ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਸਮੇਤ ਦਰਜਨ ਲੋਕ ਟੈਂਕੀ ‘ਤੇ ਚੜ੍ਹੇ

ਬਠਿੰਡਾ/ਮਹਿਰਾਜ, 10 ਜੁਲਾਈ (ਗੁਰਮੀਤ ਸੇਮਾ, ਮੱਖਣ ਬੁੱਟਰ, ਕੁਲਜੀਤ ਢੀਂਗਰਾ, ਸੁਖਮੰਦਰ ਰਾਮਪੁਰਾ)- ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਅਤੇ ਕੋਠੇ ਹਿੰਮਤਪੁਰਾ ਦੀ ਪੰਚਾਇਤ ਦਰਮਿਆਨ ਚੱਲ ਰਿਹਾ ਪਹੀ ਦਾ ਮਾਮਲਾ ਅੱਜ ਦੂਜੇ ਦਿਨ ਵੀ ਭਖਿਆ ਰਿਹਾ। ਕੋਈ ਅਣਸੁਖਾਵੀਂ ਘਟਨਾ ਲਈ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ। ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਅਤੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਹਰਿੰਦਰ ਸਿੰਘ ਹਿੰਦਾ ਇਨਸਾਫ ਲੈਣ ਲਈ ਦਰਜਨ ਦੇ ਕਰੀਬ ਲੋਕਾਂ ਨਾਲ ਪਾਣੀ ਵਾਲੀ ਟੈਂਕੀ ਤੇ ਚੜ ਗਏ। ਨਗਰ ਪੰਚਾਇਤ ਦੇ ਹਿੰਦਾ ਨੇ ਕਿਹਾ ਕਿ ਪਹੀ ਦੇ ਮਾਮਲੇ ਨੂੰ ਲੈ ਕੇ ਬੀਤੇ ਕੱਲ ਫੂਲ ਦੇ ਤਹਿਸੀਲਦਾਰ ਰਕੇਸ਼ ਕੁਮਾਰ ਗਰਗ ਨੇ ਦੋਵਾਂ ਪੰਚਾਇਤਾਂ ਨਾਲ ਬੈਠ ਕੇ ਗੱਲਬਾਤ ਕਰਕੇ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਅੱਜ ਸਵੱਖਤੇ ਕੋਠੇ ਹਿੰਮਤਪੁਰਾ ਦੀ ਪੰਚਾਇਤ ਨੇ ਪ੍ਰਸ਼ਾਸਨ ਦੀ ਮੌਜੂਦਗੀ ਚ ਇਹ ਪਹੀ ਦੀ ਪੁਟਾਈ ਕਿਉਂ ਕੀਤੀ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਸੱਤਾ ਦੇ ਜੋਰ ਤੇ ਉਨਾਂ ਨਾਲ ਧੱਕਾ ਕਰ ਰਹੀ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਰੋਸ ਵਜੋਂ ਅੱਜ ਨਗਰ ਪੰਚਾਇਤ ਪ੍ਰਧਾਨ ਹਰਿੰਦਰ ਸਿੰਘ ਹਿੰਦਾ, ਕੋਠੇ ਰੱਥੜੀਆਂ ਦਾ ਸਰਪੰਚ ਗੁਰਮੇਲ ਸਿੰਘ, ਕੁਲਦੀਪ ਸਿੰਘ, ਬੂਟਾ ਸਿੰਘ, ਵਰਿਆਮ ਸਿੰਘ, (ਸਾਰੇ ਕੌਂਸਲਰ) ਪੀੜਤ ਪਰਿਵਾਰਾਂ ਵਿੱਚੋਂ ਬਲਕਰਨ ਸਿੰਘ, ਬਲਦੇਵ ਸਿੰਘ, ਜੱਸੀ ਸਿੰਘ, ਗੁਰਦੀਪ ਸਿੰਘ, ਪਰਮਜੀਤ ਸਿੰਘ ਅਤੇ ਸੁਰਜੀਤ ਸਿੰਘ ਮਹਿਰਾਜ ਵਿਖੇ ਬੱਸ ਅੱਡੇ ਕੋਲ ਪਾਣੀ ਵਾਲੀ ਟੈਂਕੀ ਤੇ ਚੜ ਗਏ। ਉਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਦ ਇਸ ਮਾਮਲੇ ਨੂੰ ਗੰਭੀਰਤਾਂ ਨਾਲ ਲਿਆ ਤਾਂ ਰੋਹ ਵਿੱਚ ਆਏ ਕੋਠੇ ਰੱਥੜੀਆਂ ਦੇ ਲੋਕਾਂ ਨੇ ਮਹਿਰਾਜ-ਭੈਣੀ ਰੋਡ ਤੇ ਜਾਮ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ। ਪੀੜਤ ਪਰਿਵਾਰਾਂ ਅਤੇ ਪ੍ਰਧਾਨ ਹਿੰਦਾ ਨੇ ਕਿਹਾ ਹੈ ਕਿ ਇਹ ਪਹੀ ਪਿਛਲੇ 25 ਸਾਲਾਂ ਤੋਂ ਵਰਤੀ ਜਾ ਰਹੀ ਹੈ। ਇਸ ਮੌਕੇ ਪੁੱਜੇ ਨਾਇਬ ਤਹਿਸੀਲਦਾਰ ਰਾਮਪੁਰਾ ਪੁਨੀਤ ਬਾਂਸਲ ਨੇ ਮੌਕੇ ਦਾ ਦੌਰਾ ਕੀਤਾ। ਇਸ ਮਾਮਲੇ ਸੰਬੰਧੀ ਕੋਠੇ ਹਿੰਮਤਪੁਰਾ ਦੇ ਸਰਪੰਚ ਪਰਮਿੰਦਰ ਸਿੰਘ ਪਿੰਦਰ ਨੇ ਕਿਹਾ ਕਿ ਤਕਰੀਬਨ ਡੇਢ ਮਹੀਨੇ ਪਹਿਲਾਂ ਕਾਨੂੰਗੋ ਅਤੇ ਹੋਰ ਅਧਿਕਾਰੀ ਨੇ ਇਸ ਜਮੀਨ ਦੀ ਮਿਣਤੀ ਕਰਵਾਈ ਸੀ ਅਤੇ ਇਹ ਪਹੀ ਕੋਠੇ ਹਿੰਮਤਪੁਰਾ ਦੀ ਪੰਚਾਇਤੀ ਜਮੀਨ ਵਿੱਚ ਆਉਂਦੀ ਹੈ। ਖਬਰ ਲਿਖੇ ਜਾਣ ਤੱਕ ਅਕਾਲੀ ਆਗੂ ਟੈਕੀ ਤੇ ਚੜੇ ਹੋਏ ਸਨ ਅਤੇ ਸੜਕ ਤੇ ਧਰਨਾ ਵੀ ਜਾਰੀ ਸੀ।

Send this to a friend