May 28, 2026 12:43 am

‘ਮਾਂ’ ਮੈਂ ਤੇਰਾ ਫਤਿਹ ਬੋਲਦਾ ਹਾਂ

‘ਮਾਂ’ ਮੈਂ ਤੇਰਾ ਫਤਿਹ ਬੋਲਦਾ ਆਂ
ਪੈਰੀ ਪੈਨਾ ‘ਮਾਂ’ ਮੈਂ ਫਤਿਹ ਬੋਲਦਾ, ‘ਮਾਂ’ ਤੂੰ ਮੈਨੂੰ ਜਦ ਦੁਪਿਹਰ ਤੋਂ ਬਾਅਦ ਆਪਣਾ ਦੁੱਧ ਪਿਲਾ ਕੇ ਕੰਮ ਧੰਦੇ ਵਿੱਚ ਰੁੱਝ ਗਈ ਸੀ ਤੇ ਤੁਰੀ ਫਿਰਦੀ ਨੇ ਮੇਰੇ ਪਾਪਾ ਨੂੰ ਕਿਹਾ ਸੀ ਕਿ ਫਤਿਹਵੀਰ ਲਈ ਸ਼ਹਿਰੋ ਅੱਜ ਕੇਲੇ ਤੇ ਲੀਚੀਆਂ ਲੈ ਆਓ ਪਾਪਾ ਝੱਟ ਆਪਣੀ ਕਾਰ ਨੂੰ ਧੋਣ ਲੱਗ ਪਏ ਤੇ ਮੈਂ ਵੀ ਖੁਸ਼ੀ ਵਿੱਚ ਇੱਧਰ- ਉੱਧਰ ਭੱਜਣ ਲੱਗ ਪਿਆ ਕਿ ਅੱਜ ਮੈਂ ਕਾਰ ਤੇ ਪਾਪਾ ਨਾਲ ਸ਼ਹਿਰ ਜਾਵਾਗਾ, ਤੇ ਪਾਪਾ ਕਹਿੰਦੇ ਮੇਰਾ ਸ਼ੇਰ ਪੁੱਤ ਮੇਰੇ ਨਾਲ ਜਾਉਗਾ।
‘ਮਾਂ’ ਮੈਂ ਇੰਨਾ ਸੁਣਕੇ ਖੁਸ਼ੀ ਵਿੱਚ ਆਸੇ ਪਾਸੇ ਭੱਜਣ ਲੱਗਾ ਅਚਾਨਕ ਮੇਰੇ ਪੈਰਾ ਹੇਠੋਂ ਧਰਤੀ ਨਿਕਲਦੀ ਜਾਪੀ ਤੇ ‘ਮਾਂ’ ਮੈਂ ‘ਧਰਤੀ ਮਾਂ’ ਦੀ ਗੋਦ ਵਿੱਚ ਇੱਕ ਪਾਈਪ ਜਰੀਏ ਜਾਣ ਲੱਗਾ, ਤੂੰ ਭੱਜ ਕੇ ਮੈਨੂੰ ਫੜਨ ਦੀ ਬੜੀ ਕੋਸ਼ਿਸ਼ ਕੀਤੀ ਪਰ ‘ਮਾਂ’ ਮੈਂ ਤੇਰੇ ਹੱਥ ਨਾਲ ਆਇਆ ਤਾਂ ਤੇਰਾ ਕਾਲਜਾ ਵਲੂਧਰਿਆ ਗਿਆ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ, ਫਤਿਹਵੀਰ ਬੋਰ ਵੈਲ ਵਿੱਚ ਡਿੱਗ ਪਿਆ ‘ਮਾਂ’ ਮੈਨੂੰ 120 ਫੁੱਟ ਤੇ ਫਸੇ ਹੋਏ ਨੂੰ ਤੇਰੀ ਉੱਪਰ ਧਰਤੀ ਤੇ ਖੜੀ ਦੀਆਂ ਚੀਕਾਂ ਤੇ ਰੋਣ ਦੀਆਂ ਅਵਾਜਾਂ ਸਾਫ-ਸਾਫ ਸੁਣ ਰਹੀਆਂ ਸਨ ਤੇ ਤੂੰ ਕਹਿ ਰਹੀ ਸੀ ਕੋਈ ਮੇਰੇ ‘ਫਤਿਹ’ ਨੂੰ ਬਾਹਰ ਕੱਢ ਲੋ ਪਾਪਾ ਵੀ ਆਸੇ ਪਾਸੇ ਭੱਜ ਕੇ ਮੈਨੂੰ ਬਾਹਰ ਕੱਢਣ ਲਈ ਪ੍ਰਬੰਧ ਕਰ ਰਹੇ ਸਨ ਤੇ ਉਹ ਫੋਨ ਤੇ ਸਰਕਾਰੀ ਬੰਦਿਆਂ ਨੂੰ ਕਹਿ ਰਹੇ ਸਨ ਮੇਰਾ ਪੁੱਤਰ ਬੋਰਵੈਲ ਵਿੱਚ ਡਿੱਗ ਪਿਆ ਹੈ ਜਲਦੀ ਆਓ ਤੇ ਰਲ ਕੇ ਸਾਰੇ ਉਸਨੂੰ ਬਾਹਰ ਕੱਢੀਏ ‘ਮਾਂ’ ਇਸ ਬਾਰੇ ਸਾਰੇ ਸਰਕਾਰੀ ਬੰਦਿਆਂ ਨੂੰ ਸੂਚਨਾ ਦਿੱਤੀ ਜਾ ਚੁੱਕੀ ਸੀ ਪਰ ‘ਮਾਂ’ ਹੁਣ ਵੋਟਾਂ ਪੈਂ ਚੁੱਕੀਆਂ ਸੀ ਤੇ ਸਾਰੇ ਲੀਡਰ ਏ.ਸੀ. ਕਮਰਿਆਂ ਵਿੱਚ ਬੈਠ ਕੇ ਵੋਟਾਂ ਵੇਲੇ ਖਰਚੇ ਪੈਸਿਆਂ ਦੀ ਭਰਪਾਈ ਲਈ ਸਕੀਮਾਂ ਘੜ ਰਹੇ ਸਨ ਕੌਣ ਸੁਣਦਾ ਅਜਿਹੇ ਵਕਤ।
‘ਮਾਂ’ ਮੈਨੂੰ ਥੱਲੇ ਬੋਰਵੈਲ ਵਿੱਚ ਫਸੇ ਨੂੰ ਕਈ ਘੰਟੇ ਬੀਤ ਚੁੱਕੇ ਸਨ ਪਰ ਸਰਕਾਰੀ ਤੇ ਸਿਆਸੀ ਤੰਤਰ ਗੂੜੀ ਨੀਦ ਵਿੱਚੋ. ਜਾਗਣ ਦਾ ਨਾਂ ਹੀ ਨਹੀ ਲੈ ਰਿਹਾ ਸੀ, ਆਸੇ-ਪਾਸੇ ਦੇ ਹਮਦਰਦੀ ਰੱਖਣ ਵਾਲੇ ਪਿੰਡਾ-ਸ਼ਹਿਰਾ ਦੇ ਲੋਕਾਂ ਦਾ ਕੱਠ ਹੋਣ ਲੱਗਾ ਤੇ ਮੈਨੂੰ ਬਾਹਰ ਕੱਢਣ ਦੀਆਂ ਸਕੀਮਾਂ ਵਿਚਾਰੇ ਲੋਕ ਹੀ ਕਰਨ ਲੱਗੇ। ਸਕੀਮਾਂ-ਸਕੀਮਾਂ ਵਿੱਚ ਰਾਤ ਲੰਘ ਗਈ ਸਰਕਾਰੀ ਤੰਤਰ ਘੁਰਾੜੇ ਮਾਰਦਾ ਰਿਹਾ, ਪਰ ਅਚਾਨਕ ਗੈਰ ਸਰਕਾਰੀ ਸੰਸਥਾਵਾਂ ਤੇ ਸਮਾਜ ਸੇਵਾ ਲੋਕਾਂ ਨੇ ਮੈਨੂੰ ਬਾਹਰ ਕੱਢਣ ਲਈ ਆਪਣੀ ਸਮਝ ਅਨੁਸਾਰ ਵਾਹ ਲਾਉਣ ਲੱਗੇ।
