ਖਰੜ, 15 ਜੁਲਾਈ (ਹਰਵਿੰਦਰ ਮਹਿਰਾ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਮੋਹਾਲੀ ਸ੍ਰੀ ਗਿਰੀਸ਼ ਦਿਆਲਨ ਵੱਲੋਂ ਜ਼ੀਰਕਪੁਰ ਖੇਤਰ ਵਿਚ ਦੌਰਾ ਕਰਕੇ ਅਤੇ ਸੜਕਾਂ ਉਤੇ ਖ਼ੁਦ ਘੁੰਮ ਕੇ ਟ੍ਰੈਫ਼ਿਕ ਸਮੱਸਿਆਵਾਂ ਦਾ ਹਾਲ ਅੱਖੀਂ ਦੇਖਣ ਦੀ ਪ੍ਰਸ਼ੰਸਾ ਕੀਤੀ ਹੈ। ਇਸ ਦੇ ਨਾਲ ਹੀ ਬੀਬੀ ਗਰਚਾ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਉਹ ਖਰੜ ਸ਼ਹਿਰ ਵੱਲ ਵੀ ਇੱਕ ਦੌਰਾ ਕਰਨ ਅਤੇ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਟ੍ਰੈਫ਼ਿਕ ਵਿਵਸਥਾ ਬਾਰੇ ਜਾਨਣ। ਇਸੇ ਸਬੰਧ ਵਿਚ ਉਨ੍ਹਾਂ ਇੱਕ ਲਿਖਤੀ ਪੱਤਰ ਵੀ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਭੇਜਿਆ ਹੈ। ਡਿਪਟੀ ਕਮਿਸ਼ਨਰ ਮੋਹਾਲੀ ਨੂੰ ਲਿਖੇ ਗਏ ਪੱਤਰ ਵਿਚ ਬੀਬੀ ਗਰਚਾ ਨੇ ਕਿਹਾ ਕਿ ਖਰੜ ਸ਼ਹਿਰ ਵਿਚ ਇਸ ਸਮੇਂ ਅਬਾਦੀ ਤਿੰਨ ਲੱਖ ਦੇ ਕਰੀਬ ਹੋ ਚੁੱਕੀ ਹੈ ਅਤੇ ਵੱਡੀ ਗਿਣਤੀ ਵਿਚ ਪ੍ਰਾਈਵੇਟ ਕਾਲੋਨੀਆਂ ਵੱਸ ਚੁੱਕੀਆਂ ਹਨ ਜਿਸ ਕਾਰਨ ਸ਼ਹਿਰ ਵਿਚ ਟ੍ਰੈਫ਼ਿਕ ਵੀ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਅਤੇ ਸ਼ਹਿਰ ਵਿਚ ਚੌਂਕ ਚੌਰਾਹਿਆਂ ‘ਤੇ ਜਾਮ ਲੱਗ ਰਹੇ ਹਨ। ਬਰਸਾਤ ਦਾ ਮੌਸਮ ਹੋਣ ਕਾਰਨ ਜਿੱਥੇ ਹਰ ਰੋਜ਼ ਸਵੇਰੇ ਸਕੂਲੀ ਬੱਸਾਂ ਇਸ ਜਾਮ ਵਿਚ ਫਸਦੀਆਂ ਹਨ ਉਸ ਦੇ ਨਾਲ ਹੀ ਸਰਕਾਰੀ ਦਫ਼ਤਰਾਂ ਜਾਂ ਆਪਣੇ ਕਿਸੇ ਵੀ ਕੰਮ ਕਾਜ ਉਤੇ ਆਉਣ ਜਾਣ ਵਾਲੇ ਕਾਰੋਬਾਰੀ ਲੋਕੀਂ ਵੀ ਪ੍ਰੇਸ਼ਾਨ ਹੋ ਰਹੇ ਹਨ। ਕੁੱਲ ਮਿਲਾ ਕੇ ਇਸ ਸੜਕ ਤੋਂ ਲੰਘਣ ਵਾਲੇ ਲੱਖਾਂ ਦੀ ਗਿਣਤੀ ਵਿਚ ਲੋਕੀਂ ਹਰ ਰੋਜ਼ ਪ੍ਰੇਸ਼ਾਨ ਹੋ ਰਹੇ ਹਨ।ਬੀਬੀ ਗਰਚਾ ਨੇ ਮੰਗ ਕੀਤੀ ਕਿ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਫਲਾਈਓਵਰ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਹਿਰ ਖਰੜ ਵਿਚ ਬਣ ਰਹੇ ਫਲਾਈਓਵਰ ਕਾਰਨ ਹਰ ਰੋਜ਼ ਖਰਾਬ ਹੋ ਰਹੀ ਟ੍ਰੈਫ਼ਿਕ ਵਿਵਸਥਾ ਦਾ ਤੁਰੰਤ ਹੱਲ ਕੱਢਿਆ ਜਾਵੇ।