April 23, 2026 3:34 am

ਗੁਰਮੁਖੀ ਦਾ ਅਸਲ ਬੇਟਾ ਮਾਸਟਰ ‘ਧਰਮਪਾਲ’

ਪਿਛਲੇ ਦਿਨੀਂ ਰਿਲੀਜ਼ ਹੋਏ ਸਤਿੰਦਰ ਸਰਤਾਜ਼ ਦੇ ਗੀਤ ‘ਗੁਰਮੁਖੀ ਦਾ ਬੇਟਾ’ ਬਾਰੇ ਸਤਿੰਦਰ ਸਰਤਾਜ਼ ਦਾ ਆਪਣਾ ਮੰਨਣਾ ਹੈ ਕਿ ਅੱਜ ਸਾਡੀ ਮਾਂ-ਬੋਲੀ ਪੰਜਾਬੀ ਨੂੰ ਓਨਾ ਖ਼ਤਰਾ ਨਹੀਂ ਜਿੰਨਾ ਕਿ ਸਾਡੀ ਗੁਰਮੁਖੀ ਲਿੱਪੀ ਨੂੰ ਹੈ। ਸੱਚਮੁੱਚ ਹੀ ਬਹੁਤਾਤ ਵਿੱਚ ਪੰਜਾਬੀ ਬੋਲੀ ਵੀ ਜਾਂਦੀ ਹੈ ਤੇ ਪੜ੍ਹੀ ਵੀ। ਮਾਂ-ਬੋਲੀ ਪੰਜਾਬੀ ਦਾ ਜਿੰਨਾ ਰੂਪ ਇਸ ਨੂੰ ਲਿੱਪੀਕਰਨ ਵੇਲੇ ਵਿਗਾੜਿਆ ਜਾਂਦਾ ਹੈ,ਓਨਾ ਸ਼ਾਇਦ ਬੋਲਣ ਜਾਂ ਪੜ੍ਹਨ ਵੇਲੇ ਨਹੀਂ। ਅੱਜ ਬਹੁ-ਗਿਣਤੀ ਲੋਕਾਂ ਨੂੰ ਪੰਜਾਬੀ ਦੇ ਸਹੀ ਸ਼ਬਦਜੋੜ ਨਹੀਂ ਆਉਂਦੇ ਤੇ ਜਿਨ੍ਹਾਂ ਨੂੰ ਸ਼ਬਦਜੋੜ ਸਹੀ ਆਉਂਦੇ ਹਨ,ਉਨ੍ਹਾਂ ਵਿੱਚੋ ਬਹੁ-ਗਿਣਤੀ ਲੋਕ ਗੁਰਮੁਖੀ ਅੱਖਰਾਂ ਦੀ ਬਣਤਰ ਤੋਂ ਬਿਲਕੁਲ ਕੋਰੇ ਹਨ।
ਹਰ ਕੋਈ ਆਪਣੇ ਹਿਸਾਬ ਨਾਲ ਹੀ ਗੁਰਮੁਖੀ ਦੇ ਅੱਖਰਾਂ ਨੂੰ ਬਣਤਰ ਪ੍ਰਦਾਨ ਕਰੀ ਜਾ ਰਿਹਾ ਹੈ। ਉਸ ਵੇਲੇ ਤਾਂ ਹੈਰਾਨਗੀ ਦੀ ਕੋਈ ਹੱਦ ਨਹੀਂ ਰਹਿੰਦੀ,ਜਦੋਂ ਬਹੁਤੇ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਅੱਖਰ ਬਣਤਰ ਦੀ ਪੁਖਤਾ ਜਾਣਕਾਰੀ ਤੋਂ ਵਾਂਝੇ ਦੇਖਿਆ ਜਾਂਦਾ ਹੈ। ਇਸ ਤਰ੍ਹਾਂ ਪੀੜ੍ਹੀ-ਦਰ-ਪੀੜ੍ਹੀ ਗੁਰੂ ਅੰਗਦ ਦੇਵ ਜੀ ਦੀ ਬਖ਼ਸ਼ਿਸ਼ ਪੰਜਾਬੀ ਦੀ ਗੁਰਮੁਖੀ ਲਿੱਪੀ ਦਾ ਮੁਹਾਂਦਰਾ ਵਿਗੜਦਾ ਹੀ ਤੁਰਿਆ ਜਾ ਰਿਹਾ ਹੈ। ਸਾਡੀ ਆਮ ਹੀ ਰਵਾਇਤ ਬਣ ਗਈ ਹੈ ਅਸੀਂ ਅ,ਸ,ਚ,ਜ,ਢ,ਦ,ਮ ਆਦਿ ਅੱਖਰਾਂ ਨੂੰ ਲਿਖਣ ਵੇਲੇ ਇਨ੍ਹਾਂ ਵਿੱਚ ਬੇਲੋੜੀਆਂ ਅੱਖਾਂ ਬਣਾ ਦਿੰਦੇ ਹਾਂ। ਅੱਜ ਇਸ ਬਾਰੇ ਗੰਭੀਰ ਚਿੰਤਨ ਦੀ ਲੋੜ ਹੈ,ਨਹੀਂ ਤਾਂ ਅਸੀਂ ਆਪਣੀ ਅਮੀਰ ਲਿੱਪੀ ਨੂੰ ਆਪਣੇ ਹੱਥੋਂ ਗਵਾ ਬੈਠਾਂਗੇ। ਮਾਂ-ਲਿੱਪੀ ਗੁਰਮੁਖੀ ਬਾਰੇ ਸੰਜੀਦਾ ਕੁਝ ਪੰਜਾਬੀ ਮਾਂ ਦੇ ਸਪੁੱਤਰਾਂ ਨੇ ਇਸ ਨੂੰ ਬਚਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਮਾਂ-ਬੋਲੀ ਦੇ ਇਨ੍ਹਾਂ ਸਲੱਗ ਸਪੁੱਤਰਾਂ ‘ਚੋਂ ਇੱਕ ਹੈ ਧਰਮਪਾਲ।
ਪੰਜਾਬ ਦੇ ਫਰੀਦਕੋਟ ਜਿਲ੍ਹੇ ਵਿੱਚ ਪੈਂਦੇ ਕਸਬੇ ਕੋਟਕਪੂਰਾ ਵਿੱਚ 13 ਮਾਰਚ 1977 ਨੂੰ ਪਿਤਾ ਸ਼੍ਰੀ ਪ੍ਰਕਾਸ਼ ਚੰਦ ਦੇ ਘਰ ਮਾਤਾ ਸੁੰਦਰੀ ਦੇਵੀ ਦੀ ਕੁੱਖੋਂ ਜੰਮੇ ਧਰਮਪਾਲ ਨੇ ਆਪਣੇ ਸ਼ਹਿਰ ਦੇ ਸਰਕਾਰੀ ਸਕੂਲ ਵਿਚੋਂ ਬਾਰਾਂ ਜਮਾਤਾਂ ਪਾਸ ਕਰਨ ਤੋਂ ਬਾਅਦ ਘਰ ਦੀ ਮਾਲੀ ਹਾਲਤ ਨੂੰ ਭਾਂਪਦਿਆਂ ਪ੍ਰਾਈਵੇਟ ਬੀ.ਏ. ਦੇ ਨਾਲ-ਨਾਲ ਕੱਪੜਿਆਂ ਵਾਲੀ ਦੁਕਾਨ ‘ਤੇ ਕੰਮ ਅਤੇ ਮਜ਼ਦੂਰੀ ਦੇ ਸਮੇਤ ਬਿਜਲਈ ਇੰਸੂਲੇਟਰ ਬਣਾਉਣ ਵਾਲੀ ਫੈਕਟਰੀ ਵਿੱਚ ਨਿੱਠ ਕੇ ਕੰਮ ਕੀਤਾ। ਇਸ ਨਾਲ ਮਾਲੀ ਹਾਲਤ ਵਿੱਚ ਥੋੜ੍ਹਾ ਸੁਧਾਰ ਅਇਆ ਤਾਂ ਉਹਨੇ ਡੀ.ਐੱਮ. ਕਾਲਜ ਮੋਗਾ ਤੋਂ ਬੀ.ਐੱਡ ਦੀ ਡਿਗਰੀ ਪ੍ਰਾਪਤ ਕਰ ਲਈ। ਫੇਰ ਲੱਗਦੇ ਹੱਥ ਐਮ.ਏ ਹਿੰਦੀ ਤੇ ਐੱਮ.ਏ ਪਬਲਿਕ ਐਡਮਿਨਸਟ੍ਰੇਸ਼ਨ ਦੀ ਡਿਗਰੀ ਵੀ ਪ੍ਰਾਪਤ ਕੀਤੀ।
