ਜੁਲਾਈ, 12 ਜੁਲਾਈ (ਸੁਖਵਿੰਦਰ ਸਿੰਘ ਅਟਵਾਲ)- ਨੇੜਲੇ ਪਿੰਡ ਹਥੋਆ ਵਿਖੇ ਦਲਿਤਾਂ ਦੇ ਘਰਾਂ ਨੂੰ ਜਾਂਦੇ ਰਸਤੇ ਨੂੰ ਵਾਹੁਣ ਨੂੰ ਲੈਕੇ ਰੋਸ਼ ‘ਚ ਆਏ ਪਿੰਡ ਦੇ ਇਨਸਾਨ ਪਸੰਦ ਲੋਕਾਂ ਵੱਲੋਂ ਵੱਖ-ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸਹਿਯੋਗ ਨਾਲ ਥਾਣਾ ਅਮਰਗੜ੍ਹ ਅੱਗੇ ਧਰਨਾ ਲਗਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਭਾਰਤ ਸਭਾ ਦੇ ਆਗੂ ਬਿੱਕਰ ਸਿੰਘ ਹਥੋਆ, ਗੁਰਦੇਵ ਸਿੰਘ ਅਤੇ ਸੁਖਵਿੰਦਰ ਸਿੰਘ ਸੋਨੀ ਆਦਿ ਨੇ ਦੱਸਿਆ ਕਿ ਪਿੰਡ ਹਥੋਆ ਵਿਖੇ ਦਲਿਤ ਭਾਈਚਾਰੇ ਨਾਲ ਸਬੰਧਿਤ ਕੁਝ ਵਿਅਕਤੀਆਂ ਨੇ ਜ਼ਮੀਨ ਵਿੱਚੋਂ ਪਲਾਟ ਖਰੀਦੇ ਸਨ ਅਤੇ ਉਨ੍ਹਾਂ ਪਲਾਟਾਂ ਨੂੰ ਜਾਣ ਲਈ ਪਲਾਟ ਵੇਚਣ ਵਾਲੇ ਵਿਆਕਤੀ ਵੱਲੋਂ ਰਜਿਸਟਰੀ ਵਿੱਚ ਕੀਤੀ ਲਿਖਤ ਅਨੁਸਾਰ ਬਾਰਾਂ ਫੁੱਟ ਦਾ ਰਸਤਾ ਛੱਡਿਆ ਗਿਆ ਸੀ। ਪ੍ਰੰਤੂ ਜਿਸ ਵਿਅਕਤੀ ਵੱਲੋਂ ਇਹ ਰਸਤਾ ਛੱਡਿਆ ਗਿਆ ਸੀ ਉਸੇ ਨੇ ਰਸਤੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੇ ਚਲਦਿਆਂ ਲੰਘੀ ਦਸ ਜੁਲਾਈ ਨੂੰ ਪੀੜਤ ਧਿਰ ਪਾਏ ਕੇਸ ਦੇ ਅਧਾਰਿਤ
ਅਦਾਲਤ ਵੱਲੋਂ ਸਟੇਅ ਆਰਡਰ ਪ੍ਰਾਪਤ ਹੋ ਗਿਆ ਸੀ ਜਿਸ ਦੀ ਕਾਪੀ ਨੂੰ ਸਬੰਧਿਤ ਧਿਰਾਂ ਵੱਲੋਂ ਥਾਣਾ ਅਮਰਗੜ੍ਹ ਵਿਖੇ ਦਿਖਾਇਆ ਗਿਆ ।ਓਧਰ ਅਦਾਲਤੀ ਆਰਡਰ ਦੀ ਪ੍ਰਵਾਹ ਨਾ ਕਰਦਿਆਂ ਉਕਤ ਵਿਅਕਤੀ ਨੇ ਦਲਿਤਾਂ ਦੇ ਘਰ ਨੂੰ ਜਾਣ ਵਾਲਾ ਰਸਤਾ ਧੱਕੇ ਨਾਲ ਵਾਹ ਦਿੱਤਾ ਅਤੇ ਇਸ ਮੌਕੇ ਦਲਿਤ ਔਰਤਾਂ ਦੀ ਕੁੱਟਮਾਰ ਵੀ ਕੀਤੀ। ਇਸ ਮਾਮਲੇ ਵਿੱਚ ਕੋਈ ਸੁਣਵਾਈ ਨਾ ਹੁੰਦੀ ਵੇਖ ਅੱਜ ਵੱਖ-ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਲੋਂ ਹਥੋਆ ਵਾਸੀਆਂ ਵੱਲੋਂ ਥਾਣਾ ਅਮਰਗੜ੍ਹ ਅੱਗੇ ਧਰਨਾ ਲਗਾਕੇ ਧੱਕਾਸ਼ਾਹੀ ਕਰਨ ਵਾਲੇ ਅਤੇ ਪਿੰਡ ਦੇ ਸਰਪੰਚ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਸੋਨੀ, ਨੌਜਵਾਨ ਭਾਰਤ ਸਭਾ ਵੱਲੋਂ ਭੁਪਿੰਦਰ ਸਿੰਘ ਚੌਂਦਾ ਅਤੇ ਬਿੱਕਰ ਸਿੰਘ ਪੀਐੱਸਯੂ ਆਗੂ ਅਤੇ ਸੁਖਦੀਪ ਹਥਨ ਨੇ ਕਿਹਾ ਕਿ ਪੰਜਾਬ ਅੰਦਰ ਦਲਿਤਾਂ ਨਾਲ ਲਗਾਤਾਰ ਧੱਕੇਸ਼ਾਹੀਆਂ ਹੋ ਰਹੀਆਂ ਹਨ ਅਤੇ ਕਾਨੂੰਨੀ ਤੌਰ ਤੇ ਵੀ ਉਨ੍ਹਾਂ ਨੂੰ ਕੋਈ ਨਿਆਂ ਨਹੀਂ ਮਿਲ ਰਿਹਾ, ਜਦਕਿ ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਤਮਾਸ਼ਾ ਵੇਖ ਰਿਹਾ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਦੋਸ਼ੀ ਵਿਅਕਤੀਆਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੇਵਕ ਸਿੰਘ ਹਰਦੀਪ ਸਿੰਘ ਸੁਖਵਿੰਦਰ ਸਿੰਘ ਦਰਸ਼ਨ ਸਿੰਘ ਅਤੇ ਪਿੰਡ ਹਥੋਆ ਦੀਆਂ ਦਲਿਤ ਔਰਤਾਂ ਹਾਜ਼ਰ ਸਨ। ਅਖੀਰ ਸਬ ਇੰਸਪੈਕਟਰ ਮਨਜੋਤ ਸਿੰਘ ਵੱਲੋਂ ਧਰਨਾਕਾਰੀਆਂ ਨੂੰ ਕਾਰਵਾਈ ਕਰਨ ਦੇ ਭਰੋਸੇ ਬਾਅਦ ਹੀ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕਿਆ।