ਚੰਡੀਗੜ੍ਹ, 30 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)–ਹਰਿਆਣਾ ਗ੍ਰਹਿ ਵਿਭਾਗ ਨੇ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ ਹੈ। ਵਿਭਾਗ ਨੇ ਸੱਪਸ਼ਟ ਕੀਤਾ ਕਿ ਉਨ੍ਹਾਂ ਦੇ (ਸ੍ਰੀ ਕਾਂਡਾ) ਜਾਂ ਰਾਜ ਵਿਚ ਕਿਸੇ ਹੋਰ ਮੰਤਰੀ ਦੇ ਫੋਨ ਟੈਪ ਦਾ ਕੋਈ ਯਤਨ ਕੀਤਾ ਗਿਆ ਹੈ।
ਵਿਭਾਗ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਫੋਨ ਟੈਪਿੰਗ ਸਿਰਫ ਉਨ੍ਹਾਂ ਮਾਮਲਿਆਂ ਵਿੱਚ ਕੀਤੀ ਜਾਂਦੀ ਹੈ, ਜਿੱਥੇ ਵਿਅਕਤੀ ਕਿਸੇ ਅਪਰਾਧ ਵਿਚ ਸ਼ਾਮਿਲ ਹੋਵੇ ਜਾਂ ਕਾਨੂੰਨ ਤੇ ਵਿਵਸਥਾ ਨੂੰ ਬਣਾਏ ਰੱਖਣ ਵਿਚ ਕੋਈ ਖਤਰਾ ਹੋਵੇ।ਫੋਨ ਟੈਪਿੰਗ ਕਰਨ ਜਾਂ ਪਾਬੰਦੀ ਲਗਾਉਣ ਦੀ ਬੇਨਤੀ ਸਬੰਧਤ ਜਿਲੇ ਦੇ ਪੁਲਿਸ ਸੁਪਰਡੈਂਟ ਵੱਲੋਂ ਸਬੰਧਤ ਡਾਇਰੈਕਟਰ ਜਰਨਲ ਨੂੰ ਭੇਜੀ ਜਾਂਦੀ ਹੈ। ਇਸ ਤੋਂ ਬਾਅਦ ਮਾਮਲੇ ’ਤੇ ਵਿਚਾਰ ਕਰਦੇ ਹੋਏ ਡਾਇਰੈਕਟਰ
ਜਰਨਲ ਇਕ ਪ੍ਰਸਤਾਵ ਤਿਆਰ ਕਰਦਾ ਹੈ ਕਿ ਕੀ ਸਬੰਧਤ ਫੋਨ ਨੰਬਰ ਕਿਸੇ ਵਿਸ਼ੇਸ਼ ਅਪਰਾਧ ਵਿਚ ਸ਼ਾਮਿਲ ਹੈ ਅਤੇ ਇਸ ਤੋਂ ਬਾਅਦ ਪ੍ਰਸਤਾਵ ਨੂੰ ਗ੍ਰਹਿ ਵਿਭਾਗ ਦੇ ਕੋਲ ਅੱਗੇ ਦੀ ਕਾਰਵਾਈ ਲਈ ਭੇਜ ਦਿੱਤਾ ਜਾਂਦਾ ਹੈ। ਭਾਰਤੀ ਟੈਲੀਗ੍ਰਾਫ ਐਕਟ ਦੇ ਨਿਯਮ 5 (2) ਦੇ ਤਹਿਤ ਗ੍ਰਹਿ ਵਿਭਾਗ ਮਾਮਲੇ ਦਰ ਮਾਮਲਾ ਸੀਨੀਅਰਿਟੀ ਅਨੁਸਾਰ ਫੋਨ ਟੈਂਪਿੰਗ ਦੀ ਇਜਾਜਤ ਪ੍ਰਦਾਨ ਕਰਦਾ ਹੈ। ਫੋਨ ਟੈਪਿੰਗ ਦੀ ਇਜਾਜਤ ਮਿਲਣ ਤੋਂ ਬਾਅਦ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਇਕ ਸਮੀਖਿਆ ਕਮੇਟੀ, ਜਿਸ ਵਿਚ ਮਾਲ ਅਤੇ ਲੀਗਲ ਰਿਮਬੇਰੰਸ (ਐਲ.ਆਰ.) ਵਿਭਾਗ ਦੇ ਪ੍ਰਧਾਨ ਸਕੱਤਰ ਮੈਂਬਰ ਹਨ, ਗ੍ਰਹਿ ਵਿਭਾਗ ਦੇ ਫੈਸਲੇ ਦੀ ਸਮੀਖਿਆ ਕਰਦੀ ਹੈ ਕਿ ਕੀ ਵਿਭਾਗ ਵੱਲੋਂ ਫੋਨ ਟੈਪਿੰਗ ਲਈ ਮੰਜ਼ੂਰ ਆਦੇਸ਼ ਪ੍ਰਾਸੰਗਿਕ ਨਿਯਮ ਤੇ ਕਾਨੂੰਨ ਅਨੁਸਾਰ ਕੀਤੇ ਗਏ ਹਨ ਜਾਂ ਨਹੀਂ।



