ਚੰਗੀਗੜ, 18 ਜੂਨ:ਈ.ਐਸ.ਆਈ. (ਕਰਮਚਾਰੀ ਸਮਾਜਿਕ ਇੰਸ਼ੋਰੈਂਸ) ਹਸਪਤਾਲਾਂ ਦੀ ਕਾਰਗੁਜ਼ਾਰੀ ਨੂੰ ਹੋਰ ਮਜਬੂਤ ਕਰਨ ਦੀ ਕੋਸ਼ਿਸ਼ ਤਹਿਤ ਸੂਬੇ ਦੇ ਸਾਰੇ ਈ.ਐਸ.ਆਈ. ਹਸਪਤਾਲਾਂ ਵਿੱਚ ਰਜਿਸਟਰਡ ਮਜ਼ਦੂਰਾਂ ਅਤੇ ਹੋਰ ਨਿਰਮਾਣ ਕਾਰਜਾਂ ਵਾਲੇ ਕਾਮਿਆਂ ਨੂੰ 24 ਘੰਟੇ ਐਮਰਜੈਂਸੀ ਸੇਵਾਵਾਂ ਦੀ ਸਹੂਲਤ ਦਿੱਤੀ ਜਾਵੇਗੀਇਹ ਜਾਣਕਾਰੀ ਅੱਜ ਸਿਹਤ ਤੇ ਕਿਰਤ ਮੰਤਰੀ ਸ੍ਰੀ ਬਲਬੀਰ ਸਿੱਧੂ ਨੇ ਈ.ਐਸ.ਆਈ. ਹਸਪਤਾਲਾਂ ਦੀ ਰੀਵਿਊ ਮੀਟਿੰਗ ਦੌਰਾਨ ਦਿੱਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਮੁਤਾਬਿਕ ਹੁਣ ਸੂਬੇ ਦੇ ਸਾਰੇ ਈ.ਐਸ.ਆਈ. ਹਸਪਤਾਲਾਂ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ ਦੀ ਸਹੂਲਤ ਦਿੱਤੀ ਜਾਵੇਗੀ। ਉਨਾਂ ਨੇ ਡਾਇਰੈਕਟਰ ਸੋਸ਼ਲ ਇੰਸ਼ੋਰੈਂਸ, ਡਾ. ਜਸਪਾਲ ਸਿੰਘ ਬਸੀ ਨੂੰ ਵਿਭਾਗ ਵਿੱਚ ਸਾਰੀਆਂ ਖਾਲੀ ਪਈਆਂ ਅਸਾਮੀਆਂ ਦਾ ਜਾਇਜ਼ਾ ਲੈਣ ਲਈ ਕਿਹਾ ਅਤੇ ਚੌਥੇ ਦਰਜੇ ਤੋਂ ਮੈਡੀਕਲ ਸੁਪਰਡੰਟ ਤੱਕ ਦੀ ਖਾਲੀ ਅਸਾਮੀ ਲਈ ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੇ ਆਦੇਸ਼ ਵੀ ਦਿੱਤੇ। ਉਨਾਂ ਕਿਹਾ ਕਿ ਇਹ ਮਾਮਲਾ ਕੈਬਨਿਟ ਮੀਟਿੰਗ ਵਿੱਚ ਅਗਲੇਰੀ ਪ੍ਰਵਾਨਗੀ ਲਈ ਜਲਦ ਭੇਜਿਆ ਜਾਵੇਗਾ। ਉਨਾਂ ਈ.ਐਸ.ਆਈ. ਦੇ ਅਧਿਕਾਰੀਆਂ ਨੂੰ 30 ਜੂਨ ਤੋਂ ਪਹਿਲਾਂ ਸਾਰੇ ਲੋੜੀਂਦੇਂ ਟੈਸਟਾਂ ਅਈ ਇੱਕੋਂ ਛੱਤ ਥੱਲੇ ਲੋੜੀਂਦੀਂ ਸਿਹਤ ਸਮੱਗਰੀ ਅਤੇ ਮਸ਼ੀਨਰੀ ਦੀ ਖਰੀਦ ਪ੍ਰੀਕਿਰਿਆ ਨੂੰ ਨੇਪਰੇ ਚਾੜਨ ਲਈ ਹਦਾਇਤ ਵੀ ਕੀਤੀ।ਸ੍ਰੀ ਬਲਬੀਰ ਸਿੱਧੂ ਨੇ ਈ.ਐਸ.ਆਈ. ਹਸਪਤਾਲਾਂ ਵਿੱਚ ਓ.ਪੀ.ਡੀ., ਲੈਬ ਟੈਸਟਾਂ ਅਤੇ ਜਣੇਪਿਆਂ ਸਬੰਧੀ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ, ਮੈਡੀਕਲ ਸੁਪਰਡੰਟਾਂ ਨੂੰ ਇਹਨਾਂ ਸੇਵਾਵਾਂ ਵਿੱਚ ਨਿਰਧਾਰਤ ਮਾਪਦੰਡਾਂ ਅਨੁਸਾਰ ਹੋਰ ਸੁਧਾਰ ਲਿਆਉਣ ਲਈ ਤਾਕੀਦ ਕੀਤੀ। ਉਨਾਂ ਕਿਹਾ ਕਿ ਟੀ.