ਗੁਰਦਾਸਪੁਰ, 30 ਅਪ੍ਰੈਲ (ਅਵਤਾਰ ਸਿੰਘ ਬੋਪਾਰਏ, ਪਰਮਜੀਤ ਬਾਜਵਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ 16 ਮਈ ਜਿਸ ਦਿਨ ਚੋਣਾਂ ਦਾ ਨਤੀਜਾ ਐਲਾਨਿਆ ਜਾਵੇ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਔਰੰਗਜੇਬੀ ਸ਼ਾਸਨ ਤੇ ਸਾਮਰਾਜ ਦੇ ਅੰਤ ਦੀ ਸ਼ੁਰੂਆਤ ਬਣੇਗੀ। ਉਨ੍ਹਾਂ ਨੇ ਕਿਹਾ ਕਿ ਇਹ ਉਹ ਵਿਅਕਤੀ ਹਨ, ਜਿਨ੍ਹਾਂ ਨੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਤਰ੍ਹਾਂ ਲੋਕ ਹਿਤੈਸ਼ੀ ਸਰਕਾਰ ਬਣਾਉਣ ਦਾ ਵਾਅਦਾ ਕੀਤਾ ਸੀ। ਪਰ ਪਿਛਲੇ 7 ਸਾਲਾਂ ਦੌਰਾਨ ਇਨ੍ਹਾਂ ਨੇ ਪੂਰੀ ਤਰ੍ਹਾਂ ਉਲਟ ਕੰਮ ਕੀਤਾ ਹੈ। ਨਤੀਜਿਆਂ ਦੇ ਐਲਾਨ ਵਾਲੇ ਦਿਨ ਸੱਤਾਧਾਰੀ ਸਾਮਰਾਜ ਨੂੰ ਇਤਿਹਾਸ ਦੇ ਕੂੜੇਦਾਨ ’ਚ ਸੁੱਟ ਦਿੱਤਾ ਜਾਵੇਗਾ।
ਇਥੇ ਜਾਰੀ ਬਿਆਨ ’ਚ ਬਾਜਵਾ ਨੇ ਕਿਹਾ ਕਿ ਸੂਬੇ ’ਚ ਮਤਦਾਨ ਦੇ ਆ ਰਹੇ ਰੁਝਾਨ ਦੱਸ ਰਹੇ ਹਨ ਕਿ ਅਕਾਲੀ ਭਾਜਪਾ ਗਠਜੋੜ ਦਾ ਸਫਾਇਆ ਹੋ ਜਾਵੇਗਾ, ਜਿਹੜਾ ਨਾ ਸਿਰਫ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ, ਬਲਕਿ ਲੋਕਾਂ ’ਚ ਭਾਰੀ ਗੁੱਸਾ ਹੈ, ਜੋ ਇਸ ਬਾਰਡਰ ਸੂਬੇ ’ਚ ਕਾਂਗਰਸ ਦੀ ਸ਼ਾਨਦਾਰ ਜਿੱਤ ਦੀ ਨੀਂਹ ਰੱਖੇਗਾ। ਲੋਕ ਅਕਾਲੀ ਗੁੰਡਿਆਂ ਤੋਂ ਦੁਖੀ ਹਨ, ਜਿਨ੍ਹਾਂ ਨੇ ਆਮ ਲੋਕਾਂ ਦੇ ਜੀਵਨ ਨੂੰ ਮੁਸ਼ਕਿਲ ਬਣਾ ਦਿੱਤਾ ਹੈ। ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਲਾ ਸਾਹਿਬ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਦੀ ਸ਼ੈਅ ਨੇ ਰੇਤ ਨੂੰ ਸੋਨੇ ਦੇ ਭਾਅ ਵੇਚਣ ਲਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਪਿਓ ਤੇ ਪੁੱਤ ਨੇ ਪਾਰਦਰਸ਼ੀ ਸ਼ਾਸਨ ਦੇਣ ਦਾ ਵਾਅਦਾ ਕੀਤਾ ਸੀ, ਪਰ ਹਾਲਾਤ ਇੰਨੇ ਖਰਾਬ ਹਨ ਕਿ ਪੁਲਿਸ ਸਟੇਸ਼ਨਾਂ ’ਚ ਸਥਾਨਕ ਅਕਾਲੀ ਗੁੰਡਿਆਂ ਦੀ ਮਨਜ਼ੂਰੀ ਬਗੈਰ ਮਾਮਲਾ ਦਰਜ ਕਰਨ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਾਦਲ ਨੇ ਅਪੀਲ ’ਚ ਆਪਣੀ ਸਰਕਾਰ ਦੀਆਂ ਗਲਤੀਆਂ ਨੂੰ ਮੰਨ ਲਿਆ ਹੈ ਤੇ ਕਿਹਾ ਹੈ ਕਿ ਉਹ ਇਸ ਲਈ ਉਨ੍ਹਾਂ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਸਜ਼ਾ ਨਾ ਦੇਣ। ਇਥੋਂ ਤੱਕ ਕਿ ਬਠਿੰਡਾ ’ਚੋਂ ਮੁੜ ਚੋਣ ਲੜ ਰਹੀ ਇਨ੍ਹਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਸੂਬੇ ’ਚ ਮੋਦੀ ਦੀ ਲਹਿਰ ਨੂੰ ਨਾਕਾਰ ਦਿੱਤਾ ਹੈ ਤੇ ਤਲਵੰਡੀ ਸਾਬੋ ’ਚ ਮੋਦੀ ਦੇ ਪੋਸਟਰ ਦੇਖ ਕੇ ਹੈਰਾਨ ਦਿਖੇ। ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਦੇ ਅਧਾਰ ’ਤੇ ਵੋਟ ਮੰਗਣ ’ਚ ਪ੍ਰਾਥਮਿਕਤਾ ਦਿੱਤੀ ਹੈ। ਹਰਸਿਮਰਤ ਬਾਦਲ ਸੂਬੇ ਦੀ ਇਕੋਮਾਤਰ ਉਮੀਦਵਾਰ ਹਨ, ਜਿਨ੍ਹਾਂ ਦਾ ਪ੍ਰਚਾਰ ਦੌਰਾਨ ਪਿੰਡਾਂ ’ਚ ਬਾਇਕਾਟ ਕੀਤਾ ਗਿਆ ਤੇ ਕਾਲੇ ਝੰਡੇ ਦਿਖਾਏ ਗਏ। ਉਹ ਇਹ ਚੋਣ ਮਨਪ੍ਰੀਤ ਬਾਦਲ ਤੋਂ ਵੱਡੇ ਅੰਤਰ ਨਾਲ ਹਾਰ ਰਹੀ ਹਨ। ਇਹੋ ਹਾਲ ਅੰਮ੍ਰਿਤਸਰ ’ਚ ਭਾਜਪਾ ਆਗੂ ਅਰੂਨ ਜੇਤਲੀ ਦਾ ਹੋਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਵੱਗ ਰਹੇ ਨਸ਼ੇ ਦੇ ਛੇਵੇਂ ਦਰਿਆ ਦਾ ਕਾਰਨ ਇਹ ਸੱਤਾਧਾਰੀ ਪਰਿਵਾਰ ਹੈ। ਉਨ੍ਹਾਂ ਨੇ ਅਗਲੀ ਲੋਕ ਸਭਾ ’ਚ ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਦਿਲਾਉਣ ਸਬੰਧੀ ਪ੍ਰਾਈਵੇਟ ਮੈਂਬਰ ਬਿੱਲ ਪਾਸ ਲਿਆਉਣ ਦਾ ਭਰੋਸਾ ਦਿੱਤਾ। 2017 ’ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਤਸਕਰੀ ਨਾਲ ਸਬੰਧੀ ਮਾਮਲਿਆਂ ਨਾਲ ਨਿਪਟਣ ਲਈ ਵਿਸ਼ੇਸ਼ ਅਦਾਲਤਾਂ ਸਥਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਨੇ ਭਾਜਪਾ ਉਮੀਦਵਾਰ ਵਿਨੋਦ ਖੰਨਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦਾ ਅਸਲੀ ਰੰਗ ਦੇਖ ਲਿਆ ਹੈ, ਜਿਹੜਾ ਖੁਦ ਦਾ ਵੀ ਸਕਾ ਨਾ ਬਣਿਆ।



