Skip to content
Independent perspectives. Global stories.
BREAKING

ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਸ਼ਨ ਮਾਊਂਟ ਆਬੂ (ਰਾਜਸਥਾਨ)

Share this story

image ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਸ਼ਨ ਰਾਜਸਥਾਨ ਦੇ ਸਭ ਤੋਂ ਮਸ਼ਹੂਰ ਸੈਲਾਨੀ ਕੇਂਦਰ ਤੇ ਉੱਚੀਆਂ ਪਹਾੜੀਆਂ ਉੱਪਰ ਵਸੇ ਸ਼ਹਿਰ ਮਾਊਂਟ ਆਬੂ ਦੇ ਪੋਲੋ ਗਰਾਊਂਡ ਸਾਹਮਣੇ ਸਥਾਪਿਤ ਹੈ। ਇਸ ਸ਼ਹਿਰ ਵਿਚ ਸਥਾਪਤ ਇਕੋ-ਇਕ ਗੁਰਦੁਆਰਾ ਸਾਹਿਬ ਦੀ ਨੀਂਹ ਸੰਨ 1960 ਵਿਚ ਰਾਜਸਥਾਨ ਦੇ ਪਹਿਲੇ ਸਿੱਖ ਰਾਜਪਾਲ ਸ: ਗੁਰਮੁਖ ਨਿਹਾਲ ਸਿੰਘ ਵੱਲੋਂ ਰੱਖੀ ਗਈ ਸੀ। ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਮੁਤਾਬਿਕ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ (1501-1510) ਸਮੇਂ ਆਬੂ ਦੇ ਜੈਨ ਮੰਦਿਰਾਂ ਵਿਚ ਰੁਕੇ ਸਨ। ਉਨ੍ਹਾਂ ਦੱਸਿਆ ਕਿ ਇਥੇ ਕੋਈ ਇਤਿਹਾਸਕ ਗੁਰਦੁਆਰਾ ਸਥਾਪਤ ਨਹੀਂ ਸੀ। ਇਸ ਸੈਲਾਨੀ ਕੇਂਦਰ ‘ਤੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਲੋਕ ਹਰ ਰੋਜ਼ ਸੈਰ-ਸਪਾਟੇ ਲਈ ਆਉਂਦੇ ਹਨ। 
ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਉਸ ਸਮੇਂ ਦੇ ਰਾਜਪਾਲ ਸ: ਗੁਰਮੁਖ ਨਿਹਾਲ ਸਿੰਘ ਨੇ ਮਾਊਂਟ ਆਬੂ ਵਿਚ ਗੁਰਦੁਆਰਾ ਸਥਾਪਿਤ ਕਰਨ ਦਾ ਫ਼ੈਸਲਾ ਲਿਆ। ਉਨ੍ਹਾਂ ਦੀ ਗੁਰਦੁਆਰਾ ਸਥਾਪਤ ਕਰਨ ਲਈ ਜਗ੍ਹਾ ਨੂੰ ਲੈ ਕੇ ਵੀ ਉੱਥੋਂ ਦੇ ਪ੍ਰਸ਼ਾਸਨ ਨਾਲ ਕਾਫ਼ੀ ਸਮਾਂ ਜੱਦੋ-ਜਹਿਦ ਚੱਲੀ। ਆਖ਼ਰ ਰਾਜਪਾਲ ਸ: ਸਿੰਘ ਨੇ 9 ਅਕਤੂਬਰ 1960 ਨੂੰ ਗੁਰਦੁਆਰਾ ਸਾਹਿਬ ਦੀ ਨੀਂਹ ਰੱਖ ਕੇ ਇਮਾਰਤ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ।

ਸੰਨ 1970 ਵਿਚ ਰਾਜਸਥਾਨ ਦੇ ਨਵੇਂ ਰਾਜਪਾਲ ਸ: ਹੁਕਮ ਸਿੰਘ ਨੇ ਸ਼ਰਧਾਲੂਆਂ ਦੀ ਵਧਦੀ ਆਮਦ ਨੂੰ ਦੇਖ ਗੁਰਦੁਆਰਾ ਸਾਹਿਬ ਵਿਚ ਇਕ ਵੱਡੇ ਹਾਲ ਦਾ ਨਿਰਮਾਣ ਕਰਵਾਇਆ। ਇਸ ਸਮੇਂ ਇਸ ਗੁਰਦੁਆਰਾ ਸਾਹਿਬ ਵਿਚ ਵੱਡਾ ਹਾਲ, ਲੰਗਰ ਹਾਲ ਸਥਾਪਿਤ ਹੈ। ਇਸ ਸਥਾਨ ‘ਤੇ ਹਾਲੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਨੁਮਾਇੰਦਾ ਨਹੀਂ ਪੁੱਜਾ। ਇਸ ਸਥਾਨ ਦੀ ਹੋਰ ਨੁਹਾਰ ਬਦਲਣ ਲਈ ਨਾ ਹੀ ਤਾਂ ਸ਼੍ਰੋਮਣੀ ਕਮੇਟੀ ਤੇ ਨਾ ਹੀ ਕਿਸੇ ਕਾਰ ਸੇਵਾ ਵਾਲੇ ਬਾਬਿਆਂ ਨੇ ਧਿਆਨ ਕੀਤਾ ਹੈ। ਇਸ ਸੈਲਾਨੀ ਕੇਂਦਰ ‘ਤੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੈਰ-ਸਪਾਟੇ ਲਈ ਆਉਂਦੇ ਲੋਕ ਜਿੱਥੇ ਮਾਊਂਟ ਆਬੂ ਦੇ ਵੱਖ-ਵੱਖ ਸਥਾਨਾਂ ‘ਤੇ ਘੁੰਮਦੇ ਹਨ, ਉੱਥੇ ਹੀ ਸ਼ਰਧਾਲੂ ਇਸ ਗੁਰਦੁਆਰਾ ਸਾਹਿਬ ਦੇ ਵੀ ਜ਼ਰੂਰ ਦਰਸ਼ਨ ਕਰਦੇ ਹਨ। ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਤੇ ਉਥੋਂ ਦੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਜਿਥੇ ਸਿੱਖ ਧਰਮ ਦੇ ਪ੍ਰਚਾਰ ‘ਤੇ ਕਰੋੜਾਂ ਰੁਪਏ ਖ਼ਰਚ ਰਹੀ ਹੈ, ਉੱਥੇ ਹੀ ਜੇਕਰ ਇਸ ਗੁਰਦੁਆਰਾ ਸਾਹਿਬ ਦੀ ਨੁਹਾਰ ਬਦਲਣ ਵੱਲ ਧਿਆਨ ਦੇਵੇ ਤਾਂ ਸਿੱਖ ਧਰਮ ਦੇ ਪ੍ਰਚਾਰ ਵਿਚ ਹੋਰ ਵਾਧਾ ਹੋ ਸਕਦਾ ਹੈ।
ਕਿਉਂਕਿ ਇਸ ਸੈਲਾਨੀ ਕੇਂਦਰ ‘ਤੇ ਸਾਲ ਵਿਚ ਕਰੋੜਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸੈਲਾਨੀ ਸੈਰ-ਸਪਾਟੇ ਲਈ ਪੁੱਜਦੇ ਹਨ।
-ਸੁਖਜੀਤ ਸਿੰਘ ਬਰਾੜ
ਸੰਪਰਕ : 94637-19586

WRITTEN BY