ਫਿਰੋਜ਼ਪੁਰ, 10 ਜੁਲਾਈ (ਸੰਦੀਪ ਕੰਬੋਜ ਜਈਆ)- ਪੰਜਾਬ ਦੀ ਸੱਤ ਹਾਈ ਸਕਿਓਰਿਟੀ ਜੇਲਾਂ ਦੇ ਅੰਦਰ ਕੋਰਟ ਰੂਮ ਸਥਾਪਿਤ ਕੀਤੇ ਜਾ ਰਹੇ ਹਨ, ਇੱਥੇ ਜਲਦ ਹੀ ਅਦਾਲਤ ਲਗਾਉਣ ਦੀ ਕਾਰਵਾਈ ਸ਼ੁਰੂ ਹੋਵੇਗੀ। ਇਹ ਕਦਮ ਖਤਰਨਾਕ ਅਪਰਾਧੀਆਂ ਜੇਲ੍ਹ ਤੋਂ ਬਾਹਰ ਲੈ ਕੇ ਜਾਣ ਤੋਂ ਰੋਕਣ ਦੇ ਲਈ ਉਠਾਇਆ ਗਿਆ ਹੈ। ਇਨ੍ਹਾਂ ਕੈਦੀਆਂ ਦੀ ਪੇਸ਼ੀ ਜੇਲ੍ਹ ਦੇ ਅੰਦਰ ਸਥਾਪਿਤ ਕੋਰਟ ਵਿੱਚ ਹੀ ਹੋਵੇਗੀ ਅਤੇ ਉੱਥੇ ਹੀ ਹਰ ਹਫਤੇ ਕੋਰਟ ਲੱਗੇਗੀ। ਉਪਰੋਕਤ ਵਿਚਾਰ ਪੰਜਾਬ ਦੇ ਜੇਲ੍ਹ ਅਤੇ ਸਹਿਕਾਰਤਾ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਨੇ ਬੁੱਧਵਾਰ ਨੂੰ
ਫਿਰੋਜ਼ਪੁਰ ਡੀਸੀ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਅਕਤ ਕੀਤੇ। ਉਨ੍ਹਾਂ ਕਿਹਾ ਕਿ ਪਟਿਆਲਾ, ਕਪੂਰਥਲਾ, ਅਮ੍ਰਿਤਸਰ, ਬਠਿੰਡਾ, ਫਰੀਦਕੋਟ, ਸੰਗਰੂਰ ਅਤੇ ਨਾਭਾ ਦੀ ਹਾਈ ਸਕਿਓਰਿਟੀ ਜੇਲ੍ਹ ਵਿੱਚ ਕੋਰਟ ਰੂਮ ਸਥਾਪਿਤ ਕੀਤੇ ਜਾ ਰਹੇ ਹਨ, ਜਿਸ ਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਸਰਕਾਰ ਬਣਨ ਦੇ ਬਾਅਦ ਜੇਲ੍ਹਾਂ ਦੀ ਸੁਰੱਖਿਆ ਦੇ ਲਈ ਕਈ ਕਦਮ ਉਠਾਏ ਗਏ ਹਨ। ਜੇਲ੍ਹਾਂ ਵਿੱਚ 1500 ਮੁਲਾਜ਼ਮਾਂ ਦੀ ਕਮੀ ਸੀ, ਜਿਨ੍ਹਾਂ ਵਿੱਚੋਂ ਹੁਣ ਤੱਕ 750 ਭਰਤੀ ਕਰ ਲਏ ਗਏ ਹੈ। ਬਾਕੀ ਦੇ 750 ਵਿੱਚੋਂ 450 ਮੁਲਾਜ਼ਮਾਂ ਨੂੰ ਭਰਤੀ ਕਰਨ ਦੀ ਮਨਜੂਰੀ ਸਰਕਾਰ ਵੱਲੋਂ ਮਿਲ ਗਈ ਹੈ ਅਤੇ ਜਲਦ ਹੀ ਇਹ ਭਰਤੀਆਂ ਵੀ ਕਰ ਦਿੱਤੀਆਂ ਜਾਣਗੀਆਂ।