Skip to content
Independent perspectives. Global stories.
BREAKING

ਪੰਜਾਬ ’ਚ ਲੋਕ ਸਭਾ ਚੋਣਾਂ ਲਈ ਤਿਆਰੀਆਂ ਮੁਕੰਮਲ

Share this story

13 ਹਲਕਿਆਂ ’ਚ 1.95 ਕਰੋੜ ਵੋਟਰ 253 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਕੱਲ੍ਹ

Page-1 ਚੰਡੀਗੜ੍ਹ, 28 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਲੋਕ ਸਭਾ ਚੋਣਾਂ 2014 ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸੂਬੇ ਦੀਆਂ 13 ਸੀਟਾਂ ਲਈ ਚੋਣ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਜਿਸ ਕਰਕੇ ਉਮੀਦਵਾਰਾਂ ਵਲੋਂ ਘਰੋਂ ਘਰੀਂ ਜਾ ਕੇ ਹੀ ਚੋਣ ਪ੍ਰਚਾਰ ਕੀਤਾ ਜਾ ਸਕੇਗਾ।  ਸੂਬੇ ਵਿਚ ਕੁੱਲ 1 ਕਰੋੜ 95 ਲੱਖ ਵੋਟਰ 253 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਚੋਣਾਂ ਲਈ ਪੋਲਿੰਗ ਪਾਰਟੀਆਂ ਦੇ ਰਵਾਨਾ ਹੋਣ, ਸੁਰੱਖਿਆ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਚੋਣਾਂ ਸ਼ਾਂਤੀਪੂਰਵਕ , ਆਜਾਦ ਤੇ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾ ਸਕਣ।  ਉਨ੍ਹਾਂ ਕਿਹਾ ਕਿ ਚੋਣਾਂ ਲਈ ਕੁੱਲ 13000 ਥਾਵਾਂ ’ਤੇ 22022