‘ਮਾਂ’ ਇਹ ਖਬਰ ਸਾਰੇ ਦੇਸ਼ ਵਿੱਚ ਜੰਗਲ ਦੀ ਅੱਗ ਵਾਂਗਰਾ ਫੈਲ ਗਈ ਤੇ ਦੇਸ਼ ਦਾ ਸਾਰਾ ਮੀਡੀਆਂ ਵੀ ਮੇਰੀ ਮੱਦਦ ਲਈ ਆਣ ਪੁੱਜਾ ਸਾਰੇ ਚੈਨਲਾਂ ਨੇ ਤਿੱਖੜ ਦੁਪਿਹਰ ਦੀ ਪਰਵਾਹ ਨਾ ਕਰਦਿਆਂ ਹੋਇਆ ਟਿੱਬਿਆਂ ਤੇ 24-24 ਘੰਟੇ ਲਗਾਤਾਰ ਖੜ-ਖੜ ਕੇ ਉੱਚੀ-2 ਰੋਲਾ ਪਾ ਕੇ ਆਪਣੇ ਗਲੇ ਵੀ ਖਰਾਬ ਕਰ ਲਏ, ਪਰ ‘ਮਾਂ’ ਸਰਕਾਰ ਦੀ ਕੁੰਭਕਰਨੀ ਨੀਂਦ ਨਹੀ ਖੁੱਲੀ, ਮੈਨੂੰ ਬਾਹਰ ਕੱਢਣ ਲਈ ਬੱਸ ਖਾਨਾ ਪੂਰਤੀ ਲਈ N4R6 ਦੀ ਟੁਕੜੀ ਭੇਜ ਦਿੱਤੀ ਜੋ ਮੇਰੇ ਕੋਲ ਥੱਲੇ ਆਉਣ ਤੋਂ ਹੀ ਘਬਰਾਉਂਦੀ ਸੀ।
8 ਤਾਰੀਖ ਸ਼ਾਮ ਨੂੰ ‘ਜੱਗਾ ਅੰਕਲ’ ਟੋਆ ਪੱਟਦਾ-ਪੱਟਦਾ ਮੇਰੇ ਕੋਲ ਪਹੁੰਚ ਗਿਆ ਸੀ ਤੇ ਉਸਨੇ ਐਨ ਟਿਕਾਣੇ ਸਿਰ, ਮੇਰੇ ਪੈਰਾ ਕੋਲ ਪਾਈਪ ਤੇ ਜਦ ਸੱਬਲ ਮਾਰੀ ਤਾਂ ਮੇਰੀ ਬੇਹੋਸ਼ੀ ਟੁੱਟੀ ਮੈਂ ‘ਜੱਗੇ ਅੰਕਲ’ ਨੂੰ ਕਿਹਾ ਮੈਨੂੰ ਛੇਤੀ ਬਾਹਰ ਕੱਢਲੈ ਮੇਰੀ ‘ਮਾਂ’ ਦਾ ਹਾਲ ਬੁਰਾ ਹੋ ਗਿਆ ਹੋਵੇਗਾ, ਪਰ ਮੈਂ ਦੇਖਿਆਂ ਮਾਂ ‘ਜੱਗਾ ਅੰਕਲ’ ਵੀ ਉਸ ਸਮੇਂ ਉਲਟੀਆਂ ਕਰੀ ਜਾਂਦਾ ਸੀ, ਡਾਕਟਰਾਂ ਦੀ ਟੀਮ ਵੱਲੋਂ ਸਾਡੇ ਦੋਨਾਂ ਨੂੰ ਦਿੱਤੀ ਜਾ ਰਹੀ ਆਕਸੀਜਨ ਵਾਲੀ ਪਾਈਪ ਨਾਲ ਕਿਸੇ ਵੈਰੀ ਨੇ ਛੇੜ-ਛਾੜ ਕਰਕੇ ਘੱਟ ਕਰ ਦਿੱਤੀ ਸੀ।’