Skip to content
Independent perspectives. Global stories.
BREAKING

ਪੰਜਾਬ ’ਚ ਲੋਕ ਸਭਾ ਲਈ ਰਿਕਾਰਡ 73 ਫੀਸਦੀ ਮਤਦਾਨ

Share this story

ਛਿੱਟ-ਪੁੱਟ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਨ ਰਿਹਾ ਚੋਣ ਅਮਲ

image ਚੰਡੀਗੜ੍ਹ, 30 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਲਈ ਅੱਜ ਰਿਕਾਰਡ ਮਤਦਾਨ ਸ਼ਾਂਤੀਪੂਰਨ ਤਰੀਕੇ ਨਾਲ ਮੁਕੰਮਲ ਹੋ ਗਿਆ। ਮੁੱਖ ਚੋਣ ਅਧਿਕਾਰੀ ਵੱਲੋਂ 73 ਫੀਸਦੀ ਵੋਟਿੰਗ ਦੇ ਅਨੁਮਾਨ ਦਿੱਤੇ ਗਏ ਹਨ ਜਦਕਿ 2009 ਦੌਰਾਨ 70.1 ਫੀਸਦੀ ਵੋਟਿੰਗ ਹੋਈ ਸੀ।  ਅੱਜ ਇੱਥੇ ਸ਼ਾਮ 7 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ਼੍ਰੀ ਵੀ.ਕੇ.ਸਿੰਘ, ਵਧੀਕ ਮੁੱਖ ਚੋਣ ਅਧਿਕਾਰੀਆਂ ਸ. ਰਮਿੰਦਰ ਸਿੰਘ, ਸ਼੍ਰੀ ਬੀ.ਪੁਰੂਸ਼ਾਰਥਾ ਤੇ ਸ. ਸੁਪ੍ਰੀਤ ਸਿੰਘ ਗੁਲਾਟੀ ਤੇ ਸੰਯੁਕਤ ਮੁੱਖ ਚੋਣ ਅਧਿਕਾਰੀ ਸ੍ਰੀ ਅਮਿਤ ਤਲਵਾਰ ਨੇ ਕਿਹਾ ਕਿ ਕੁਝ ਇੱਕਾ- ਦੁੱਕਾ ਘਟਨਾਵਾਂ ਨੂੰ ਛੱਡਕੇ ਪੂਰਾ ਚੋਣ ਅਮਲ ਸ਼ਾਂਤੀਪੂਰਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਾਮ 6 ਵਜੇ ਤੱਕ ਕੁੱਲ 68 ਫੀਸਦੀ ਲੋਕਾਂ ਨੇ

ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ ਜਦਕਿ ਸਾਰੇ ਹਲਕਿਆਂ ਦੇ ਵੱਖ-ਵੱਖ ਬੂਥਾਂ ’ਤੇ ਲੋਕ ਆਪਣੀ ਵੋਟ ਪਾਉਣ ਦੇ ਇੰਤਜ਼ਾਰ ਵਿਚ ਸਨ। ਉਨ੍ਹਾਂ ਦੱਸਿਆ ਕਿ ਵੋਟਿੰਗ 73 ਫੀਸਦੀ ਵੋਟਿੰਗ ਹੋਣ ਦਾ ਅਨੁਮਾਨ ਹੈ ਜੋ ਕਿ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਇਤਿਹਾਸ ਵਿਚ ਹੁਣ ਤੱਕ ਸਭ ਤੋਂ ਵੱਧ ਵੋਟਿੰਗ ਹੈ। 2009 ਲੋਕ ਸਭਾ ਚੋਣਾਂ ਦੌਰਾਨ ਕੁੱਲ 70.1 ਫੀਸਦੀ ਵੋਟਿੰਗ ਹੋਈ ਸੀ। ਉਨ੍ਹਾਂ ਕਿਹਾ ਕਿ ਸੰਗਰੂਰ, ਬਠਿੰਡਾ, ਪਟਿਆਲਾ ਵਿਖੇ ਵੱਧ ਜਦਕਿ ਹੁਸ਼ਿਆਰਪੁਰ ਤੇ ਗੁਰਦਾਸਪੁਰ ਵਿਖੇ ਵੋਟਿੰਗ ਘੱਟ ਰਹੀ ਹੈ।
ਉਨ੍ਹਾਂ ਕਿਹਾ ਕਿ 2009 ਦੇ ਮੁਕਾਬਲੇ ਚੋਣ ਅਮਲ ਵੱਧ ਸ਼ਾਂਤੀਪੂਰਨ ਰਿਹਾ ਹੈ ਕਿਉਂ ਜੋ ਉਸ ਸਮੇਂ 44 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਸਨ ਜਦਕਿ ਇਸ ਵਾਰ ਕੇਵਲ 4 ਮਾਮਲਿਆਂ ਵਿਚ ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਵੋਟਿੰਗ ਦੀ ਸ਼ੁਰੂਆਤ ਸਮੇਂ ਲਗਭਗ 300 ਈ.ਵੀ.ਐਮ.ਮਸ਼ੀਨਾਂ ਤਕਨੀਕੀ ਨੁਕਸ ਕਰਕੇ ਬਦਲੀਆਂ ਗਈਆਂ  ਜਦਕਿ ਕੁੱਲ 400 ਮਸ਼ੀਨਾਂ ਨੂੰ ਬਦਲਣ ਦੀ ਜ਼ਰੂਰਤ ਪਈ ਸੀ। ਚੋਣ ਅਮਲ ਦੌਰਾਨ ਵਾਪਰੀਆਂ ਘਟਾਨਾਵਾਂ ਬਾਰੇ ਸ੍ਰੀ ਸਿੰਘ ਨੇ ਕਿਹਾ ਕਿ ਪਟਿਆਲਾ ਸੰਸਦੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮ ਵੀਰ ਗਾਂਧੀ ’ਤੇ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਵਲੋਂ ਰਸੂਲਪੁਰ ਪਿੰਡ ਵਿਖੇ ਹਮਲਾ ਕੀਤੇ ਜਾਣ ਦੀ ਖਬਰ ਹੈ, ਜਿਸ ਦੌਰਾਨ ਡਾ. ਗਾਂਧੀ ਨੂੰ ਸੱਟ ਵੀ ਲੱਗੀ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਟਿਆਲਾ ਲੋਕ ਸਭਾ ਹਲਕੇ ਦੇ ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਵਿਚ ਤ੍ਰਿਪੜੀ ਵਿਖੇ ਕੁਝ ਲੋਕਾਂ ਵਲੋਂ ਪੋਲਿੰਗ ਬੂਥ ਦੇ ਅੰਦਰ ਦਾਖਲ ਹੋ ਕੇ ਈ.ਵੀ.ਐਮ ਮਸ਼ੀਨ ਨੂੰ ਸੁੱਟ ਦਿੱਤਾ ਗਿਆ ਜਿਸ ਕਾਰਨ ਮਸ਼ੀਨ ਦਾ ਕੰਟਰੋਲ ਯੂਨਿਟ ਵਿਚ ਮਾਮੂਲੀ ਨੁਕਸ ਪਿਆ। ਚੋਣ ਅਮਲੇ ਵਲੋਂ ਮਸ਼ੀਨ ਤਬਦੀਲ ਕਰਕੇ ਵੋਟਿੰਗ ਨੂੰ ਜਾਰੀ ਰੱਖਿਆ ਗਿਆ।   