ਬਾਦਸ਼ਾਹਪੁਰ, 22 ਜੁਲਾਈ (ਰਸ਼ਪਾਲ ਸਿੰਘ ਢੋਟ)- ਐਡੀਸ਼ਨਲ ਚੀਫ ਸਕੱਤਰ ਪੰਜਾਬ ਕੇ ਪੀ.ਐਸ. ਸਿੱਧੂ ਨੇ ਘੱਗਰ ਦਰਿਆ ਦਾ ਬੰਨ੍ਹ ਟੁੱਟਣ ਨਾਲ ਬਾਦਸ਼ਾਹ ਪੁਰ ਇਲਾਕੇ ਸਮੇਤ ਕਈ ਹੋਰ ਪਿੰਡਾਂ ਦੀ ਹਜਾਰਾਂ ਏਕੜ੍ਹ ਮਾਰੀ ਗਈ ਫਸਲ ਦਾ ਜਾਇਜਾ ਲਿਆ। ਇਲਾਕੇ ਦੇ ਕਿਸਾਨਾਂ ਨੂੰ ਉਸ ਵੇਲੇ ਵੱਡੀ ਆਸ ਦੀ ਕਿਰਣ ਦਿਖਾਈ ਦਿੱਤੀ ਜਦੋਂ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿੱਤ ਨੇ ਸਾਰੀ ਸਥਿੱਤੀ ਤੋਂ ਜਾਣੂੰ ਕਰਵਾਇਆ ਅਤੇ ਇਸ ਮਸਲੇ ਦਾ ਪੱਕਾ ਹੱਲ ਕਰਨ ਲਈ ਪੂਰੀ ਸਥਿੱਤੀ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। 19 ਜੁਲਾਈ ਨੂੰ ਘੱਗਰ ਦਰਿਆ ਦਾ ਬੰਨ੍ਹ ਟੁੱਟਣ ਨਾਲ ਬਾਦਸ਼ਾਹਪੁਰ ਦੀ ਹਜਾਰਾਂ ਏਕੜ੍ਹ ਫਸਲ ਮਾਰੀ ਗਈ ਸੀ। ਇਸ ਦਾ ਦੌਰਾ ਕਰਨ ਆਏ ਲੋਕ ਸਭਾ ਮੈਂਬਰ ਸ਼੍ਰੀ ਮਤੀ ਪ੍ਰਨੀਤ ਕੌਰ ਤੋਂ ਕਿਸਾਨਾਂ ਨੇ ਘੱਗਰ ਦਰਿਆ ਦੇ ਮਸਲੇ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਸੀ। ਸਹਾਇਕ ਚੀਫ ਸਕੱਤਰ ਪੰਜਾਬ ਕੇ ਪੀ. ਐਸ. ਸਿੱਧੂ ਨੇ ਬਾਦਸ਼ਾਹਪੁਰ ਦਾ ਦੌਰਾ ਕਰਕੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿੱਤ ਸਮੇਤ ਕਾਫੀ ਸਮਾਂ ਲਾਇਆ ਭਾਂਵੇ ਇਸ ਬਾਰੇ ਕੇ ਪੀ. ਐਸ. ਸਿੱਧੂ ਨੇ ਕਿਸੇ ਤਰਾਂ ਦੀ ਕੋਈ ਵੀ ਗੱਲ ਨਾਂ ਤਾਂ ਮੀਡਿਆ ਨਾਲ ਕੀਤੀ ਅਤੇ ਨਾਂ ਹੀ ਕਿਸੇ ਕਿਸਾਨ ਜਾਂ ਇਲਾਕੇ ਦੇ ਮੋਹਤਬਰ ਨਾਲ ਕਿਸੇ ਤਰਾਂ ਦੀ ਕੋਈ ਵੀ ਗੱਲ ਸਾਂਝੀ ਕੀਤੀ ਗਈ। ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿੱਤ ਨੇ ਕਿਹਾ ਕਿ ਪੰਜਾਬ ਸਰਕਾਰ ਘੱਗਰ ਦਰਿਆ ਦਾ ਕੋਈ ਪੱਕਾ ਹੱਲ ਕੀਤੇ ਜਾਣ ਲਈ ਯਤਨਸ਼ੀਲ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਬਾਦਸ਼ਾਹਪੁਰ ਦੇ ਦੌਰੇ ਦੌਰਾਂਨ ਸ਼੍ਰੀ ਮਤੀ ਪ੍ਰਨੀਤ ਕੌਰ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਇਸ ਵਾਰ ਘੱਗਰ ਦਰਿਆ ਦਾ ਮਸਲੇ ਦਾ ਕੋਈ ਅਜਿਹਾ ਹੱਲ ਕੀਤਾ ਜਾਵੇਗਾ ਤਾਂ ਜੋਂ ਕਿਸਾਨਾਂ ਨੂੰ ਵਾਰ ਵਾਰ ਨੁਕਸਾਨ ਨਾਂ ਝੱਲਣਾਂ ਪਵੇ।ਇਸ ਕਰਕੇ ਐਡੀਸ਼ਨਲ ਚੀਫ ਸਕੱਤਰ ਪੰਜਾਬ ਕੇ ਪੀ. ਐਸ. ਸਿੱਧੂ ਵੱਲੋਂ ਵਿਸ਼ੇਸ਼ ਤੌਰ ਤੇ ਕੀਤੇ ਗਏ ਦੌਰੇ ਨੂੰ ਬਾਦਸ਼ਾਹਪੁਰ ਇਲਾਕੇ ਦੇ ਲੋਕ ਸ਼੍ਰੀ ਮਤੀ ਪ੍ਰਨੀਤ ਕੌਰ ਵੱਲੋਂ ਲੋਕਾਂ ਨੂੰ ਦਿੱਤੇ ਗਏ ਭਰੋਸੇ ਨਾਲ ਜੋੜ੍ਹ ਕੇ ਦੇਖ ਰਹੇ ਹਨ। ਕਿਸਾਨਾਂ ਦਾ ਕਹਿਣਾਂ ਸੀ ਕਿ ਉਨ੍ਹਾਂ ਨੂੰ ਆਸ ਸੀ ਕੀ ਹੜ੍ਹ ਨਾਲ ਹੋਏ ਖਰਾਬੇ ਦਾ ਮੁਆਵਜਾ ਦੇਣ ਲਈ ਸਰਕਾਰ ਵੱਲੋਂ ਸ਼ਾਇਦ ਸਪੈਸ਼ਲ ਗਿਰਦਵਾਰੀ ਦੇ ਹੁਕਮ ਜਾਰੀ ਕੀਤੇ ਜਾਣਗੇ ਪਰ ਅਜਿਹਾ ਨਾਂ ਹੋਣ ਨਾਲ ਜਿੱਥੇ ਉਨ੍ਹਾਂ ਨੂੰ ਨਿਰਾਸ਼ਾਂ ਹੋਈ ਹੈ ਉੱਥੇ ਹੀ ਐਡੀਸ਼ਨਲ ਚੀਫ ਸਕੱਤਰ ਪੰਜਾਬ ਦੇ ਦੌਰੇ ਨਾਲ ਨੂੰ ਉਨ੍ਹਾਂ ਨੂੰ ਘੱਗਰ ਦਰਿਆ ਦਾ ਪੱਕਾ ਹਲ ਕੀਤੇ ਜਾਣ ਦੀ ਆਸ ਵੀ ਬੱਝੀ ਹੈ।