ਸ੍ਰੀਨਗਰ, 26 ਜੂਨ (ਪੰਜਾਬ ਟਾਇਮਜ਼ ਬਿਊਰੋ)- ਜੰਮੂ ਕਸ਼ਮੀਰ ਦੇ ਦੌਰੇ ‘ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜਪਾਲ ਸਤਿਆਪਾਲ ਮਲਿਕ ਨੇ ਸੂਬੇ ਦੇ ਅਨੇਕਾਂ ਵਿਕਾਸ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।ਇਸ ਤੋਂ ਇਲਾਵਾ ਉਨ੍ਹਾਂ ਰਾਜਪਾਲ ਸੱਤਿਆਪਾਲ ਮਲਿਕ ਨਾਲ ਸੂਬੇ ਦੇ ਮੌਜੂਦਾ ਹਾਲਾਤ ਬਾਰੇ ਗੱਲਬਾਤ ਕੀਤੀ। ਸੂਬੇ ‘ਚ ਸੁਰੱਖਿਆ ਦੀ ਸਥਿਤੀ ਸਬੰਧੀ ਚਰਚਾ ਵਿੱਚ ਸੂਬੇ ਦੇ ਸੀਨੀਅਰ ਅਧਿਕਾਰੀ ਅਤੇ ਕੇਂਦਰੀ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਰਹੇ।। ਸੁਰੱਖਿਆ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਉਨ੍ਹਾਂ ਭਾਜਪਾ ਵਰਕਰਾਂ ਅਤੇ ਪੰਚਾਇਤ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਸ਼ਾਹ ਕੱਲ੍ਹ ਯਾਨੀ ਵੀਰਵਾਰ ਨੂੰ ਦਿੱਲੀ ਲਈ ਵਾਪਸੀ ਕਰਨਗੇ। ਜ਼ਿਕਰਯੋਗ ਹੈ ਕਿ ਇਸ ਸਾਲ ਅਮਰਨਾਥ ਯਾਤਰਾ ਪਹਿਲੀ ਜੁਲਾਈ ਤੋਂ ਸ਼ੁਰੂ ਹੋ ਕੇ 15 ਅਗਸਤ ਤੱਕ ਚੱਲੇਗੀ। ਇਸ ਲਈ ਸੂਬੇ ਦੇ ਸੁਰੱਖਿਆ ਦੇ ਤਕੜੇ ਬੰਦੋਬਸਤ ਕੀਤੇ ਗਏ ਹਨ। ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਟ੍ਰੈਕ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਟ੍ਰੈਕ ‘ਤੇ ਸੁਰੱਖਿਆ ਬਲ ਦੇ ਜਵਾਨ ਤਾਇਨਾਤ ਹਨ। ਅਮਰਨਾਥ ਜਾਣ ਵਾਲੇ ਤੀਰਥ ਯਾਤਰੀ ਮੁੱਖ ਰੂਪ ‘ਚ ਇਨ੍ਹਾਂ ਦੋ ਰਸਤਿਆਂ ਦਾ ਹੀ ਇਸਤੇਮਾਲ ਕਰਦੇ ਹਨ। ਸੂਤਰ ਦਸਦੇ ਹਨ ਕਿ ਸੁਰੱਖਿਆ ਬਲ ਦੇ ਹਜ਼ਾਰਾਂ ਜਵਾਨਾਂ ਦੀ ਤਾਇਨਾਤੀ ਇਨ੍ਹਾਂ ਰਸਤਿਆਂ ‘ਤੇ ਕੀਤੀ ਗਈ ਹੈ।