ਨਵੀਂ ਦਿੱਲੀ, 30 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਫਿਰ ਤੋਂ ਦੁਬਾਰਾ ਸ਼ਾਦੀ ਕਰਨ ਜਾ ਰਹੇ ਹਨ। 67 ਸਾਲਾ ਦਿਗਵਿਜੇ ਸਿੰਘ ਨੇ ਟੀ.ਵੀ ਐਂਕਰ ਅੰਮ੍ਰਿਤਾ ਰਾਏ ਨਾਲ ਆਪਣੇ ਰਿਸ਼ਤੇ ਨੂੰ ਸਵੀਕਾਰ ਕੀਤਾ ਹੈ। ਇਸ ਸਬੰਧੀ ਦਿਗਵਿਜੇ ਸਿੰਘ ਨੇ ਸੋਸ਼ਲ ਸਾਈਟ ਟਵੀਟਰ ਰਾਹੀਂ ਕਿਹਾ ਹੈ ਕਿ ਮੈਨੂੰ ਅੰਮ੍ਰਿਤਾ ਰਾਏ ਨਾਲ ਆਪਣੇ ਸਬੰਧਾਂ ਨੂੰ ਸਵੀਕਾਰਨ ਨੂੰ ਲੈ ਕੇ ਕੋਈ ਪ੍ਰੇਸ਼ਾਨੀ ਝਿਜਕ ਨਹੀਂ ਹੈ। ਅੰਮ੍ਰਿਤਾ ਤੇ ਉਸ ਦੇ ਪਤੀ ਨੇ ਆਪਸੀ ਸਹਿਮਤੀ ਨਾਲ ਤਲਾਕ ਲਈ ਅਰਜ਼ੀ ਦੇ ਦਿੱਤੀ ਹੈ। ਇਕ ਵਾਰੀ ਉਸ ’ਤੇ ਫੈਸਲਾ ਹੋ ਜਾਵੇ, ਇਸ ਤੋਂ ਬਾਅਦ ਅਸੀਂ ਆਪਣੇ ਰਿਸ਼ਤੇ ਨੂੰ ਅਮਲੀਜਾਮਾ ਪਹਿਨਾ ਦੇਵਾਂਗੇ। ਵਰਣਨਯੋਗ ਹੈ ਕਿ ਦਿਗਵਿਜੇ ਸਿੰਘ ਦੀ ਪਤਨੀ ਆਸ਼ਾ ਸਿੰਘ ਦਾ ਪਿਛਲੇ ਸਾਲ ਫਰਵਰੀ ਵਿਚ ਦੇਹਾਂਤ
ਹੋ ਗਿਆ ਸੀ। ਦੂਸਰੇ ਪਾਸੇ ਅੰਮ੍ਰਿਤਾ ਰਾਏ ਨੇ ਵੀ ਦਿਗਵਿਜੇ ਸਿੰਘ ਨਾਲ ਆਪਣਾ ਰਿਸ਼ਤਾ ਸਵੀਕਾਰ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ਵਿਚ ਕਿਹਾ ਹੈ ਕਿ ਮੈਂ ਆਪਣੇ ਪਤੀ ਤੋਂ ਅਲੱਗ ਹੋ ਗਈ ਹਾਂ ਅਤੇ ਅਸੀਂ ਆਪਸੀ ਸਹਿਮਤੀ ਨਾਲ ਤਲਾਕ ਲਈ ਅਰਜ਼ੀ ਦਾਖ਼ਲ ਕਰ ਦਿੱਤੀ ਹੈ। ਇਸ ਤੋਂ ਬਾਅਦ ਮੈਂ ਦਿਗਵਿਜੇ ਸਿੰਘ ਨਾਲ ਸ਼ਾਦੀ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਾ ਰਾਏ ਇਸ ਸਮੇਂ ਇਕ ਨਿਊਜ਼ ਚੈਨਲ ਵਿਚ ਟੀ.ਵੀ ਐਂਕਰ ਹੈ।



