ਤਲਵੰਡੀ ਸਾਬੋ, 28 ਮਈ (ਰਾਮ ਰੇਸ਼ਮ ਨਥੇਹਾ)- ਭਾਵੇਂ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਿੱਤ ਨਸੀਬ ਨਹੀਂ ਹੋ ਸਕੀ ਪ੍ਰੰਤੂ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੀ ਵੋਟ ਵਿੱਚ ਵੱਡਾ ਇਜ਼ਾਫਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬੀਤੇ ਸਮੇਂ ਵਿੱਚ ਸ. ਖੁਸ਼ਬਾਜ਼ ਸਿੰਘ ਜਟਾਣਾ ਵੱਲੋਂ ਕੀਤੀ ਮਿਹਨਤ ਅਜਾਈਂ ਨਹੀਂ ਗਈ।ਇੱਥੇ ਇਹ ਜ਼ਿਕਰ ਕਰਨਾ ਵੀ ਕੁਥਾਂ ਨਹੀਂ ਹੀਵੇਗਾ ਕਿ ਜਿਸ ਸਮੇਂ ਪਾਰਟੀ ਵੱਲੋਂ ਜਟਾਣਾ ਨੂੰ ਹਲਕਾ ਤਲਵੰਡੀ ਸਾਬੋ ਦੀ ਵਾਗਡੋਰ ਫੜਾਈ ਗਈ ਸੀ ਉਸ ਸਮੇਂ ਹਲਕੇ ਅੰਦਰ ਕਾਂਗਰਸ ਪਾਰਟੀ ਦਾ ਨਾਮੋ ਨਿਸ਼ਾਨ ਖ਼ਤਮ ਹੋਣ ਕਿਨਾਰੇ ਸੀ ਜਿਸ ਕਾਰਨ 2017 ਦੀਆ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਇਥੋਂ ਹਾਰ ਦਾ ਮੂੰਹ ਵੇਖਣਾ ਪਿਆ।ਪ੍ਰੰਤੂ ਸ.ਜਟਾਣਾ ਨੇ ਆਪਣੇ ਹੌਂਸਲੇ ਬੁਲੰਦ ਰੱਖੇ ਅਤੇ ਹਲਕੇ ਵਿੱਚ ਪਾਰਟੀ ਦੀ ਮਜ਼ਬੂਤੀ ਅਤੇ ਲੋਕਾਂ ਦੇ ਹੱਕਾਂ ਲਈ ਹਮੇਸ਼ਾ ਤਿਆਰ ਅਤੇ ਹਾਜ਼ਰ ਰਹੇ ਜਿਸ ਦਾ ਸਦਕਾ ਇਹਨਾਂ ਲੋਕ ਸਭਾ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਲੋਕਾਂ ਨੇ ਉਨ੍ਹਾਂ ਦੇ ਪਿਆਰ ਅਤੇ ਹਲਕੇ ਦੇ ਵਿਕਾਸ ਵਿੱਚ ਪਾਏ ਯੋਗਦਾਨ ਦਾ ਸਦਕਾ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਵੱਧ ਵੋਟਾਂ ਪਾ ਕੇ ਸ.ਜਟਾਣਾ ਦਾ ਪਾਰਟੀ ਵਿੱਚ ਮਾਣ ਵਧਾਇਆ ਹੈ।ਸ.ਜਟਾਣਾ ਨੇ ਇੱਕ ਰਸਮੀ ਗੱਲਬਾਤ ਦੌਰਾਨ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਲਈ ਹਰ ਵਕਤ ਹਾਜ਼ਰ ਰਹਿਣਗੇ।