ਮਾਂ’ ਉਸ ਨੂੰ ਮੁੜ ਵਾਪਸ ਮੈਨੂੰ ਕੱਢਣ ਲਈ ਨਹੀਂ ਆਉਣ ਦਿੱਤਾ।
‘ਮਾਂ’ ਮੈਂ ਇਹਨਾਂ ਦੀਆਂ ਇਹ ਕਰੂਰਤਾਂ ਭਰੀਆਂ ਗੱਲਾ ਸੁਣ ਕੇ ਆਪਣੇ-ਆਪ ਬਾਹਰ ਨਿੱਕਲਣ ਲਈ ਹੱਥ ਪੈਰ ਮਾਰਨ ਲੱਗਾ, ਬੜੀ ਕੋਸ਼ਿਸ਼ ਕੀਤੀ ‘ਮਾਂ’ ਮੇਰੇ ਦੇਸ਼ ਦੇ ਭਰਿਸ਼ਟ ਸਰਕਾਰੀ ਢਾਂਚੇ ਨੇ ਮੇਰੀਆਂ ਲੱਤਾਂ ਨੂੰ ਇਸ ਕਦਰ ਜੂੜ ਪਾ ਲਿਆ ਮੈਂ ਸਾਰੀ ਵਾਹ ਲਾ ਕੇ ਵੀ ਬਾਹਰ ਨਹੀ ਨਿੱਕਲ ਸਕਿਆ, ‘ਮਾਂ’ ਮੈਂ ਨਿੱਕਾ ਹੋਣ ਕਰਕੇ ਲੱਤਾਂ ਛੁਡਾਉਦਾ-ਛੁਡਾਉਂਦਾ ਭੁੱਖਣ ਭਾਣੇ ਨਿਢਾਲ ਹੋ ਕੇ ਅਚਾਨਕ ਕਿਸੇ ਹੋਰ ਦੇਸ਼ ਜਾ ਪਹੁੰਚਿਆਂ, ਜਿੱਥੋ ‘ਮਾਂ’ ਮੈਂ ਤੇਰੀ ਗੋਦੀ ਵਿੱਚ ਦੋ ਸਾਲ ਪਹਿਲਾ ਆਇਆ ਸੀ।
‘ਮਾਂ’ ਮੇਰੇ ਦੇਸ਼ ਦੇ ਰਾਖੇ ਗੱਲਾਂ ਬੁਲੇਟ ਟਰੇਨ ਚਲਾਉਣ ਤੇ ਦੂਜੇ ਗਵਾਂਢੀ ਦੇਸ਼ ਨੂੰ ਕੁਝ ਘੰਟਿਆ ਵਿੱਚ ਤਬਾਹ ਕਰਨ ਦੀਆਂ ਕਰਦੇ ਨੇ ਪਰ ਇੱਕ ਨੱਨੇ-ਮੁੰਨੇ ਨੂੰ ਬਾਹਰ ਕੱਢਣ ਲਈ ਤਾਂ ਤਕਨੀਕ ਤੋਂ ਵਾਂਝੇ ਹਨ। ‘ਮਾਂ’ ਸੁਣ ਰਹੀ ਹੈ ਨਾ ਚੁੱਪ ਕਿਉਂ ਹੈ ਤੇਰੀਆਂ ਧੜਕਣਾਂ ਮੈਨੂੰ ਸਾਫ ਸੁਣ ਰਹੀਆਂ ਹਨ ‘ਮਾਂ’ ਮੈਂ 2 ਸਾਲਾਂ ਵਿੱਚ ਦੇਖਿਆ ਕਿ ਮੇਰੇ ਦੇਸ਼ ਅੰਦਰ ਕਿੰਨੇ ਬੱਚੇ ਤਕਨੀਕ ਦੀ ਘਾਟ ਕਾਰਨ ਉੱਚੀਆਂ ਬਿਲਡਿੰਗਾਂ ਵਿੱਚ ਸੜ ਕੇ ਕੀਮਤੀ ਜਾਨਾਂ ਗਵਾ ਗਏ, ਕਿੰਨਿਆ ਨੂੰ ਦਰਿੰਦਿਆਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਕਿੰਨੀਆਂ ਹੀ ਨਿੱਕੀਆਂ ਮਾਸੂਮ ਕਲੀਆਂ ਨਾਲ ਹਵਸ ਦੇ ਅੰਨਿਆਂ ਨੇ ਬਲਾਤਕਾਰ ਕਰ ਦਿੱਤੇ ਪਰ ‘ਮਾਂ’ ਮੇਰੇ ਦੇਸ਼ ਦੇ ਸਿਆਸਤ ਦਾਨ ਇਹ ਸਭ ਏ.ਸੀ. ਕਮਰਿਆਂ ਵਿੱਚ ਬੈਠ ਚੈਨਲਾਂ ਤੇ ਦੇਖ ਕੇ ਖੁਸ਼ ਹੁੰਦੇ ਰਹੇ ਤੇ ਆਪਣੀ ਸਿਆਸਤ ਨੂੰ ਉਪਰੋ-ਥਲੀ ਕਰਦੇ ਰਹੇ।
‘ਮਾਂ’ ਮੈਨੂੰ ਬਾਹਰ ਕੱਢਣ ਲਈ ਪ੍ਰਸ਼ਾਸ਼ਨ ਕੁਝ ਕਰ ਹੀ ਨਹੀਂ ਸਕਿਆ ਕਿਉਂਕਿ ਉੱਪਰੋ ਹਰੀ ਝੰਡੀ ਨਹੀਂ ਮਿਲੀ, ਉਪਰਲੇ ਇਸ ਤੇ ਗੇਮ ਖੇਡ ਕੇ ਮੈਨੂੰ ਬਾਹਰ ਕੱਢਣਾ ਹੀ ਨਹੀ ਚਾਹੁੰਦੇ ਸੀ। ਇਥੇ ‘ਮਾਂ’ ਮੈਂ ਕੁਝ ਲੋਕ ਇਹ ਕਹਿੰਦੇ ਸੁਣੇ, ਇੱਕ ਆਦਮੀ ਆਪਣੀ ਛੋਟੀ ਬੱਚੀ ਨੂੰ ਵੀ ਲੈ ਕੇ ਆਇਆ ਸੀ ਕਿ ਮੈਂ ਇਸ ਨੁੰ ਪਾਈਪ ਵਿੱਚ ਲੱਤਾ ਨੂੰ ਰੱਸੀ ਬੰਨ ਕੇ ਭੇਜਾਗਾਂ, ਜਿਸ ਵਿੱਚ ਫਤਿਹਵੀਰ ਡਿੱਗਿਆ ਹੈ ਉਹ ਉਸਨੂੰ ਫੜ੍ਹ ਕੇ ਚੁੱਕ ਲਿਆਵੇਗੀ ਪਤਾ ਨੀ ਮਾਂ ਉਸਨੂੰ ਅਜਿਹਾ ਕਿਉਂ ਨੀ ਕਰਨ ਦਿੱਤਾ।
