ਯਮੁਨਾਨਗਰ, 18 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਦੁਨੀਆ ‘ਚ ਮਾਂ-ਪਿਓ ਦੇ ਰਿਸ਼ਤੇ ਨੂੰ ਇੱਕ ਮਜ਼ਬੂਤ ਰਿਸ਼ਤਾ ਮੰਨਿਆ ਗਿਆ ਹੈ ਪਰ ਜਦੋਂ ਪਿਓ ਹੀ ਧੀ ਨਾਲ ਅਸ਼ਲੀਲ ਹਰਕਤਾਂ ਕਰਨ ‘ਤੇ ਉਤਰ ਆਵੇ ਤਾਂ ਫਿਰ ਵਿਅਕਤੀ ਦਾ ਇਸ ਦੁਨੀਆ ‘ਚ ਕਿਸੇ ‘ਤੇ ਵੀ ਵਿਸ਼ਵਾਸ ਨਹੀਂ ਰਹਿ ਜਾਵੇਗਾ। ਅਜਿਹਾ ਹੀ ਇਕ ਮਾਮਲਾ ਯਮੁਨਾਨਗਰ ਦਾ ਹੈ, ਜਿੱਥੇ ਇੱਕ ਪਿਓ ਨੇ ਧੀ ਨਾਲ ਅਜਿਹੇ ਕੰਮ ਕੀਤੇ, ਜੋ ਦੱਸਣ ਲਾਇਕ ਨਹੀਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਯਮੁਨਾਨਗਰ ਦੇ ਜਗਾਧਰੀ ਇਲਾਕੇ ‘ਚ ਇਕ ਹੈਵਾਨ ਪਿਤਾ ਆਪਣੀ 12 ਸਾਲਾ ਮਤਰੇਈ ਧੀ ਨਾਲ ਬਲਾਤਕਾਰ ਕਰਦਾ ਰਿਹਾ। ਜਦੋਂ ਲੜਕੀ ਨੇ ਇਸ ਬਾਰੇ ਆਪਣੀ ਮਾਂ ਨੂੰ ਦੱਸਿਆ ਤਾਂ ਉਸ ਦੀ ਮਾਂ ਨੇ ਵੀ ਉਸ ਦੀ ਕੋਈ ਗੱਲ ਨਾ ਸੁਣੀ। ਇਸ ਤੋਂ ਬਾਅਦ ਮਿਡਲ ਸਕੂਲ ‘ਚ ਪੜ੍ਹਨ ਵਾਲੀ ਇਸ ਲੜਕੀ ਨੇ ਇਹ ਸਾਰੀ ਗੱਲ ਆਪਣੇ ਸਕੂਲ ਦੀ ਅਧਿਆਪਕਾ ਨੂੰ ਦੱਸੀ। ਉਸ ਨੇ ਅਧਿਆਪਕਾ ਨੂੰ ਦੱਸਿਆ ਕਿ ਉਹ ਘਰ ਨਹੀਂ ਜਾਣਾ ਚਾਹੁੰਦੀ ਕਿਉਂਕਿ ਉਸ ਦਾ ਪਿਤਾ ਉਸ ਦੇ ਸਰੀਰ ਨਾਲ ਛੇੜਖਾਨੀ ਕਰਦਾ ਹੈ ਅਤੇ ਉਸ ਨਾਲ ਗਲਤ ਕੰਮ ਕਰਦਾ ਹੈ। ਅਧਿਆਪਕਾ ਦਾ ਕਹਿਣਾ ਹੈ ਕਿ ਲੜਕੀ ਦਾ ਪਿਓ ਉਸ ਨਾਲ ਅਜਿਹੀਆਂ ਹਰਕਤਾਂ ਕਰਦਾ ਸੀ, ਜੋ ਕਿ ਉਹ ਖੁਦ ਵੀ ਬਿਆਨ ਨਹੀਂ ਕਰ ਸਕਦੀ। ਇਸ ਤੋਂ ਬਾਅਦ ਅਧਿਆਪਕਾ ਨੇ ਬਹਾਦਰੀ ਦਿਖਾਉਂਦੇ ਹੋਏ ਸਾਰਾ ਮਾਮਲਾ ਸਕੂਲ ਦੇ ਪ੍ਰਿੰਸੀਪਲ ਨੂੰ ਦੱਸਿਆ ਅਤੇ ਪ੍ਰਿੰਸੀਪਲ ਨੇ ਇਹ ਮਾਮਲਾ ਚਾਈਲਡ ਵੈਲਫੇਅਰ ਕਮੇਟੀ ਦੇ ਸਾਹਮਣੇ ਰੱਖਿਆ ਅਤੇ ਪੁਲਸ ਕਾਰਵਾਈ ਲਈ ਭੇਜ ਦਿੱਤਾ। ਫਿਲਹਾਲ ਪੁਲਸ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਸ਼ੀ ਪਿਤਾ ਜੈ ਪਾਲ ਦੇ ਖਿਲਾਫ ਧਾਰਾ-376 ਅਧੀਨ ਮੁਕੱਦਮਾ ਦਰਜ ਕਰਕੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਪਿਤਾ ਅਜੇ ਫਰਾਰ ਹੈ ਅਤੇ ਉਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਬੱਚੀ ਨੂੰ ਬਾਲਕੁੰਜ ਭੇਜ ਦਿੱਤਾ ਗਿਆ ਹੈ।



