ਰਾਏ ਸਿੰਘ ਵਾਲਾ ਵਿਖੇ ਕਿਰਚਾਂ ਮਾਰਕੇ ਵਿਅਕਤੀ ਦਾ ਕਤਲ

ਭਵਾਨੀਗੜ੍ਹ, 14 ਜੁਲਾਈ (ਕ੍ਰਿਸ਼ਨ ਗਰਗ, ਇਕਬਾਲ ਬਾਲੀ)- ਨੇੜਲੇ ਪਿੰਡ ਰਾਏ ਸਿੰਘ ਵਾਲਾ ਵਿਖੇ ਤਾਏ ਦੇ ਲੜਕੇ ਅਤੇ ਭਤੀਜੇ ਵਲੋਂ ਇਕ ਵਿਅਕਤੀ ਜਗਸੀਰ ਖਾਨ ਦਾ ਕਿਰਚਾਂ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਜਗਸੀਰ ਖਾਨ ਦੇ ਭਰਾ ਜਗਤਾਰ ਖਾਨ ਪੁੱਤਰ ਅਜੀਜ ਖਾਨ ਸਾਬਕਾ ਸਰਪੰਚ ਵਾਸੀ ਰਾਏ ਸਿੰਘ ਵਾਲਾ ਨੇ ਦੱਸਿਆ ਕਿ ਉਸ ਦੇ ਤਾਏ ਦੇ ਲੜਕੇ ਅਸਲਮ ਖਾਨ ਅਤੇ ਉਸ ਦੇ ਭਤੀਜੇ ਪ੍ਰਿੰਸ ਖਾਨ ਨੇ ਬੀਤੀ ਦੇਰ ਰਾਤ ਉਸ ਦੇ ਭਰਾ ਜਗਸੀਰ ਖਾਨ ਨੂੰ ਘਰੋਂ ਹਾਕ ਮਾਰ ਕੇ ਬੁਲਾਇਆ। ਜਦੋਂ ਉਹ ਘਰੋਂ ਬਾਹਰ ਆਇਆ ਤਾਂ ਉਹ ਉਸ ਦੇ ਕਿਰਚਾਂ ਮਾਰ ਕੇ ਗੰਭੀਰ ਰੂਪ ਵਿੱਚ ਜਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਜਿਸ ਦੌਰਾਨ ਜਖਮੀ ਹਾਲਤ ਵਿੱਚ ਜਗਸੀਰ ਖਾਨ ਨੂੰ ਸਿਵਲ ਹਸਪਤਾਲ ਲਿਆਂਦਾ ਜਿੱਥੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਭਵਾਨੀਗੜ੍ਹ ਥਾਣੇ ਦੇ ਮੁਖੀ ਇੰਸਪੈਕਟਰ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਕਾਰਵਾਈ ਸ਼ੁਰੂ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਅਸਲਮ ਖਾਨ ਅਤੇ ਪ੍ਰਿੰਸ ਖਾਨ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Send this to a friend