ਇੱਕ ਹੋਰ ਨੌਜਵਾਨ ਚੜਿਆ ਨਸ਼ੇ ਦੀ ਭੇਂਟ

ਕੁਰਾਲੀ, 28 ਮਈ (ਰਣਜੋਧ ਸਿੰਘ)- ਸਰਕਾਰ ਭਾਵੇਂ ਪੰਜਾਬ ਵਿੱਚ ਨਸ਼ੇ ਨਾ ਹੋਣ ਦੇ ਲੱਖ ਦਾਅਵੇ ਕਰੇ ਪਰ ਸਰਕਾਰ ਦੇ ਇਹ ਦਾਅਵੇ ਉਸ ਸਮੇਂ ਖੋਖਲੇ ਜਾਪਦੇ ਹਨ, ਜਦਕਿ ਹਰ ਰੋਜ਼ ਨੌਜਵਾਨ ਨਸ਼ਿਆਂ ਦੇ ਦੈਂਤ ਦੀ ਭੇਂਟ ਚੜ੍ਹ ਰਹੇ ਹਨ। ਅਜਿਹਾ ਹੀ ਕੁਝ ਵਾਪਰਿਆ ਨਜ਼ਦੀਕੀ ਪਿੰਡ ਬਹਿਡਾਲੀ ਵਿਖੇ ਜਿੱਥੇ ਨਸ਼ੇ ਕਾਰਨ ਇਕ ਹੋਰ ਨੌਜਵਾਨ ਮੌਤ ਦੇ ਮੂੰਹ ਵਿੱਚ ਚਲਾ ਗਿਆ। ਰੋਪੜ ਜ਼ਿਲ੍ਹੇ ਦੇ ਥਾਣਾ ਸਿੰਘ ਅਧੀਨ ਪੈਂਦੇ ਪਿੰਡ ਬਹਿਡਾਲੀ ਦਾ ਇੱਕ 26 ਸਾਲਾ ਨੌਜਵਾਨ ਨਸ਼ੇ ਨੇ ਨਿਗਲ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਹਿਡਾਲੀ ਦਾ ਨੌਜਵਾਨ ਨੈਬ ਸਿੰਘ ਪੁੱਤਰ ਭੁਪਿੰਦਰ ਸਿੰਘ ਘਰ ਤੋਂ ਗਾਇਬ ਸੀ। ਪਰ ਅੱਜ ਸਵੇਰੇ ਜਦੋਂ ਭਾਗ ਸਿੰਘ ਆਪਣੀ ਮੋਟਰ ਤੇ ਖੇਤਾਂ ਨੂੰ ਪਾਣੀ ਲਾਉਣ ਲਈ ਗਿਆ ਤਾਂ ਉਨ੍ਹਾਂ ਨੇ ਮੋਟਰ ਤੇ ਇਕ ਨੌਜਵਾਨ ਪਿਆ ਵੇਖਿਆ। ਉਨ੍ਹਾਂ ਨੇ ਤੁਰੰਤ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਪਛਾਣ ਨੈਬ ਸਿੰਘ ਪੁੱਤਰ ਭੁਪਿੰਦਰ ਸਿੰਘ ਵਜੋਂ ਹੋਈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਸਿਵਲ ਹਸਪਤਾਲ ਰੋਪੜ ਵਿਖੇ ਰਖਵਾ ਦਿੱਤਾ, ਮ੍ਰਿਤਕ ਦੇ ਘਰਦਿਆਂ ਨੇ ਦੱਸਿਆ ਕਿ ਨੈਬ ਸਿੰਘ ਨਸ਼ੇ ਕਰਨ ਦਾ ਆਦੀ ਸੀ। ਮ੍ਰਿਤਕ ਨੌਜਵਾਨ ਅਲਮਾਰੀ ਪੇਟੀਆਂ ਦਾ ਕੰਮ ਕਰਦਾ ਸੀ। ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

Send this to a friend