ਲੋਕਾਂ ਨੂੰ ਸੇਵਾਵਾਂ ਮਿੱਥੇ ਸਮੇਂ ਅੰਦਰ ਪ੍ਰਦਾਨ ਕਰਨੀਆਂ ਯਕੀਨੀ ਬਣਾਈਆਂ ਜਾਣ : ਡੀ.ਸੀ. ਮਾਨਸਾ

ਮਾਨਸਾ, 10 ਜੁਲਾਈ (ਜਗਦੀਸ਼ ਬਾਂਸਲ)- ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਅੱਜ ਸਮੂਹ ਵਿਭਾਗਾਂ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਤੋਂ ਲਗਾਏ ਗਏ ਕੈਂਪਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ। ਇਸ ‘ਤੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਨਵੰਬਰ ਤੋਂ ਜੂਨ 2019 ਤੱਕ 12 ਕੈਂਪ ਲਗਾਏ ਜਾ ਚੁੱਕੇ ਹਨ ਅਤੇ 2843 ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰੋਜ਼ਗਾਰ ਦਫ਼ਤਰ ਵਿਖੇ ਰਜਿਸਟ੍ਰੇਸ਼ਨ ਕਰਵਾਉਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਸੇਵਾ ਕੇਂਦਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਆਫ਼ਲਾਈਨ ਅਤੇ ਆਨਲਾਈਨ ਸੇਵਾਵਾਂ ਨੂੰ ਸਮੇਂ ਸੀਮਾਂ ਦੇ ਅੰਦਰ ਲੋਕਾਂ ਨੂੰ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਬਿਲਕੁੱਲ ਵੀ ਦੇਰੀ ਨਾ ਕੀਤੀ ਜਾਵੇ। ਮੀਟਿੰਗ ਦੌਰਾਨ ਕਰਜਾ ਰਾਹਤ ਸਕੀਮ ਅਤੇ ਆਟਾ-ਦਾਲ ਦੀ ਸਕੀਮ ਦੇ ਲਾਭਪਾਤਰੀਆਂ ਦੀ ਪੜਤਾਲ ਦਾ ਵੀ ਸਬੰਧਤ ਅਧਿਕਾਰੀਆਂ ਤੋਂ ਜਾਇਜ਼ਾ ਲਿਆ।ਸਿਹਤ ਵਿਭਾਗ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਸਮੇਂ-ਸਮੇਂ ‘ਤੇ ਕੈਂਪ ਜਾਂ ਸੈਮੀਨਾਰ ਲਗਾਏ ਜਾਣ।

Send this to a friend