ਲੰਘੀ 9 ਜੁਲਾਈ ਨੂੰ ਪੰਜਾਬ ਸਰਕਾਰ ਨੇ ਚੰਡੀਗੜ੍ਹ ਦੇ ਹਯਾਤ ਹੋਟਲ ‘ਚ ਸੂਬੇ ਦੇ ਬਿਹਤਰੀਨ ਖਿਡਾਰੀਆਂ ਲਈ ਸਟੇਟ ਦੇ ਸਭ ਤੋਂ ਵੱਡੇ ਐਵਾਰਡ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ। ਕੁੱਲ 101 ਖਿਡਾਰੀਆਂ ਨੇ ਇਸ ਐਵਾਰਡ ਸਮਾਰੋਹ ‘ਚ ਸਨਮਾਨ ਹਾਸਲ ਕੀਤਾ। ਮੈਨੂੰ ਵੀ ਇਸ ਸਮਾਰੋਹ ‘ਚ ਜਾਣ ਦਾ ਮੌਕਾ ਮਿਲਿਆ, ਜਿਸਦਾ ਮੁੱਖ ਕਾਰਨ ਉਨ੍ਹਾਂ ਖਿਡਾਰੀਆਂ ਦੇ ਇਸ ਮਹਾਨ ਐਵਾਰਡ ਨੂੰ ਹਾਸਲ ਕਰਨ ਦੀ ਖੁਸ਼ੀ ਦੇ ਨਾਲ ਨਾਲ ਉਨ੍ਹਾਂ ਦੇ ਮਨ ਅੰਦਰ ਚੱਲ ਰਹੇ ਦੁੱਖ ਦਾ ਅਹਿਸਾਸ ਕਰਨਾ ਸੀ ਤੇ ਦੂਜਾ ਮੇਰੇ ਪਰਮ ਮਿੱਤਰ ਕੌਮਾਂਤਰੀ ਸਾਈਕਲਿਸਟ, ਜਗਦੀਪ ਕਾਹਲੋਂ ਨੂੰ ਸਨਮਾਨਿਤ ਹੁੰਦੇ ਹੋਏ ਦੇਖਣਾ ਸੀ। ਇਸ ਐਵਾਰਡ ਫੰਕਸ਼ਨ ‘ਚ ਸਰਕਾਰ ਨੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ। ਇੱਕ ਤਰਫਾ ਤਾਂ ਇਸ ਸਰਕਾਰ ਨੂੰ ਸ਼ਾਬਾਸ਼ੀ ਦੇਣੀ ਬਣਦੀ ਹੈ ਕਿ ਦੇਰ ਆਏ ਦਰੁਸਤ ਆਏ ਇਸ ਸਰਕਾਰ ਨੇ ਪਿਛਲੇ 8 ਸਾਲਾਂ ਤੋਂ ਅੜੇ ਇਸ ਐਵਾਰਡ ਨੂੰ ਦੇਣ ਦਾ ਜ਼ਿੰਮਾ ਤਾਂ ਚੱਕਿਆ ਹੀ, ਪਰ ਨਾਲ ਹੀ ਸਰਕਾਰ ਦੀਆਂ ਕਮਜ਼ੋਰੀਆਂ ਦੇਖ ਥੋੜ੍ਹਾ ਮਨ ਉਦਾਸ ਵੀ ਹੋਇਆ ਕਿ ਅਜਿਹੇ ਐਵਾਰਡ ਦੇਣ ਨਾਲ ਖਿਡਾਰੀਆਂ ਨੂੰ ਸਿਰਫ ਇੱਕ ਮਾਣ ਹੀ ਮਿਲਦਾ ਹੈ, ਰੋਟੀ ਨਹੀਂ ਮਿਲਦੀ।
ਐਵਾਰਡ ਸਮਾਰੋਹ ਦੌਰਾਨ ਇੰਨ੍ਹਾਂ ਮਹਾਨ ਖਿਡਾਰੀਆਂ ‘ਚੋਂ ਤਕਰੀਬਨ 8 ਜਾਂ 10 ਖਿਡਾਰੀਆਂ ਨਾਲ ਪਰਸਨਲ ਇੰਟਰਵਿਊ ਕਰਨ ਦਾ ਮੌਕਾ ਮਿਲਿਆ। ਜਿਸ ‘ਚ ਸਭ ਤੋਂ ਪਹਿਲਾ ਖਿਡਾਰੀ ਜੋ ਮਿਲਿਆ, ਉਹ ਸੀ ਅਬੋਹਰ ਜ਼ਿਲ੍ਹੇ ਦੇ ਪਿੰਡ ਤੇਲੂਪੁਰਾ ਦਾ ਅਪੰਗ ਖਿਡਾਰੀ, ਸੰਜੀਵ ਕੁਮਾਰ। ਸੰਜੀਵ ਕੁਮਾਰ ਭਾਰਤ ਦਾ ਇਕਲੌਤਾ ਹੀ ਪੈਰਾਬੈਡਮਿੰਟਨ ਖਿਡਾਰੀ ਹੈ, ਜੋ ਭਾਰਤ ਨੂੰ ਕੌਮਾਂਤਰੀ ਪੱਧਰ ‘ਤੇ ਕਾਫੀ ਤਗਮੇ ਦੁਆ ਚੁੱਕਾ ਹੈ। ਸੰਜੀਵ ਇਸ ਐਵਾਰਡ ਫੰਕਸ਼ਨ ‘ਚ ਆਪਣੀ ਵਿਧਵਾ ਮਾਂ ਤੇ ਆਪਣੇ ਭਰਾ ਨਾਲ ਆਇਆ ਸੀ। ਪਰਿਵਾਰ ਦੇ ਚਿਹਰਿਆਂ ‘ਤੇ ਆਪਣੇ ਪੁੱਤ ਨੂੰ ਮਿਲ ਰਹੇ ਐਵਾਰਡ ਦੀ ਖੁਸ਼ੀ ਨਾਲੋਂ ਕਿਤੇ ਜ਼ਿਆਦਾ ਆਪਣੇ ਪੁੱਤ ਕੋਲ ਨੌਕਰੀ ਨਾ ਹੋਣ ਦਾ ਗਮ ਸੀ। ਇੰਝ ਲੱਗ ਰਿਹਾ ਸੀ ਜਿਵੇਂ ਸੰਜੀਵ ਦੀ ਮਾਂ ਆਪਣੇ ਪੁੱਤ ਲਈ ਨੌਕਰੀ ਦੀ ਫਰਿਆਦ ਕਰਨ ਇਸ ਸਮਾਗਮ ‘ਚ ਆਈ ਹੋਵੇ। ਸੰਜੀਵ ਸਾਲ 2017-18 ‘ਚ ਵਿਸ਼ਵ ਚੈਂਪੀਅਨਸ਼ਿਪ ‘ਚ ਤਿੰਨ ਸੋਨ ਤਗਮੇ ਜਿੱਤ ਚੁੱਕਾ ਹੈ। ਸੰਜੀਵ ਨੇ ਕਿਹਾ ਕਿ ਉਸਨੂੰ ਐਵਾਰਡ ਮਿਲਣ ਦੀ ਖੁਸ਼ੀ ਤਾਂ ਹੈ ਹੀ, ਪਰ ਸਭ ਤੋਂ ਵੱਡਾ ਗਮ ਹੈ ਕਿ ਭਾਰਤ ਤੇ ਪੰਜਾਬ ਲਈ ਇੰਨੇ ਤਗਮੇ ਹਾਸਲ ਕਰਕੇ ਵੀ ਉਸਦੀ ਝੋਲੀ ਅੱਜ ਖਾਲੀ ਹੈ ਤੇ ਉਹ ਦਿਹਾੜੀ ਜੋਤਾ ਕਰਨ ਲਈ ਮਜਬੂਰ ਹੈ। ਉਸਨੇ ਕਿਹਾ ਕਿ ਉਹ ਐਵਾਰਡ ਵੀ ਕਿਸ ਕੰਮ ਦੇ ਜੋ ਤੁਹਾਨੂੰ ਨੌਕਰੀ ਹੀ ਨਾ ਦੁਆ ਸਕਣ ਤੇ ਪਰਿਵਾਰ ਦਾ ਪੇਟ ਹੀ ਨਾ ਪਾਲਿਆ ਜਾ ਸਕੇ। ਸੰਜੀਵ ਦੇ ਦੱਸਣ ਅਨੁਸਾਰ ਉਸਨੇ ਲੋਕਲ ਮੰਤਰੀ ਕੀ, ਸਗੋਂ ਮੁੱਖ ਮੰਤਰੀ ਤੱਕ ਆਪਣੀ ਫਰਿਆਦ ਲਾਈ ਹੈ, ਪਰ ਅਜੇ ਤੱਕ ਉਸਨੂੰ ਨੌਕਰੀ ਨਹੀਂ ਮਿਲੀ। ਉਸਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਉਸਨੂੰ ਜਨਵਰੀ ਮਹੀਨੇ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਕੇ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਸੀ। ਪਰ 6 ਮਹੀਨੇ ਨਿੱਕਲਣ ਤੋਂ ਬਾਅਦ ਵੀ ਉਸਨੂੰ ਨੌਕਰੀ ਨਹੀਂ ਮਿਲੀ। ਸੰਜੀਵ ਨੇ ਉਨ੍ਹਾਂ ਪੈਸਿਆਂ ਨਾਲ ਇੱਕ ਅੰਤਰਰਾਸ਼ਟਰੀ ਚੱਕਰ ਲਾਇਆ ਅਤੇ ਉਥੋਂ ਤਗਮੇ ਜਿੱਤ ਕੇ ਭਾਰਤ ਦੀ ਝੋਲੀ ਪਾਏ। ਜਿੱਥੋਂ ਤੱਕ ਖਰਚੇ ਦੀ ਗੱਲ ਹੈ ਤਾਂ ਸੰਜੀਵ ਨੂੰ ਖੇਡ ਵਿਭਾਗ ਨਾਲ ਭਾਰੀ ਰੋਸ ਹੈ ਕਿ ਉਸਨੂੰ ਖੇਡ ਵਿਭਾਗ ਕੋਈ ਵੀ ਸਹਾਇਤਾ ਪ੍ਰਦਾਨ ਨਹੀਂ ਕਰਦਾ। ਉਸਨੇ ਦੱਸਿਆ ਕਿ ਖੇਡ ਮੰਤਰੀ ਨੇ ਵੀ ਨੌਕਰੀ ਦੇਣ ਦਾ ਸਿਰਫ ਭਰੋਸਾ ਹੀ ਕੀਤਾ। ਉਸਨੇ ਕਿਹਾ ਕਿ ਉਹ ਲੋਕਾਂ ਕੋਲੋਂ ਉਧਾਰ ਲੈ ਲੈ ਕੇ ਜਾਂ ਘਰ ਦਾ ਸੋਨਾ ਗਿਰਵੀ ਰੱਖ ਕੇ ਕੁਆਲੀਫਾਈ ਮੈਚ ਖੇਡ ਰਿਹਾ ਹੈ। ਸੰਜੀਵ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਸਰਕਾਰ ਇੱਕ ਕ੍ਰਿਕਟ ‘ਚ ਛੱਕੇ ਮਾਰਨ ਵਾਲੀ ਹਰਮਨਪ੍ਰੀਤ ਨੂੰ ਨੌਕਰੀ ਦੇ ਸਕਦੀ ਹੈ ਤਾਂ ਸਾਨੂੰ ਕਿਉਂ ਨਹੀਂ ਨੌਕਰੀ ਦੇ ਸਕਦੀ ? ਉਸਨੇ ਕਿਹਾ ਕਿ ਪੰਜਾਬ ‘ਚ ਅਪੰਗ ਖਿਡਾਰੀਆਂ ਦੀ ਕੋਈ ਸਾਰ ਨਹੀਂ ਲੈਂਦਾ ਤੇ ਉਨ੍ਹਾਂ ਵਰਗੇ ਖਿਡਾਰੀ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਨੇ।
ਉਥੇ ਹੀ ਇੱਕ ਹੋਰ ਸਰੀਰਕ ਤੌਰ ‘ਤੇ ਅਪੰਗ ਖਿਡਾਰੀ ਪੈਰਾਲਿਫਟਰ ਰਾਜਵਿੰਦਰ ਸਿੰਘ ਰਹੇਲੂ ਨਾਲ ਮੁਲਾਕਾਤ ਹੋਈ, ਜੋ ਵੀ ਪੰਜਾਬ ਸਰਕਾਰ ਤੋਂ ਖ਼ਫ਼ਾ ਹੀ ਨਜ਼ਰ ਆਏ। ਰਹੇਲੂ ਦਾ ਕਹਿਣਾ ਸੀ ਕਿ ਪੰਜਾਬ ‘ਚ ਪੈਰਾ ਖਿਡਾਰੀਆਂ ਦਾ ਕੋਈ ਵਰਤਮਾਨ ਤੇ ਭਵਿੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਗ੍ਰਾਊਂਡ ਲੈਵਲ ‘ਤੇ ਸਾਡੇ ਵਰਗੇ ਖਿਡਾਰੀਆਂ ਲਈ ਕੁਝ ਨਹੀਂ ਕੀਤਾ ਜਾ ਰਿਹਾ ਤੇ ਸਰਕਾਰ ਨੂੰ ਇਸ ਵੱਲ੍ਹ ਧਿਆਨ ਦੇਣ ਦੀ ਖਾਸ ਲੋੜ ਹੈ। ਅਜਿਹੇ ਹੋਰ ਵੀ ਖਿਡਾਰੀ ਮਿਲੇ ਜਿੰਨ੍ਹਾਂ ਦੇ ਚਿਹਰਿਆਂ ‘ਤੇ ਸਟੇਟ ਦਾ ਸਭ ਤੋਂ ਵੱਡਾ ਐਵਾਰਡ ਮਿਲਣ ਦੀ ਬਨੌਟੀ ਖੁਸ਼ੀ ਸੀ, ਪਰ ਮਨ ‘ਚ ਨੌਕਰੀਆਂ ਨਾ ਲੱਗਣ ਦੇ ਗਮਾਂ ਦੇ ਪਹਾੜ ਸਨ। ਸਰਕਾਰ ਵੱਲੋਂ ਅਜਿਹੇ ਫੰਕਸ਼ਨ ਕਰਨੇ ਜਿਥੇ ਲਾਜ਼ਮੀ ਨੇ, ਉਥੇ ਹੀ ਅਜਿਹੇ ਖਿਡਾਰੀਆਂ ਦੀ ਜ਼ਿੰਦਗੀ ਬਣਾਉਣ ਲਈ ਉਨ੍ਹਾਂ ਨੂੰ ਨੌਕਰੀਆਂ ਦੇਣੀਆਂ ਵੀ ਬਹੁਤ ਲਾਜ਼ਮੀ ਹਨ। ਵੈਸੇ ਵੀ ਸਰਕਾਰੀ ਅਦਾਰਿਆਂ ‘ਚ ਢਿੱਡਲ ਤੇ ਵਿਹਲੜ ਸਰਕਾਰੀ ਅਫਸਰਾਂ ਦੀ ਥੋੜ ਨਹੀਂ ਹੈ। ਜੇ ਉਹੋ ਜਿਹੇ ਵਿਹਲੇ ਅਫਸਰਾਂ ਦੀ ਥਾਂ ਅਜਿਹੇ ਸੂਝਵਾਨ ਨੌਜਵਾਨ ਖਿਡਾਰੀਆਂ ਨੂੰ ਅਫਸਰ ਲਾ ਦਿੱਤਾ ਜਾਏ ਤਾਂ ਪੰਜਾਬ ਖੁਦ ਬ ਖੁਦ ਨੌਜਵਾਨਾਂ ਦੇ ਹੱਥ ‘ਚ ਆ ਜਾਏਗਾ ਤੇ ਪੰਜਾਬ ਦੀ ਤਰੱਕੀ ਨਿਸ਼ਚਤ ਹੈ।
ਖ਼ੈਰ, ਤਾਜ਼ੇ ਹੀ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਐਵਾਰਡ ਵੰਡੇ ਨੇ, ਉਮੀਦ ਕਰਦੇ ਹਾਂ ਕਿ ਭਵਿੱਖ ‘ਚ ਵੀ ਸਰਕਾਰ ਇਹੋ ਜਿਹੇ ਖਿਡਾਰੀਆਂ ਦੀ ਸਾਰ ਲੈਂਦੀ ਰਹੇਗੀ। ਕਿਤੇ ਇਹ ਨਾ ਹੋਵੇ ਕਿ ਜਿਵੇਂ 8 ਸਾਲ ਬਾਅਦ ਹੁਣ ਸਰਕਾਰ ਨੇ ਖਿਡਾਰੀਆਂ ਦੀ ਸਾਰ ਲਈ, ਉਸੇ ਤਰ੍ਹਾਂ ਭਵਿੱਖ ‘ਚ ਵੀ ਅਜਿਹਾ ਹੀ ਕੁਝ ਹੋਵੇ। ਸਭ ਤੋਂ ਵੱਡੀ ਗੱਲ, ਐਵਾਰਡਾਂ ਦੇ ਨਾਲ ਨਾਲ ਇੰਨ੍ਹਾਂ ਖਿਡਾਰੀਆਂ ਨੂੰ ਨੌਕਰੀਆਂ ਦੀਆਂ ਚਿੱਠੀਆਂ ਵੀ ਜੇ ਸਰਕਾਰ ਮੌਕੇ ‘ਤੇ ਹੀ ਵੰਡ ਦੇਵੇ ਤਾਂ ਮੇਰੇ ਪੰਜਾਬ ਦੀ ਜਵਾਨੀ ਜਹਾਜਾਂ ਦੀਆਂ ਤਾਕੀਆਂ ਫੜ ਮਰੀਕਾ ਤੇ ਕਨੇਡੇ ਜਾਣ ਲਈ ਮਜਬੂਰ ਨਾ ਹੋਵੇ। ਰੱਬ ਰਾਖਾ।