‘ਮਾਂ’ ਮੈਂ ਉਸ ਸੱਚੇ ਵਾਹਿਗੁਰੂ ਦੇ ਚਰਨਾ ਵਿੱਚ ਬੱਸ ਪਹੁੰਚਣ ਹੀ ਵਾਲਾ ਸੀ ਤਾਂ ਇਹਨਾ ਨੇ ਆਪਣੇ ਇਸ ਫੇਲ ਰੈਸਕਿਊ ਅਪਰੇਸ਼ਨ ਨੂੰ ਖਤਮ ਹੁੰਦਾ ਦੇਖ ਤੇਰੀ ਇਜਾਜਤ ਤੋਂ ਬਗੈਰ ਮੈਨੂੰ ਲੋਹੇ ਦੀਆਂ ਕੁੰਡੀਆਂ ਨਾਲ ਚੀਰ ਕੇ ਬਾਹਰ ਕੱਢਿਆ ਤੇ ਸੱਚੇ ਹੋਣ ਲਈ ਮੇਰੇ ਨੱਨੇ ਸਰੀਰ ਨੂੰ ਹਸਪਤਾਲਾ ਵਿੱਚ ਰੋਲਣ ਲੈ ਭੱਜੇ। ‘ਮਾਂ’ ਤੂੰ ਤਾਂ ਮੈਨੂੰ ਆਖਰੀ ਵਾਰ ਦੀ ਵਿਦਾਈ ਹੀ ਨਹੀਂ ਦੇ ਸਕੀ, ਤੇ ਨਾਂ ਹੀ ਮੈਂ ਆਖਰੀ ਵਾਰ ਤੇਰੀ ਗੋਦ ਦਾ ਨਿੱਘ ਮਾਣ ਸਕਿਆ ‘ਮਾਂ’ ਇਸ ਨੂੰ ਤਾਂ ਸਿਆਸਤ ਕਹਿੰਦੇ ਹਨ, ਤੂੰ ਭੋਲੀ ਕੀ ਜਾਣੇ?
‘ਮਾਂ’ ਮੈਂ ਪੰਜਾਬ ਵਾਸੀਆਂ ਨੂੰ ਤੇਰੇ ਰਾਹੀਂ ਕੁਝ ਸੰਦੇਸ਼ ਦੇਣਾ ਚਾਹੁੰਦਾ ਹਾਂ ਜੋ ਮੈਨੂੰ ਸੱਚੀ ਸ਼ਰਧਾਜਲੀ ਦੇਣਾ ਚਾਹੁੰਦੇ ਹਨ, ਪੰਜਾਬ ਵਾਸੀਓ ਇਹਨਾਂ ਸਿਆਸਤ ਦੇ ਪੁਜਾਰੀਆਂ ਨੇ ਧਰਮਾਂ ਦੀ ਆੜ ਵਿੱਚ ਤੁਹਾਨੂੰ ਆਪਸ ਵਿੱਚ ਲੜਾ-ਲੜਾ ਕੇ, ਤੁਹਾਡੀ ਭਾਈਚਾਰਕ ਸਾਂਝ ਲੱਗਭਗ ਖਤਮ ਹੀ ਕਰ ਦਿੱਤੀ ਹੈ ਪਰ ਭਗਵਾਨਪੁਰੇ ਵਿੱਚ ਫਿਰ ਤੋਂ ਦੇਖਣ ਨੂੰ ਮਿਲੀ ਹੈ ਹੁਣ ਕਦੇ ਟੁੱਟਣ ਨਾ ਦਿਓ ਇਸ ਫਿਰਕਾਪ੍ਰਸਤੀ ਤੋਂ ਖਬਰਦਾਰ ਰਹਿਓ, ਇਸ ਭਾਈਚਾਰਕ ਸਾਂਝ ਦੇ ਪਿੱੜ ਨੂੰ ਹੋਰ ਵੱਡਾ ਕਰੀਓ। ਮੇਰੀ ‘ਮਾਂ’ ਇਹਨਾਂ ਪੰਜਾਬ ਵਾਸੀਆਂ ਨੂੰ ਕਹਿ ਦੇ, ਰੱਬ ਕਰਕੇ ਅੱਗੇ ਤੋਂ ਅਜਿਹੀ ਹੋਰ ਘਟਨਾ ਨਾ ਵਾਪਰੇ, ਫਿਰ ਵੀ ਲੋੜ ਪਵੇ ਤਾਂ ਇਹਨਾ ਸਰਕਾਰਾ ਦੀ ਝਾਕ ਛੱਡ ਦਿਓ ਆਪਣੇ ਅੋਖੇ ਸਮੇਂ ਨਾਲ ਨਜਿੱਠਣ ਲਈ ਇੰਤਜ਼ਾਮ ਆਪਣੇ ਪੱਧਰ ਤੇ ਕਰ ਕੇ ਰੱਖਿਓ। ‘ਮਾਂ’ ਮੇਰੇ ਦੇਸ਼ ਦੇ ਹਾਕਮਾਂ ਨੇ ਫੋਕੀ ਵਾਹ-ਵਾਹ ਲਈ ਅਸਮਾਨ ਛੂਹਦੀਆਂ ਮੂਰਤੀਆਂ ਤਾਂ ਬਣਵਾਂ ਦਿੱਤੀ ਪਰ ਨੰਨੀਆਂ ਜਾਨਾ ਬਚਾਉਣ ਲਈ ਕੋਈ ਮਸ਼ੀਨ ਨਹੀ ਬਣਾਈ।
ਮੈਂ ਦੇਖਿਆ ‘ਮਾਂ’ ਮੇਰੇ ਪੰਜਾਬ ਦੇ ਨੋਜੁਆਨ ਇਨ੍ਹਾਂ ਸਰਕਾਰਾਂ ਤੋਂ ਦੁਖੀ ਹੋ ਕੇ ਅਮਰੀਕਾ, ਕਨੇਡਾ, ਨਿਊਜੀਲੈਂਡ ਆਦਿ ਦੇਸ਼ਾ ਨੂੰ ਮਹਿੰਗੇ ਭਾਅ ਭੱਜੇ ਜਾ ਰਹੇ ਹਨ, ਅਸੀ ਡਿਜੀਟਲ ਇੰਡੀਆਂ ਬਣਾ ਰਹੇ ਹਾਂ, ਸ਼ਰਮ ਦੀ ਗੱਲ ਹੈ। ‘ਮਾਂ’ ਇੱਥੇ ਮੈਨੂੰ ਵੀ ਵੱਡੇ ਹੋਏ ਨੂੰ ਨੋਕਰੀ ਦੀ ਜਗ੍ਹਾਂ ਡਾਂਗਾ ਹੀ ਮਿਲਣੀਆਂ ਸਨ। ‘ਮਾਂ’ ਮੈਂ 120 ਫੁੱਟ ਧਰਤੀ ਦੇ ਥੱਲੇ ਜਾ ਕੇ ਮਹਿਸੂਸ ਕੀਤਾ ਤੇ ਦੇਖਿਆ ਕਿ ਪੰਜਾਬ ਦੀ ਧਰਤੀ ਦਾ ਪਾਣੀ ਤਾਂ 150 ਫੁੱਟ ਤੋਂ ਵੀ ਥੱਲੇ ਚਲਾ ਗਿਆ ‘ਪੰਜਾਬੀਓ ਸੰਭਲ ਜਾਓ’ ਮੇਰੀ ਨੰਨੀ ਜਾਨ ਵੀ ਤਾਂ ਇਸ ਡੂੰਘੇ ਪਾਣੀ ਦੇ ਕਾਰਨ ਹੀ ਰੱਬ ਕੋਲ ਗਈ ਹੈ। ‘ਮਾਂ’ ਮੈਨੂੰ ਇਥੇ ਆ ਕੇ ਪਤਾ ਲੱਗਾ, ਮੇਰਾ ਦੇਸ਼ ਤਾਂ ਹਾਦਸਿਆਂ ਦੇ ਦੇਸ਼ ਵਾਲੇ ਨਾਅ ਨਾਲ ਮਸ਼ਹੂਰ ਹੈ। ਮੈਂ ਦੇਖਿਆ ‘ਮਾਂ’ ਮੇਰੇ ਦੇਸ਼ ਦਾ ਬਚਪਨ ਤੇ ਜਵਾਨੀ, ਭ੍ਰਿਸ਼ਟਾਚਾਰ, ਬੇਰੁਜਗਾਰੀ, ਬੁਨਿਆਦੀ ਸਿਹਤ ਸਹੂਲਤਾਂ ਨਾ ਮਿਲਣਾ, ਗੈਰ ਜਿੰਮੇਵਾਰ ਪ੍ਰਸ਼ਾਸ਼ਨ, ਨਾਗਰਿਕ ਸੇਫਟੀ ਐਕਟ ਲਾਗੂ ਨਾ ਹੋਣਾ, ਪਾਸਕੋ ਐਕਟ ਲਾਗੂ ਨਾ ਹੋਣਾ, ਨਿਆਇਕ ਪ੍ਰਣਾਲੀ ਵਿੱਚ ਨਿਘਾਰ ਵਾਲੇ ਖਾਲੀ ਡੂੰਘੇ ਬੋਰਵੈਲ ਵਿੱਚ ਲਗਾਤਾਰ ਡਿੱਗ ਰਿਹਾ ਹੈ, ਜਿਸ ਨੂੰ ਬਚਾਉਣ ਲਈ ਲੱਗਦਾ ਹੁਣ ਰੱਬ ਵੀ ਪਾਸਾ ਵੱਟ ਗਿਆ ਹੈ। ਕਾਮਨਾ ਕਰਦਾ ਹਾਂ ਕਿ ਹੋਰ ਕਿਸੇ ‘ਫਤਿਹ’ ਨੂੰ ਕੁਰਬਾਨੀ ਨਾ ਦੇਣੀ ਪਵੇ, ਇਸ ਲਈ ਮਨੁੱਖਤਾ ਦੇ ਭਲੇ ਲਈ ਸਾਰੀਆਂ ਸਮਾਜਿਕ ਜੱਥੇਬੰਦੀਆਂ ਇੱਕ ਪਲੇਟਫਾਰਮ ਤੇ ਆਉਣ।
‘ਮਾਂ’ ਮੈਨੂੰ ਲੱਗਦਾ ਹੈ ਮੈਂ ਬਹੁਤ ਲੰਬਾ ਸਮਾਂ ਤੇਰੇ ਨਾਲ ਗੱਲ ਕਰਕੇ ਤੇਰਾ ਕੀਮਤੀ ਟਾਈਮ ਖਰਾਬ ਕੀਤਾ ਹੈ ਤੂੰ ਘਰ ਦੇ ਬਹੁਤ ਕੰਮ ਕਰਨੇ ਸੀ ਲੇਟ ਹੋ ਗਈ ਹੁਣ ਤਿੱਖੜ ਦੁਪਿਹਰ ਹੋ ਗਈ ਹੈ ਚੱਲ ਹੁਣ ਦਿਨ ਢਲੇ ਕੰਮ ਕਰ ਲਈ, ਮਾਂ ਮੈਂ ਮੁੜ ਜ਼ਰੂਰ ਆਉਗਾ ਉਡੀਕ ਰੱਖੀ, ਇੱਥੇ ਮੇਰਾ ਜੀ ਤਾਂ ਨਹੀਂ ਲੱਗਦਾ ਪਰ ਕਰਾਂ ਕੀ ਮੈਂ ਸਿਆਸਤ ਦੀ ਭੇਟ ਚੜ ਗਿਆ। ‘ਮਾਂ’ ਚੇਤੇ ਰੱਖੀ ਅੱਗੇ ਤੋਂ ਮੇਰੀ ਸਾਂਭ ਸੰਭਾਲ ਵਿੱਚ ਕੋਈ ਅਣਗਹਿਲੀ ਨਾ ਕਰੀ ਮੈਂ ਤਾਂ ਨਿੱਕਾ ਸੀ ਪਤਾ ਨਹੀਂ ਕਿੱਧਰ ਨੂੰ ਤੁਰ ਗਿਆ, ਪੂਰੀ ਮੁਸਤੈਦ ਰਹੀ ਵੇਸਲੀ ਨਾ ਹੋਈ ਜਦਿ ਵੇਹਲ ਮਿਲੀ ਮੈਂ ਫੋਨ ਕਰਾਂਗਾ।
ਤੇਰਾ ਆਪਣਾ ਨੰਨਾ ਫਤਿਹਵੀਰ।

Send this to a friend