ਪੋਲਿੰਗ ਬੂਥ ਬਣਾਏ ਗਏ ਹਨ, ਜਿੱਥੇ ਇਕ ਲੱਖ ਤੋਂ ਵੱਧ ਸਿਵਲ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਵੋਟਾਂ ਪੈਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ ਅਤੇ ਜੋ ਵੋਟਰ ਸ਼ਾਮ 6 ਵਜੇ ਤੱਕ ਪੋਲਿੰਗ ਬੂਥ ਦੇ ਅੰਦਰ ਦਾਖਲ ਹੋ ਜਾਵੇਗਾ ਉਹ ਵੋਟ ਪਾ ਸਕੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਪੋਲਿੰਗ ਏਜੰਟ ਵੋਟਿੰਗ ਵਾਲੇ ਦਿਨ ਸਵੇਰੇ 6 ਵਜੇ ਤੱਕ ਹਰ ਹਾਲ ਵਿਚ ਪੋਲਿੰਗ ਕੇਂਦਰ ’ਤੇ ਪਹੁੰਚ ਜਾਣ ਤਾਂ ਜੋ ਮੌਕ ਪੋਲਿੰਗ ਤੋਂ ਬਾਅਦ ਸਹੀ 7 ਵਜੇ ਪੋਲਿੰਗ ਸ਼ੁਰੂ ਕਰਵਾਈ ਜਾ ਸਕੇ। ਉੁਨ੍ਹਾਂ ਦੱਸਿਆ ਕਿ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ  ( 28 ਅਪ੍ਰੈਲ ਸ਼ਾਮ 6 ਵਜੇ) ਤੋਂ ਚੋਣ ਪ੍ਰਚਾਰ ਬੰਦ ਹੋਣ ਪਿੱਛੋਂ ਉਮੀਦਵਾਰ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਸਕੇਗਾ ਪਰ ਉਸ ਨਾਲ 5 ਤੋਂ ਵੱਧ ਵਿਅਕਤੀ ਨਹੀਂ ਹੋਣੇ ਚਾਹੀਦੇ। ਇਸ ਤੋਂ ਇਲਾਵਾ ਹਲਕੇ ਤੋਂ ਬਾਹਰਲੇ  ਵਿਅਕਤੀ ਤੁਰੰਤ ਪ੍ਰਭਾਵ ਨਾਲ ਹਲਕੇ ਨੂੰ ਛੱਡਕੇ ਜਾਣਗੇ ਪਰ ਇਹ ਸ਼ਰਤ ਉਮੀਦਵਾਰ, ਵਿਧਾਨ ਸਭਾ ਹਲਕਿਆਂ ਦੇ ਮੈਂਬਰਾਂ, ਚੋਣ ਏਜੰਟਾਂ ’ਤੇ ਲਾਗੂ ਨਹੀਂ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਮੈਂਬਰਾਂ ਆਪਣੇ ਹਲਕਿਆਂ ਤੋਂ ਬਾਹਰ ਨਹੀਂ ਜਾ ਸਕਣਗੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਵੋਟ ਪਾਉਣ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਗਰਮੀ ਦੇ ਮੱਦੇਨਜ਼ਰ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਉਹ ਸਵੇਰੇ ਵੋਟਿੰਗ ਹੁੰਦਿਆਂ ਹੀ ਵੋਟ ਪਾਉਣ ਨੂੰ ਪਹਿਲ ਦੇਣ। ਵੋਟਿੰਗ ਵੇਲੇ ਗਰਭਵਤੀ ਔਰਤਾਂ, ਅੰਗਹੀਣਾਂ, ਬਜ਼ੁਰਗਾਂ ਨੂੰ ਪਹਿਲ ਦਿੱਤੀ ਜਾਵੇਗੀ।
ਸ੍ਰੀ ਸਿੰਘ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਹੁਣ ਤੋਂ ਰੇਡੀਓ, ਟੀ.ਵੀ, ਕੇਬਲ, ਆਦਿ ’ਤੇ ਕੋਈ  ਚੋਣ ਪ੍ਰਚਾਰ ਜਾਂ ਇਸ਼ਤਿਹਾਰਬਾਜ਼ੀ ਨਹੀਂ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਇਕੱਠੇ ਮੋਬਾਇਲ ਸੰਦੇਸ਼ ਵੀ  ਨਹੀਂ ਭੇਜੇ ਜਾ ਸਕਣਗੇ। ਪ੍ਰਿੰਟ ਮੀਡੀਆ ’ਤੇ ਇਹ ਸ਼ਰਤ ਲਾਗੂ  ਨਹੀਂ ਹੋਵੇਗੀ।
ਉਨ੍ਹਾਂ ਨਾਲ ਹੀ ਕਿਹਾ ਕਿ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਪੰਜਾਬ ਵਿਚ ਸ਼ਰਾਬਬੰਦੀ ਲਾਗੂ ਹੋ ਗਈ ਹੈ ਜੋ ਕਿ 30 ਅਪ੍ਰੈਲ ਨੂੰ ਵੋਟਾਂ ਪੈਣ ਤੱਕ ਲਾਗੂ ਰਹੇਗੀ। ਇਸ ਦੌਰਾਨ ਸੂਬੇ ਭਰ ਦੇ ਠੇਕਿਆਂ ਤੋਂ ਇਲਾਵਾ ਪੰਜਾਬ ਦੀ ਹੱਦ ਨਾਲ ਲੱਗਦੇ ਸੂਬਿਆਂ ਹਿਮਾਚਲ ਪ੍ਰਦੇਸ਼, ਰਾਜਸਥਾਨ, ਹਰਿਆਣਾ, ਜੰਮੂ ਕਸ਼ਮੀਰ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਵਿਚ ਪੰਜਾਬ ਦੀ ਹੱਦ ਦੇ 3 ਕਿ.ਮੀ ਘੇਰੇ ਵਿਚ ਪੈਂਦੇ ਠੇਕੇ ਵੀ ਬੰਦ ਰਹਿਣਗੇ। ਇਸ ਸਮੇਂ ਦੌਰਾਨ ਹੋਟਲਾਂ ਆਦਿ ਵਿਚ ਵੀ ਸ਼ਰਾਬ ਦੀ ਵਰਤੋਂ ਨਹੀਂ ਹੋ ਸਕੇਗੀ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਚੋਣ ਡਿਊਟੀ ’ਤੇ ਤਾਇਨਾਤ ਸਿਵਲ ਤੇ ਪੁਲਿਸ ਕਰਮੀਆਂ ਵਲੋਂ ਆਪਣੀ ਵੋਟ ਪੋਸਟਲ ਬੈਲਟ ਜਾਂ ਚੋਣ ਡਿਊਟੀ ਸਰਟੀਫੀਕੇਟ ਨਾਲ ਕੀਤੀ ਜਾ ਸਕੇਗੀ ਤੇ ਹੁਣ ਤੱਕ 34000 ਸਿਵਲ ਕਰਮਚਾਰੀਆਂ ਨੇ ਚੋਣ ਡਿਊਟੀ ਸਰਟੀਫੀਕੇਟ ਤੇ 6000 ਕ੍ਰਰਮਚਾਰੀਆਂ ਨੇ ਪੋਸਟਲ ਬੈਲਟ ਲਈ ਅਪਲਾਈ ਕੀਤਾ ਹੈ। ਇਸ ਤੋਂ ਇਲਾਵਾ 12000 ਪੁਲਿਸ ਕਰਮੀਆਂ ਨੇ ਚੋਣ ਡਿਊਟੀ ਸਰਟੀਫੀਕੇਟ ਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਵੀ ਪੁਲਿਸ ਕਰਮੀ ਕੋਲ ਚੋਣ ਡਿਊਟੀ ਸਰਟੀਫੀਕੇਟ ਹੋਵੇਗਾ ਉਹ ਵੋਟ ਪਾਉਣ ਲਈ ਪੋਲਿੰਗ ਕੇਂਦਰ ਦੇ ਅੰਦਰ ਦਾਖਲ ਹੋ ਸਕੇਗਾ ਜਦਕਿ ਇਸ ਤੋਂ ਪਹਿਲਾਂ ਵਰਦੀਧਾਰੀ ਪੁਲਿਸ ਕਰਮੀ ਦੇ ਪੋਲਿੰਗ ਕੇਂਦਰ ਅੰਦਰ ਜਾਣ ’ਤੇ ਪਾਬੰਦੀ ਰਹਿੰਦੀ ਸੀ।
ਉਨ੍ਹਾਂ ਕਿਹਾ ਕਿ ਪੋਲਿੰਗ ਪਾਰਟੀਆਂ ਕੱਲ ਦੁਪਹਿਰ ਤੱਕ ਆਪੋ ਆਪਣੇ ਪੋਲਿੰਗ ਕੇਂਦਰਾਂ ’ਤੇ ਰਵਾਨਾ ਹੋ ਜਾਣਗੀਆਂ ਅਤੇ ਉਨ੍ਹਾਂ ਖੇਤਰਾਂ ਵਿਚ ਤਾਇਨਾਤ ਸੁਰੱਖਿਆ ਦਸਤਿਆਂ ਵਲੋਂ ਵੋਟਾਂ ਪੈਣ ਤੋਂ ਪਹਿਲਾਂ ਦੀ ਰਾਤ  ਨੂੰ ਵਿਸ਼ੇਸ਼  ਗਸ਼ਤ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀ ਬੀ. ਪੁਰੂਸ਼ਾਰਥਾ ਨੇ ਕਿਹਾ ਕਿ ਪੰਜਾਬ ਵਿਚ ਪਿਛਲੀਆਂ ਚੋਣਾਂ ਨਾਲੋਂ 10 ਫੀਸਦੀ ਵੋਟਿੰਗ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਚੋਣ ਕਮਿਸ਼ਨ ਵਲੋਂ 80 ਫੀਸਦੀ ਤੱਕ ਵੋਟਿੰਗ ਦੀ ਆਸ ਹੈ।
ਇਸ ਤੋਂ ਇਲਾਵਾ ਮੁੱਖ ਚੋਣ ਅਧਿਕਾਰੀ ਵਲੋਂ ਬਲਵੰਤ ਸਿੰਘ  ਸਹਾਇਕ ਇੰਜੀਨੀਅਰ  ਸਿੰਚਾਈ ਵਿਭਾਗ, ਮੋਗਾ ਨੂੰ ਚੋਣ ਡਿਊਟੀ ਵਿਚ ਕੁਤਾਹੀ ਕਰਨ ਕਰਕੇ  ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ ਹਨ। ਪ੍ਰੀਤਮ ਸਿੰਘ ਏ.ਐਸ.ਆਈ. ਚੌਂਕੀ ਲੋਪੋ ਥਾਣਾ ਬੱਧਨੀ ਕਲਾਂ ਜਿਲ੍ਹਾ ਮੋਗਾ ਦੇ ਤਬਾਦਲੇ ਦੇ ਹੁਕਮ ਦਿੱਤੇ ਗਏ ਹਨ ਜਦਕਿ ਫਲਜੀਤ ਸਿੰਘ ਜੇ.ਈ . ਸੰਗਰੂਰ  ਨੂੰ ਵੀ ਉਨਾਂ ਦੀ ਮੌਜੂਦਾ ਥਾਂ ਤੋਂ ਬਦਲਣ ਲਈ ਕਿਹਾ ਗਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਮਾਲਵਿੰਦਰ ਸਿੰਘ ਮਾਲੀ ਅਧਿਆਪਕ ਸਰਕਾਰੀ ਹਾਈ ਸਕੂਲ ਗਰਗਲਾ, ਰੋਪੜ ਨੂੰ ਵੀ ਜਿਲ੍ਹੇ ਤੋਂ ਬਾਹਰ ਬਦਲਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਮੌਕੇ ਵਧੀਕ ਮੁੱਖ ਚੋਣ ਅਧਿਕਾਰੀ ਸੁਪ੍ਰੀਤ ਸਿੰਘ ਗੁਲਾਟੀ ਤੇ ਸੰਯੁਕਤ ਮੁੱਖ ਚੋਣ ਅਧਿਕਾਰੀ ਅਮਿਤ ਤਲਵਾਰ ਵੀ ਹਾਜ਼ਰ ਸਨ।  

WRITTEN BY