ਬੀ. ਦੇ ਜੜ ਤੋਂ ਖਾਤਮੇ ਲਈ ਸਾਨੂੰ ਸਾਰੇ ਲੋੜੀਂਦੇਂ ਟੈਸਟ ਅਤੇ ਇਲਾਜ ਸੇਵਾਵਾਂ ਈ.ਐਸ.ਆਈ. ਹਸਪਤਾਲਾਂ ਵਿੱਚ ਮੁਹੱਈਆ ਕਰਵਾਉਣ ਦੀ ਲੋੜ ਹੈ ਜਿਸ ਟੀ. ਬੀ. ਦਾ ਟੈਸਟ ਕਰਨ ਲਈ ਲੈਬ ਟੈਕਨੀਸ਼ਨਾਂ ਦੇ ਨਾਲ ਡੈਸੀਗਨੇਟਿਡ ਮਾਈਕਰੋਸਕੋਪਿਕ ਕੇਂਦਰ ਸਥਾਪਿਤ ਕੀਤੇ ਜਾਣਗੇ।ਮੈਡੀਕਲ ਬਿੱਲਾਂ ਦੀ ਭਰਪਾਈ (ਰੀਇੰਬਰਸਮੈਂਟ) ਸਬੰਧੀ ਬੋਲਦਿਆਂ ਸਿਹਤ ਮੰਤਰੀ ਨੇ ਬੀਮਾ ਧਾਰਕ ਕਾਮਿਆਂ ਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੇ ਮੈਡੀਕਲ ਬਿੱਲਾਂ ਦੀ ਭਰਪਾਈ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਕੇ ਨਿਸ਼ਚਿਤ ਸਮੇਂ ਵਿੱਚ ਨਿਪਟਾਉਣ ਲਈ ਨਿਰਦੇਸ਼ ਜਾਰੀ ਕੀਤੇ। ਉਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਜਾਰੀ ਕੀਤੀਆਂ ਹਦਾਇਤਾਂ ਤਹਿਤ ਕੀਤੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਉਹ ਸੂਬੇ ਦੇ ਸਾਰੇ ਈ.ਐਸ.ਆਈ. ਹਸਪਤਾਲਾਂ ਦਾ ਦੌਰਾ ਕਰਨਗੇ ਅਤੇ ਆਪਣੀ ਡਿਊਟੀ ਦੌਰਾਨ ਕੁਤਾਹੀ ਵਰਤਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।ਇਸ ਮੀਟਿੰਗ ਦੋਰਾਨ ਹੋਰ ਪਤਵੰਤਿਆਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸਿਹਤ ਵਿਭਾਗ, ਸ੍ਰੀ ਸਤੀਸ਼ ਚੰਦਰਾ, ਮਿਸ਼ਨ ਡਾਇਰੈਟਰ ਐਨ.ਐਚ.ਐਮ., ਸ੍ਰੀ ਅਮਿਤ ਕੁਮਾਰ, ਡਾਇਰੈਕਟਰ ਹੈਲਥ ਸੇਵਾਵਾਂ, ਡਾ. ਜਸਪਾਲ ਕੌਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਡਾ. ਅਵਨੀਤ ਕੌਰ, ਡਾਇਰੈਕਟਰ ਈ. ਐਸ. ਆਈ., ਡਾ. ਜਸਪਾਲ ਸਿੰਘ ਬਸੀ, ਖੇਤਰੀ ਡਾਇਰੈਕਟਰ ਈ. ਐਸ. ਆਈ. ਸੀ. ਸ੍ਰੀ ਸੁਨੀਲ ਤਨੇਜਾ, ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਸ੍ਰੀ ਬਲਬੀਰ ਸਿੰਘ, ਸਾਰੇ ਮੈਡੀਕਲ ਸੁਪਰਡੰਟ ਅਤੇ ਸੂਬੇ ਦੀਆਂ ਈ.ਐਸ.ਆਈ. ਸੰਸਥਾਵਾਂ ਦੇ ਜ਼ੋਨਲ ਇੰਚਾਰਜ ਸ਼ਾਮਲ ਸਨ।