ਇਸ ਮਾਮਲੇ ਵਿਚ 2 ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਬਟਾਲਾ ਸਬ ਡਿਵੀਜ਼ਨ ਦੇ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ  ਦੇ ਗੈਲੋਵਾਲ ਪਿੰਡ  ਵਿਖੇ ਦੋ ਸਿਆਸੀ ਪਾਰਟੀਆਂ ਦੇ ਸਮਰਥਕਾਂ ਵਿਚ ਲੜਾਈ ਹੋਈ ਸੀ, ਜਿਸ ਸਬੰਧੀ ਧਾਰਾ 325-334 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਫਿਰੋਜ਼ਪੁਰ ਸੰਸਦੀ ਹਲਕੇ ਦੇ ਫਿਰੋਜ਼ਪੁਰ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨ ਨੰਬਰ 92 ’ਤੇ ਕੁਝ ਵਿਅਕਤੀਆਂ ਵਲੋਂ ਕੀਤੇ ਗਏ ਮਾੜੇ ਵਿਵਹਾਰ ਲਈ ਲੋਕ ਪ੍ਰਤੀਨਿਧਤਾ ਕਾਨੂੰਨ ਦੀ ਧਾਰਾਵਾਂ 131-132 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਸ਼ਹਿਰ ਦੇ ਪੋਲਿੰਗ ਬੂਥ ਨੰਬਰ 147 ਵਿਖੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਯਤਨਾਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 171 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸੰਸਦੀ ਹਲਕੇ ਦੇ ਵਿਧਾਨ ਸਭਾ ਹਲਕਾ ਅਟਾਰੀ ਦੇ ਪਿੰਡ ਰਾਮਪੁਰਾ ਨੇੜੇ ਚੀਚਾ ਪੋਲਿੰਗ ਸਟੇਸ਼ਨ ਵਿਖੇ ਇਕ ਸੁਰੱਖਿਆ ਕਰਮਚਾਰੀ ਦਾ ਹਥਿਆਰ ਅਚਨਚੇਤੀ ਚੱਲਣ ਦੀ ਖਬਰ ਮਿਲੀ ਹੈ। ਇਸ ਘਟਨਾ ਵਿਚ ਕਿਸੇ ਦੀ ਜ਼ਖਮੀ ਹੋਣ ਦੀ ਕੋਈ ਖਬਰ  ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਲੰਧਰ ਸੰਸਦੀ ਹਲਕੇ ਦੇ ਕਰਤਾਰਪੁਰ ਵਿਧਾਨ ਸਭਾ ਹਲਕੇ ਵਿਚ ਵੀ ਦੋ ਸਿਆਸੀ ਪਾਰਟੀਆਂ ਦੇ ਹਮਾਇਤੀਆਂ ਵਿਚ ਹੋਈ ਲੜਾਈ ਬਾਰੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਵੋਟ ਪਾਉਣ ਆਉਣ ਆਇਆ ਪੁਲਿਸ ਵੱਲੋਂ ਕਾਬੂ
ਗੜ੍ਹਸ਼ੰਕਰ-ਵੋਟਿੰਗ ’ਤੇ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਨੇ ਚੌਕਸੀ ਨਾਲ ਕੰਮ ਲੈਂਦੇ ਹੋਏ ਉਸ ਸਮੇਂ ਇੱਕ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਆਇਆ। ਗੁਰਮੁੱਖ ਸਿੰਘ ਦਾ ਇਹ ਵਿਅਕਤੀ ਗੜ੍ਹਸ਼ੰਕਰ ਦੇ ਇੱਕ ਪਿੰਡ ’ਚ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਉਣ ਆਇਆ ਸੀ। ਪੁਲਿਸ ਨੂੰ ਪਿਛਲੇ ਦੋ ਸਾਲਾਂ ਤੋਂ ਜਾਅਲਸਾਜ਼ੀ ਦੇ ਇੱਕ ਮਾਮਲੇ ਵਿੱਚ ਗੁਰਮੁੱਖ ਸਿੰਘ ਦੀ ਤਲਾਸ਼ ਸੀ। ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਲੋੜੀਂਦੇ ਅਪਰਾਧੀਆਂ ਦੀ ਇੱਕ ਸੂਚੀ ਜਾਰੀ ਕੀਤੀ ਗਈ ਸੀ ਅਤੇ ਜਦੋਂ ਗੁਰਮੁੱਖ ਸਿੰਘ ਵੋਟ ਪਾਉਣ ਆਇਆ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਪਛਾਣ ਲਿਆ ਅਤੇ ਅੜਿੱਕੇ ਲੈ ਲਿਆ। ਗੁਰਮੁੱਖ ਦੇ  ਖਿਲਾਫ 38/12 ਧਾਰਾ ਅਧੀਨ  420 ਦਾ ਕੇਸ ਚੱਲ ਰਿਹਾ ਹੈ।

WRITTEN BY