ਪੜ੍ਹਾਈ ਤੋਂ ਦੋ-ਤਿੰਨ ਸਾਲ ਬਾਅਦ ਹੀ ਸਬੱਬ ਨਾਲ ਉਸ ਨੂੰ ਪ੍ਰਾਇਮਰੀ ਅਧਿਆਪਕ ਵਜੋਂ ਨੌਕਰੀ ਮਿਲ ਗਈ। ਪ੍ਰਾਇਮਰੀ ਅਧਿਆਪਕ ਵਜੋਂ ਇਉਂ ਕਿਉਂਕਿ ਉਸ ਸਮੇਂ ਈ.ਟੀ.ਟੀ ਦੇ ਉਮੀਦਵਾਰ ਘੱਟ ਸਨ। ਆਪਣੀ ਨੌਕਰੀ ਦੌਰਾਨ ਬੱਚਿਆਂ ਦੀ ਲਿਖਾਈ ਵੇਖਦਿਆਂ,ਜਦ ਉਸਦਾ ਧਿਆਨ ਆਪਣੀ ਲਿਖਾਈ ਵੱਲ ਗਿਆ ਤਾਂ ਉਸਨੇ ਮਹਿਸੂਸ ਕੀਤਾ ਉਸਦੀ ਆਪਣੀ ਲਿਖਾਈ ਵੀ ਕੋਈ ਬਹੁਤੀ ਚੰਗੀ ਨਹੀਂ ਹੈ। ਉਸਦੇ ਕੋਮਲ ਦਿਲ ਨੇ ਇਥੋਂ ਅਜਿਹੀ ਸੱਟ ਖਾਧੀ ਕਿ ਜੋ ਇਬਾਰਤ ਵੇਖਣ ਨੂੰ ਹੀ ਸੋਹਣੀ ਨਹੀਂ ਲੱਗ ਰਹੀ ਉਸਨੂੰ ਪੜ੍ਹਨ ਲਈ ਕਿਸੇ ਦਾ ਦਿਲ ਕਿਵੇਂ ਕਰ ਸਕਦਾ ਹੈ। ਬਸ ਇਸੇ ਦਿਨ ਤੋਂ ਹੀ ਉਸਨੇ ਛਪੇ ਹੋਏ ਅੱਖਰਾਂ ਨੂੰ ਵਿਸ਼ੇਸ਼ ਧਿਆਨ ਨਾਲ ਪੜ੍ਹਨਾ ਤੇ ਸਮਝਣਾ ਸ਼ੁਰੂ ਕੀਤਾ। ਇੱਕ ਵਾਰੀ ਸੈਮੀਨਾਰ ਦੌਰਾਨ ਗੁਰਪ੍ਰੀਤ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਈਮਰੀ ਸਕੂਲ ਨਿਧਾਂ ਵਾਲਾ ਤੋਂ ਲਿਖਾਈ ਦੇ ਮੁੱਢਲੇ ਨੁਕਤੇ ਸਿੱਖੇ। ਡੇਢ-ਦੋ ਸਾਲਾਂ ਦੀ ਸਖ਼ਤ ਮਿਹਨਤ ਨਾਲ ਉਸਦੇ ਲਿਖੇ ਅੱਖਰ ਮੋਤੀਆਂ ਵਰਗੇ ਜਾਪਣ ਲੱਗੇ। ਫਿਰ ਉਸਨੇ ਆਪਣੀ ਇਸ ਲਿਖਾਈ ਨਾਲ ਨਾਮਵਰ ਲੇਖਕਾਂ ਦੀਆਂ ਲਿਖਤਾਂ ਨੂੰ ਵਿਸ਼ੇਸ਼ ਢਾਂਚੇ ਵਿੱਚ ਤਿਆਰ ਕਰਕੇ ਸ਼ੋਸ਼ਲ ਮੀਡੀਆ ‘ਤੇ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਜ ਕਰਕੇ ਉਸ ਨਾਲ ਕਈ ਸਾਰੇ ਲੇਖਕ ਜੁੜਨੇ ਸ਼ੁਰੂ ਹੋਏ। ਉਹ ਲੇਖਕਾਂ ਦੀਆਂ ਇਬਾਰਤਾਂ ਨੂੰ ਸੁੰਦਰ ਡਿਜ਼ਾਇਨਾਂ ਵਿੱਚ ਲਿਖਦਾ-ਲਿਖਦਾ ਹੁਣ ਤੱਕ ਪੰਜਾਬੀ ਦੇ ਛੇ ਵੱਖ-ਵੱਖ ਫੌਂਟਸ ਵਿੱਚ ਲਿਖਣ ਦਾ ਮਾਹਰ ਬਣ ਗਿਆ ਹੈ। ਜੋ ਵੀ ਉਸਦੀ ਅੱਖਰਸ਼ੈਲੀ ਨੂੰ ਵੇਖਦਾ,ਉਹ ਉਸਦਾ ਦੀਵਾਨਾ ਹੋ ਕੇ ਰਹਿ ਜਾਂਦਾ। ਧਰਮਪਾਲ ਲਈ ਇਹ ਕੰਮ ਨਾਲੇ ਪੁੰਨ ਤੇ ਨਾਲੇ ਫਲੀਆਂ ਵਾਂਙੂੰ ਸਿੱਧ ਹੋਇਆ ਕਿਉਂਕਿ ਉਹ ਦੂਜਿਆਂ ਦੀਆਂ ਕਵਿਤਾਵਾਂ ਲਿਖਣ ਦੇ ਝੱਲ ਨਾਲ ਚੰਗਾ ਪਾਠਕ ਤੇ ਹੁਣ ਚੰਗਾ ਲੇਖਕ ਵੀ ਬਣ ਗਿਆ ਹੈ।
ਸ਼ੋਸ਼ਲ ਮੀਡੀਆ ਦੇ ਜ਼ਰੀਏ ਉਸਦੇ ਸੰਪਰਕ ਵਿੱਚ ਇਲਾਕੇ ਦੇ ਸਕੂਲ ਆਉਂਦੇ ਗਏ। ਕੋਈ ਉਸ ਅੱਗੇ ਆਪਣੇ ਸਕੂਲ ਵਿੱਚ ਸੁੰਦਰ ਲਿਖਾਈ ਦਾ ਕੈਂਪ ਲਗਾਉਣ ਲਈ ਇੱਛਾ ਜ਼ਾਹਰ ਕਰਦਾ ਤਾਂ ਉਸ ਦੇ ਦਿਲ ਨੂੰ ਚਾਅ ਚੜ੍ਹ ਜਾਂਦਾ। ਇਸ ਤਰ੍ਹਾਂ ਕਰਦੇ ਉਸਦੀ ਲਿਖਾਈ ਏਨੀ ਮਕਬੂਲ ਹੋਈ ਕਿ ਅੱਜ ਦੇ ਦਿਨਾਂ ਵਿੱਚ ਉਸ ਦੀਆਂ ਗਰਮੀ ਦੀਆਂ ਤਕਰੀਬਨ ਅੱਧੀਆਂ ਛੁੱਟੀਆਂ ਅਤੇ ਕੰਮ-ਕਾਜ਼ੀ ਦਿਨਾਂ ਦੌਰਾਨ ਆਉਂਦੀਆਂ ਛੁੱਟੀਆਂ ਵਿਚੋਂ ਬਹੁਤੀਆਂ ਵੱਖ-ਵੱਖ ਸਕੂਲਾਂ ਵਿੱਚ ਲਿਖਾਈ ਸਿਖਾਉਂਦਿਆਂ ਹੀ ਬੀਤਦੀਆਂ ਹਨ। ਜੇਕਰ ਉਸਨੂੰ ਲਗਾਤਾਰ ਤਿੰਨ-ਚਾਰ ਛੁੱਟੀਆਂ ਆ ਜਾਣ ਤੇ ਕਿਸੇ ਸਕੂਲ ਵੱਲੋਂ ਵੀ ਬੁਲਾਵਾ ਨਾ ਆਇਆ ਹੋਵੇ ਤਾਂ ਉਹ ਆਪਣੇ ਪੱਧਰ ‘ਤੇ ਹੀ ਆਪਣੇ ਸ਼ਹਿਰ ਕੈਂਪ ਲਾ ਕੇ ਬਹਿ ਜਾਂਦਾ ਹੈ। ਉਸ ਦੀ ਇਹ ਸੇਵਾ ਏਨੀ ਕੁ ਨਿਰਸੁਆਰਥ ਹੈ ਕਿ ਉਸਨੇ ਜਿੱਥੇ ਵੀ ਲਿਖਾਈ ਸਿਖਾਉਣ ਦਾ ਕੈਂਪ ਲਾਇਆ,ਕਦੇ ਕਿਸੇ ਤੋਂ ਬੱਸ ਕਿਰਾਏ ਜੋਕਰੇ ਪੈਸੇ ਵੀ ਨਹੀਂ ਮੰਗੇ। ਉਸਨੂੰ ਡਬਲ ਐਮ.