May 28, 2026 11:45 am

ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਕੌਂਸਲ ਵੱਲੋਂ ਸਖ਼ਤ ਕਾਰਵਾਈ

ਕੌਂਸਲ ਦੇ ਮੁਲਾਜ਼ਮਾਂ ਅਤੇ ਦੁਕਾਨਦਾਰਾਂ ਵਿਚਾਲੇ ਹੱਥੋਪਾਈ, ਪੁਲਿਸ ਨੇ ਦੋ ਦੁਕਾਨਦਾਰਾਂ ਨੂੰ ਹਿਰਾਸਤ ਵਿੱਚ ਲਿਆ

ਸ੍ਰੀ ਅਨੰਦਪੁਰ ਸਾਹਿਬ, 15 ਜੂਨ(ਦਵਿੰਦਰਪਾਲ ਸਿੰਘ/ਅੰਕੁਸ਼): ਬੀਤੇ ਦਿਨੀਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਅਜਾਇਬ ਘਰ ਦੇ ਕੋਲ ਭਿਆਨਕ ਅੱਗ ਲੱਗਣ ਨਾਲ ਸੜਕੇ ਸੁਆਹ ਹੋਈਆਂ ਦੁਕਾਨਾਂ ਨੂੰ ਨਵਿਆਉਣ ਲਈ ਜਿੱਥੇ ਪੀੜਤ ਦੁਕਾਨਦਾਰਾਂ ਵਲੋਂ ਦਿਨ ਰਾਤ ਇਕ ਕੀਤੀ ਜਾ ਰਹੀ ਸੀ ਉੱਥੇ ਹੀ ਅੱਜ ਸਵੇਰੇ ਨਗਰ ਕੌਂਸਲ ਦੇ ਮੁਲਾਜਮਾਂ ਵਲੋਂ ਆਰਜੀ ਦੁਕਾਨਾਂ ਬਨਾਉਣ ਲਈ ਲਗਾਏ ਗਏ ਐਂਗਲਰ ਨਜਾਇਜ ਕਬਜੇ ਕਰਾਰ ਦੇ ਕੇ ਤੋੜ ਦਿਤੇ ਗਏ। ਇਸ ਮੋਕੇ ਦੁਕਾਨਦਾਰਾਂ ਵਲੋਂ ਇਸ ਕਾਰਵਾਈ ਦਾ ਸਖਤ ਵਿਰੋਧ ਕੀਤਾ ਗਿਆ । ਕਾਰਵਾਈ ਦੋਰਾਨ ਕੌਂਸਲ ਦੇ ਮੁਲਾਜਮਾਂ ਅਤੇ ਦੁਕਾਨਦਾਰਾਂ ਵਿਚਾਲੇ ਹੱਥੋਪਾਈ ਵੀ ਹੋਈ ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਵਲੋਂ ਦੋ ਦੁਕਾਨਦਾਰਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ। ਇਸ ਕਾਰਵਾਈ ਦਾ ਵਿਰੋਧ ਕਰਦਿਆਂ ਕਾਂਗਰਸੀ ਆਗੂ ਤੇ ਦੁਕਾਨਦਾਰ ਮੋਹਨ ਸਿੰਘ ਭਸੀਨ ਨੇ ਕਿਹਾ ਕਿ ਸਾਡੇ ਨਾਲ ਸ਼ਰੇਆਮ ਧੱਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਈਆਂ ਟੀਨਾਂ ਉਤਾਰਣ ਲਈ ਤਿਆਰ ਹਾਂ ਪਰ ਸਾਨੂੰ ਸਮਾ ਹੀ ਨਹੀ ਦਿਤਾ ਗਿਆ। ਜੇਕਰ ਸਾਨੂੰ ਸਮਾ ਦਿਤਾ ਜਾਂਦਾ ਤਾਂ ਅਸੀਂ ਖੁਦ ਹੀ ਆਪਣੀਆਂ ਟੀਨਾਂ ਉਤਾਰ ਲੈਣੀਆਂ ਸਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਐਸ ਸੀ ਹੋਣ ਕਰਕੇ ਸਾਡੇ ਨਾਲ ਧੱਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਆਰਜੀ ਦੁਕਾਨਾਂ ਨੂੰ ਲੱਗੀ ਅੱਗ ਵਿਚ ਇਹ ਦੁਕਾਨਾਂ ਵੀ ਅੱਗ ਦੀ ਲਪੇਟ ਵਿਚ ਆ ਗਈਆਂ ਸਨ ਤੇ ਸਾਡਾ ਭਾਰੀ ਨੁਕਸਾਨ ਹੋਇਆ ਸੀ। ਦੂਜੇ ਪਾਸੇ ਮੌਕੇ ਤੇ ਨਾਲ ਕੌਂਸਲ ਦੇ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਅਸੀਂ ਪਿਛਲੇ ਤਿੰਨ ਦਿਨਾਂ ਤੋਂ ਦੁਕਾਨਦਾਰਾਂ ਨੂੰ ਬਾਰ ਬਾਰ ਕਿਹਾ ਕਿ ਤੁਸੀਂ ਐਂਗਲਰ ਨਾ ਲਗਾਉ ਅਤੇ ਨਾ ਹੀ ਟੀਨਾਂ ਪਾਉ। ਪਰ ਅਫਸੋਸ ਬਾਰ ਬਾਰ ਕਹਿਣ ਦੇ ਬਾਵਜੂਦ ਦੁਕਾਨਦਾਰਾਂ ਨੇ ਰਾਤ ਨੂੰ ਐਂਗਲਰ ਲਗਾ ਕੇ ਟੀਨਾਂ ਪਾ ਲਈਆਂ ਜੋ ਬਿਲਕੁਲ ਨਜਾਇਜ ਹੈ। ਮਜਬੂਰਨ ਸਾਨੂੰ ਇਹ ਕਾਰਵਾਈ ਕਰਨੀ ਪਈ।

Send this to a friend