍ਹਾਂ ਨਾਲ ਕੈਨੇਡਾ ਆਉਣ ਤੇ ਹੀ ਪਿਛਲੇ ਵੀਹ ਕੁ ਸਾਲਾਂ ਦੀ ਸੀ। ਪਿਛਲੇ ਤਿੰਨਾਂ ਸਾਲਾਂ ਤੋਂ ਨਿਰੰਤਰ ਅਸੀਂ ਇਕੋ ਕਿਸ਼ਤੀ ਵਿਚ ਸਵਾਰ ਸੀ। ਦੋਨੋਂ ਵੱਖ ਵੱਖ ਰੋਗਾਂ ਨਾਲ ਪੀੜਤ ਸੀ। ਆਪ 26 ਮਾਰਚ 2019 ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਕੂਚ ਕਰ ਗਏ। ਉਨ੍ਹਾਂ ਦਾ ਵੱਡਾ ਲੜਕਾ ਡਾ. ਅਵਤਾਰ ਸਿੰਘ ਦਿਲ ਦੇ ਰੋਗਾਂ ਦਾ ਮਾਹਰ ਡਾਕਟਰ, ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਉਹ ਕੈਨੇਡਾ ਦੀ ਸਿੱਖ ਸੋਚ ਤੇ ਵਿਰਾਸਤ ਦੀ ਇਕ ਬੁਲੰਦ ਆਵਾਜ ਹੈ। ਆਪ ਦੇ ਪੋਤੇ ਕਾਕਾ ਅਣੋਖ ਸਿੰਘ ਤੇ ਕਾਕਾ ਅਮੋਲਕ ਸਿੰਘ ਯੂਨੀਵਰਸਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚੋਂ ਡਾਕਟਰੀ ਕਰ ਰਹੇ ਹਨ। ਆਪ ਦੀਆਂ ਤਿੰਨ ਪੋਤੀਆਂ ਤੇ ਇਕ ਪੋਤਾ ਵੀ ਸਿੱਖੀ ਦੀ ਮਹਿਕ ਖਿੰਡਾ ਰਹੇ ਹਨ। ਕੈਨੇਡਾ ਦੀ ਚਲਦੀ ਫਿਰਦੀ ਗੁਰਮਤਿ ਤੇ ਸਿੱਖੀ ਦੀ ਟਕਸਾਲ ਸਦਾ ਲਈ ਕੂਚ ਕਰ ਗਈ। ਗੁਰੂ ਪਾਤਿਸ਼ਾਹ ਜੀ ਅੱਗੇ ਅਰਦਾਸ ਹੈ ਵਿਛੜੀ ਆਤਮਾ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।