ਏ. ਹੁੰਦਿਆਂ ਹੋਇਆਂ ਵੀ ਪ੍ਰਾਇਮਰੀ ਅਧਿਆਪਕ ਹੋਣ ‘ਤੇ ਮਾਣ ਹੈ ਤੇ ਉਹ ਆਖਦਾ ਹੈ ਮੇਰੀ ਇੱਛਾ ਵੀ ਇਹੀ ਹੈ ਕਿ ਮੈਂ ਨੰਨ੍ਹੇ-ਮੁੰਨ੍ਹੇ ਬਾਲਾਂ ਦੀ ਸੇਵਾ ਕਰਦਾ ਰਹਾਂ। ਉਸਦਾ ਮੰਨਣਾ ਹੈ ਕਿ ਛੋਟੇ ਬਾਲਾਂ ਦੀ ਲਿਖਾਈ ਨੂੰ ਅਸੀਂ ਆਪਣੀ ਇੱਛਾ ਅਨੁਸਾਰ ਢਾਲ ਸਕਦੇ ਹਾਂ। ਬੱਚਿਆਂ ਦੀ ਲਿਖਾਈ ਵਿੱਚ ਸੁਧਾਰ ਲਿਆ ਕੇ ਹੀ ਗੁਰਮੁਖੀ ਲਿੱਪੀ ਦੀ ਫਿਰ ਤੋਂ ਪੂਰੀ ਠਾਠ-ਬਾਠ ਬਣਾਈ ਜਾ ਸਕਦੀ ਹੈ।
ਉਸਦੀ ਨਿਰਸੁਆਰਥ ਸੇਵਾ ਨੂੰ ਦੇਖਦਿਆਂ ਸਕੂਲ ਸਿੱਖਿਆ ਵਿਭਾਗ,ਪੰਜਾਬ ਦੇ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਉਸਨੂੰ ਸੁੰਦਰ ਲਿਖਾਈ ਦੇ ਸਬੰਧ ਵਿੱਚ ਦੋ ਵਾਰ ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਇਲਾਵਾ ਜਿਲ੍ਹਾ ਸਿੱਖਿਆ ਅਫ਼ਸਰ ਮੋਗਾ ਨੇ ਉਸਨੂੰ ਪੰਜ ਵਾਰੀ,ਐਸ.ਡੀ.ਐੱਮ ਬਾਘਾ ਪੁਰਾਣਾ ਵੱਲੋਂ ਇੱਕ ਵਾਰੀ ਤੇ ਆਲੇ-ਦੁਆਲੇ ਦੇ ਵੱਖ-ਵੱਖ ਸਕੂਲਾਂ ਤੋਂ ਉਹ ਸੈਂਕੜੇ ਵਾਰ ਸਨਮਾਨਿਤ ਹੋ ਚੁੱਕਾ ਹੈ। ਪੰਜਾਬੀ ਦੇ ਇਲਾਵਾ ਉਹ ਹਿੰਦੀ ਤੇ ਅੰਗਰੇਜ਼ੀ ਦੀ ਅੱਖਰ-ਕਲਾ ਦਾ ਵੀ ਮਾਹਿਰ ਹੈ ਪ੍ਰੰਤੂ ਉਹ ਸਕੂਲਾਂ ਵਿੱਚ ਕੈਂਪ ਗੁਰਮੁਖੀ ਲਿੱਪੀ ਸਿਖਾਉਣ ਦੇ ਹੀ ਲਾਉਂਦਾ ਹੈ। ਸਕੂਲ ਸਿੱਖਿਆ ਸਕੱਤਰ,ਪੰਜਾਬ ਵੱਲੋਂ ਉਸਦੀ ਡਿਊਟੀ ਦੇਵਨਾਗਰੀ ਲਿੱਪੀ ਨੂੰ ਸੁੰਦਰ ਬਣਾਉਣ ਦੇ ਨੁਕਤੇ ਦੱਸਦੀ ਕਿਤਾਬ ਲਿਖਣ ਲਈ ਲਾਈ ਗਈ। ਜੋ ਸਿੱਖਿਆ ਵਿਭਾਗ ਵੱਲੋਂ ‘ਸੁਲੇਖ ਸਿਖਸ਼ਣ’ ਦੇ ਨਾਂ ਹੇਠ ਛਾਪੀ ਗਈ। ਇਹ ਕਿਤਾਬ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਬੜੀ ਅਣਮੁੱਲੀ ਕਿਤਾਬ ਕਹੀ ਜਾ ਸਕਦੀ ਹੈ। ਜ਼ਿਕਰਯੋਗ ਹੈ ਇਸ ਕਿਤਾਬ ਦੀਆਂ ਚਾਲੀ ਹਜ਼ਾਰ ਕਾਪੀਆਂ ਛਪੀਆਂ ਹਨ। ਇਸਤੋਂ ਪਹਿਲਾਂ ਕੋਈ ਵੀ ਅਜਿਹੀ ਕਿਤਾਬ ਪ੍ਰਕਾਸ਼ਿਤ ਨਹੀਂ ਹੋਈ ਸੀ ਜਿਸ ਵਿੱਚ ਹਿੰਦੀ ਦੀ ਲਿਖਾਈ ਨੂੰ ਸੁੰਦਰ ਬਣਾਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹੋਣ। ਧਰਮਪਾਲ ਨੇ ਇਸ ਕਿਤਾਬ ਵਿੱਚ ਬਾਖੂਬੀ ਢੰਗ ਨਾਲ ਅੱਖਰ ਦਾ ਟਰੈਕ ਸ਼ੁਰੂ ਹੋਣ ਤੋਂ ਲੈ ਕੇ ਬੰਦ ਹੋਣ ਤੱਕ ਸਮਝਾਇਆ ਹੈ। ਭਾਵੇਂ ਕਿ ਉਸਨੇ ਸਿੱਖਿਆ ਵਿਭਾਗ ਵੱਲੋਂ ਲਾਈ ਹਿੰਦੀ ਦੀ ਡਿਊਟੀ ਨਿਭਾ ਦਿੱਤੀ ਹੈ ਪ੍ਰੰਤੂ ਹਾਲੇ ਉਸ ਦੀ ਦਿਲੀ ਇੱਛਾ ਹੈ ਕਿ ਉਹ ਗੁਰਮੁਖੀ ਲਿਪੀ ਦਾ ਵਰਣ ਸਿਧਾਂਤ ਬਾਰੇ ਦੱਸਦੀ ਕਿਤਾਬ ਵੀ ਛਪਵਾਏ। ਅੱਜ ਮਾਂ-ਬੋਲੀ ਨੂੰ ਅਜਿਹੇ ਪਿਆਰੇ ਸਪੁੱਤਰਾਂ ਦੀ ਪੁਰਜ਼ੋਰ ਲੋੜ ਹੈ ਜੋ ਉਹਦੀਆਂ ਖਿੱਲਰੀਆਂ ਹੋਈਆਂ ਮੀਡੀਆਂ ਨੂੰ ਦੁਬਾਰਾ ਗੁੰਦ ਕੇ ਉਹਦੀ ਫਿੱਕੀ ਪੈ ਗਈ ਨੁਹਾਰ ਨੂੰ ਫਿਰ ਤੋਂ ਸ਼ਿੰਗਾਰਨ ਦੀ ਸਮਰੱਥਾ ਰੱਖਦੇ ਹੋਣ।
– ਹਰਵਿੰਦਰ ਸਿੰਘ ‘ਰੋਡੇ’
ਪਿੰਡ ਤੇ ਡਾਕ: ਰੋਡੇ (ਮੋਗਾ)
ਸੰਪਰਕ : 98889-79308

Send this to a friend