ਸਾਦਿਕ, 16 ਜੁਲਾਈ (ਕਰਮ ਸੰਧੂ)- ਹਾਲ ਹੀ ਆਸਟ੍ਰੇਲੀਆ ਵਿਖੇ ਹੋਈ ਮਾਸਟਰ ਨੈਸ਼ਨਲ ਗੇਮਜ਼ ‘ਚ ਚਾਂਦੀ ਦਾ ਤਗਮਾ ਜਿੱਤਣ ਵਾਲੀ, ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰੁਪਿੰਦਰ ਕੌਰ ਦੇ ਸਨਮਾਨ ‘ਚ ਪਿੰਡ ਟਹਿਣਾ ਦੀਆਂ ਤਿੰਨੇ ਪੰਚਾਇਤਾਂ, ਸਨਮਾਨ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਪਿੰਡ ਦੀ ਨੂੰਹ ਰੁਪਿੰਦਰ ਕੌਰ ਦੇ ਸਨਮਾਨ ‘ਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਮੌਕੇ ਰੁਪਿੰਦਰ ਕੌਰ ਅਤੇ ਬਲਜੀਤ ਸਿੰਘ ਨੂੰ ਇੱਕ ਵੱਡੇ ਕਾਫ਼ਲੇ ਦੇ ਰੂਪ ‘ਚ ਸਮਾਗਮ ‘ਚ ਲਿਆਂਦਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਰੁਪਿੰਦਰ ਕੌਰ ਨੇ ਵੇਟ ਲਿਫ਼ਟਿੰਗ ਦੇ 84 ਕਿਲੋਗ੍ਰਾਮ ਭਾਰ ਵਰਗ ‘ਚ 125 ਕਿਲੋਗ੍ਰਾਮ ਭਾਰ ਚੁੱਕ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਸੀ। ਪਿੰਡ ਟਹਿਣਾ ਵਿਖੇ ਕੀਤੇ ਸਨਮਾਨ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਗੁਰਜੀਤ ਸਿੰਘ ਏ.ਡੀ.ਸੀ.(ਜਨਰਲ) ਨੇ ਕੀਤੀ। ਸਤਿਕਾਰਿਤ ਮਹਿਮਾਨ ਵਜੋਂ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈੱਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਪਹੁੰਚੇ। ਵਿਸ਼ੇਸ਼ ਮਹਿਮਾਨਾਂ ਵਜੋਂ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਧਨਜੀਤ ਸਿੰਘ ਧਨੀ, ਬਲਵੰਤ ਸਿੰਘ ਸਰਪੰਚ ਭਾਣਾ, ਲਖਵਿੰਦਰ ਸਿੰਘ ਚੰਦਬਾਜਾ, ਕੁਲਵਿੰਦਰ ਸਿੰਘ ਸਰਪੰਚ ਪੱਖੀ ਕਲਾਂ, ਪਿੰਡ ਟਹਿਣਾ ਦੇ ਸਰਪੰਚ ਜਗਰਾਜ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਸ਼ਾਮਲ ਹੋਏ। ਇਸ ਮੌਕੇ ਰੁਪਿੰਦਰ ਕੌਰ ਦੇ ਪ੍ਰੀਵਾਰਿਕ ਮੈਂਬਰਾਂ, ਉਨ੍ਹਾਂ ਦੇ ਪੰਜਾਬ ਡਿਗਰੀ ਕਾਲਜ ਮਹਿਮਾਣਾ ਤੇ ਪਹੁੰਚੇ ਸਟਾਫ਼ ਮੈਂਬਰਾਂ, ਮਹਿਮਾਨਾਂ ਨੂੰ ਜੀ ਆਇਆਂ ਨੂੰ ਸੀਨੀਅਰ ਕਾਂਗਰਸੀ ਆਗੂ ਕਰਮਜੀਤ ਸਿੰਘ ਟਹਿਣਾ ਨੇ ਆਖਿਆ। ਇਸ ਮੌਕੇ ਉਨ੍ਹਾਂ ਰੁਪਿੰਦਰ ਕੌਰ ਦੇ ਖੇਡ ਜੀਵਨ ਅਤੇ ਪ੍ਰਾਪਤੀਆਂ ਤੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਧਨਜੀਤ ਸਿੰਘ ਧਨੀ ਕਾਂਗਰਸੀ ਆਗੂ, ਜਸਬੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ, ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈੱਕਟਰ, ਗੁਰਜੀਤ ਸਿੰਘ ਏ.ਡੀ.ਸੀ (ਜਨਰਲ) ਨੇ ਰੁਪਿੰਦਰ ਕੌਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੰਦਿਆਂ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ, ਜਲ ਸ਼ਕਤੀ ਅਭਿਆਨ ਤਹਿਤ ਪਾਣੀ ਬਚਾਉਣ ਵਾਸਤੇ ਪ੍ਰੇਰਿਤ ਕੀਤਾ।