May 23, 2026 4:26 pm

ਦਿਨ-ਦਿਹਾੜੇ ਚੋਰਾਂ ਨੇ 25 ਤੋਲੇ ਸੋਨਾ ਤੇ ਨਕਦੀ ‘ਤੇ ਕੀਤਾ ਹੱਥ ਸਾਫ

ਰਾਮਪੁਰਾ ਫੂਲ, 26 ਮਈ (ਕੁਲਜੀਤ ਢੀਂਗਰਾ, ਸੁਖਮੰਦਰ ਸਿੰਘ)- ਸ਼ਹਿਰ ਅੰਦਰ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਪਰ ਪੁਲਸ ਪ੍ਰਸ਼ਾਸਨ ਇਸ ਪ੍ਰਤੀ ਗੰਭੀਰ ਹੁੰਦਾ ਨਹੀ ਵਿਖਾਈ ਦੇ ਰਿਹਾ ਜਿਸ ਕਾਰਨ ਚੋਰ ਸ਼ਰੇਆਮ ਚੋਰੀ ਦੀਆਂ ਵਰਦਾਤਾਂ ਨੂੰ ਅੰਜਾਮ ਦੇ ਜਾਂਦੇ ਹਨ। ਸਥਾਨਕ ਗੁਰੂ ਨਾਨਕਪੁਰਾ ਮਹੁੱਲਾ ਵਿਖੇ ਚੋਰਾਂ ਨੇ ਇੱਕ ਸੁੰਨੇ ਪਏ ਘਰ ਤੇ ਧਾਵਾ ਬੋਲਦਿਆ ਵੱਡੇ ਪੱਧਰ ਤੇ ਸਮਾਨ ਤੇ ਹੱਥ ਸਾਫ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਸੁਖਜੀਤਪਾਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਗੁਰੂ ਨਾਨਕਪੁਰਾ ਮਹੁੱਲਾ ਨੇ ਦੱਸਿਆ ਕਿ ਅਸੀ ਇੱਕ ਕਿਰਾਏ ਤੇ ਮਕਾਨ ਤੇ ਰਹਿੰਦੇ ਹਾਂ ਅਤੇ ਹੁਣ ਅਸੀਂ ਆਪਣਾ ਮਕਾਨ ਬਾਇਪਾਸ ਰੋਡ ਤੇ ਸਥਿੱਤ ਰਾਇਲ ਗਾਰਡਨ ਕਾਲੌਨੀ ਵਿਖੇ ਨਵਾਂ ਮਕਾਨ ਬਣਾ ਲਿਆ ਹੈ। ਅੱਜ ਨਵੇਂ ਬਣੇ ਮਕਾਨ ਦਾ ਮਹੂਰਤ ਸੀ ਅਤੇ ਕਿਰਾਏ ਦੇ ਮਕਾਨ ਨੂੰ ਜਿੰਦਰਾ ਲਗਾ ਕੇ ਗ੍ਰਹਿ ਪ੍ਰਵੇਸ਼ ਕਰਨ ਲਈ ਇੱਕ ਧਾਰਮਕਿ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਜਦ ਅਸੀਂ ਵਾਪਸ ਕਰੀਬ 5 ਵਜੇ ਆਪਣੇ ਕਿਰਾਏ ਤੇ ਰਹਿੰਦੇ ਮਕਾਨ ਵਿੱਚ ਵਾਪਸ ਆਏ ਤਾਂ ਘਰ ਦੇ ਮੁੱਖ ਜਿੰਦਰੇ ਟੁੱਟੇ ਹੋਏ ਸਨ ਅਤੇ ਅੰਦਰਲੇ ਕਮਰਿਆਂ ਦੇ ਵੀ ਜਿੰਦਰੇ ਟੁੱਟੇ ਹੋਣ ਕਾਰਨ ਕਮਰੇ ਵਿੱਚ ਘਰ ਦਾ ਸਮਾਨ ਖਿੱਲਰਿਆ ਪਿਆ ਸੀ। ਜਦ ਅਲਮਾਰੀ ਅਤੇ ਪੇਟੀ ਵੇਖੀ ਤਾਂ ਉਸ ਵਿੱਚ 25 ਤੋਲੇ ਸੋਨਾਂ ਅਤੇ ਦਸ ਹਜਾਰ ਰੁਪਏ ਦੀ ਨਗਦੀ ਗਾਇਬ ਸੀ। ਇਸ ਚੋਰੀ ਦੀ ਘਟਨਾ ਬਾਰੇ ਥਾਣਾ ਸਿਟੀ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਜਾਂਚ ਅਧਿਕਾਰੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਨੇੜੇ-ਤੇੜੇ ਸੀ.ਸੀ.ਟੀ.ਵੀ ਕੈਮਰੇ ਨਾ ਲੱਗੇ ਹੋਣ ਕਾਰਨ ਚੋਰਾਂ ਦਾ ਹਾਲੇ ਪਤਾ ਨਹੀ ਲੱਗ ਸਕਿਆ ਪਰ ਪੁਲਸ ਆਪਣੇ ਬਣਾਏ ਟਰੈਪ ਮੁਤਾਬਿਕ ਕੰਮ ਕਰ ਰਹੀ ਹੈ। ਜਲਦ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਜਲਦ ਹੀ ਪੁਲਸ ਦੀ ਗ੍ਰਿਫਤ ਚ ਹੋਣਗੇ। ਚੋਰੀ ਹੋਏ ਸਮਾਨ ਦੀ ਲਗਭਗ ਕੀਮਤ 7 ਲੱਖ ਰੁਪਏ ਹੈ। ਪੁਲਸ ਨੇ ਨਾਮਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Send this to a friend