“ਮ੍ਰਿਤਕ ਦੇ ਪਾਰਟਨਰ ਸੁਖਵਿੰਦਰ ਗਿੱਲ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ”
ਸ੍ਰੀ ਮਾਛੀਵਾੜਾ ਸਾਹਿਬ, 8 ਜੂਨ (ਜਗਰੂਪ ਸਿੰਘ ਮਾਨ)- ਪਿਛਲੇ ਦਿਨੀਂ ਸਥਾਨਕ ਅਨਾਜ ਮੰਡੀ ਦੇ ਆੜ੍ਹਤੀ ਨਰੇਸ਼ ਲੀਹਲ ਦੇ ਖੁਦਕਸ਼ੀ ਕਰਨ ਤੋਂ ਬਾਅਦ ਕੇਸ ਵਿੱਚ ਉਸ ਵਕਤ ਨਵਾਂ ਮੋੜ ਆ ਗਿਆ ਜਦੋਂ ਨਰੇਸ਼ ਲੀਹਲ ਦਾ ਹੱਥ ਲਿਖਤ “ਖੁਦਕਸ਼ੀ ਨੋਟ “ਪਰਿਵਾਰ ਨੂੰ ਘਰੋਂ ਮਿਲਿਆ ਜਿਸ ਵਿੱਚ ਨਰੇਸ਼ ਲੀਹਲ ਨੇ ਆਪਣੇ ਲੰਮੇ ਸਮੇਂ ਤੋਂ ਆੜਤ ਤੇ ਹੋਰ ਕਾਰੋਬਾਰ ਦੇ ਪਾਰਟਨਰ ਆੜ੍ਹਤੀ ਸੁਖਵਿੰਦਰ ਸਿੰਘ ਗਿੱਲ ਨੂੰ ਆਪਣੀ ਮੌਤ ਦਾ ਜਿੰਮੇਵਾਰ ਦੱਸਦਿਆਂ ਉਸ ਤੇ ਦੋਸ਼ ਲਾਇਆ ਕਿ ਸੁਖਵਿੰਦਰ ਸਿੰਘ ਗਿੱਲ ਨੇ ਸਾਂਝੇ ਕਾਰੋਬਾਰ ਵਿੱਚ ਉਸ ਦਾ ਕਰੋੜਾਂ ਰੁਪਇਆ ਹੜੱਪ ਲਿਆ ਤੇ ਵਾਰ ਵਾਰ ਮੰਗਣ ਤੇ ਉਸ ਨੂੰ ਜਲੀਲ ਕੀਤਾ ਜਾਂਦਾ ਸੀ ਜਿਸ ਕਾਰਨ ਮੇਰੀ ਮੌਤ ਦਾ ਮੁੱਖ ਦੋਸ਼ੀ ਸੁਖਵਿੰਦਰ ਸਿੰਘ ਗਿੱਲ ਹੈ ਉਸ ਤੇ ਕਾਰਵਾਈ ਕੀਤੀ ਜਾਵੇ “ਇਹ ਖੁਦਕਸ਼ੀ ਨੋਟ ਪਰਿਵਾਰ ਨੇ ਪੁਲਿਸ ਨੂੰ ਵੀ ਦੇ ਦਿੱਤਾ ਪਰ 4 ਦਿਨ ਬੀਤਣ ਤੇ ਵੀ ਸਥਾਨਕ ਪੁਲਿਸ ਨੇ ਕੁਝ ਨਹੀਂ ਕੀਤਾ ਤੇ ਟਾਲਮਟੋਲ ਕਰ ਰਹੀ ਹੈ ਜਿਸ ਕਾਰਨ ਦੋਸ਼ੀ ਸੁਖਵਿੰਦਰ ਸਿੰਘ ਗਿੱਲ ਉਸੇ ਦਿਨ ਤੋਂ ਪਰਿਵਾਰ ਸਮੇਤ ਫਰਾਰ ਹੈ !ਨਰੇਸ਼ ਲੀਹਲ ਦੇ ਪਰਿਵਾਰ ਤੇ ਸਮੂਹ ਭਾਈਚਾਰੇ ਵੱਲੋਂ ਅੱਜ ਨਰੇਸ਼ ਲੀਹਲ ਦੇ ਭੋਗ ਤੋਂ ਬਾਅਦ ਤੁਰੰਤ ਸਥਾਨਕ ਪੁਲਿਸ ਸਟੇਸ਼ਨ ਦੇ ਸਾਹਮਣੇ ਖੰਨਾ-ਨਵਾਂਸ਼ਹਿਰ ਰੋਡ ਜਾਮ ਕਰਕੇ ਪੰਜਾਬ ਪੁਲਿਸ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਦੋਸ਼ੀ ਆੜ੍ਹਤੀ ਸੁਖਵਿੰਦਰ ਸਿੰਘ ਗਿੱਲ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਤਾਂ ਕੁਝ ਹੀ ਪਲਾਂ ਵਿੱਚ ਚਾਰੇ ਪਾਸੇ ਜਾਮ ਲੱਗ ਗਿਆ ਤੇ ਧਰਨੇ ਵਾਲੀ ਥਾਂ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਈ। ਪੁਲਿਸ ਤੇ ਪਤਵੰਤਿਆਂ ਹਰਜਿੰਦਰ ਸਿੰਘ ਖੇੜਾ,ਸੁਰਿੰਦਰ ਕੁੰਦਰਾ,ਸ਼ਕਤੀ ਆਨੰਦ,ਤੇ ਪੁਲਿਸ ਦੇ ਭਰੋਸੇ ਤੋਂ ਬਾਅਦ ਪਰਿਵਾਰ ਨੇ ਥਾਣੇ ਮੂਹਰੇ ਲਾਇਆ ਧਰਨਾ ਚੁਕਿਆ ਤਾਂ ਜਾ ਕੇ ਪੁਲਿਸ ਦੇ ਸਾਹ ਵਿੱਚ ਸਾਹ ਆਇਆ!
ਪਰਿਵਾਰ ਨੂੰ ਦੋਸ਼ੀ ਸੁਖਵਿੰਦਰ ਸਿੰਘ ਗਿੱਲ ਦੇ ਬਦੇਸ਼ ਭੱਜਣ ਦਾ ਡਰ- ਨਰੇਸ਼ ਲੀਹਲ ਦੇ ਪਰਿਵਾਰ ਨੂੰ ਡਰ ਹੈ ਕਿ ਆੜ੍ਹਤੀ ਸੁਖਵਿੰਦਰ ਸਿੰਘ ਗਿੱਲ ਆਪਣੇ ਪੁਤਰ ਕੋਲ ਬਦੇਸ਼ ਕਨੇਡਾ ਦੌੜ ਸਕਦਾ।



