ਅੰਮ੍ਰਿਤਸਰ, 26 ਅਪ੍ਰੈਲ (ਵਿਸ਼ਵ ਵਾਰਤਾ)-ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਆਗੂ ਨਰਿੰਦਰ ਮੋਦੀ ਨੂੰ ਸਪੱਸ਼ਟ ਕੀਤਾ ਹੈ ਕਿ ਪੰਜਾਬ ’ਚ ਪੈਦਾ ਕੀਤੇ ਜਾਣ ਵਾਲੇ ਘਰੇਲੂ ਸਿੰਥੇਟਿਕ ਨਸ਼ੇ ਉਨ੍ਹਾਂ ਦਰਸਾਏ ਨਾਰਕੋ ਟੈਰੋਰਿਜ਼ਮ ਨਾਲੋਂ ਜ਼ਿਆਦਾ ਖਤਰਨਾਕ ਤੇ ਤਬਾਹੀ ਮਚਾਉਣ ਵਾਲੇ ਹਨ।ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਮੋਦੀ ਵੱਲੋਂ ਪੰਜਾਬ ’ਚ ਨਸ਼ਾ ਤਸਕਰੀ ਦੇ ਸਰਗਨਾ ਬਿਕ੍ਰਮ ਮਜੀਠੀਆ ਦੇ ਕੋਲ ਖੜ੍ਹੇ ਹੋ ਕੇ ਨਾਰਕੋ ਟੈਰੋਰਿਜ਼ਮ ’ਤੇ ਬਿਆਨ ਦੇਣਾ ਗਲੇ ’ਚੋਂ ਹੇਠਾਂ ਨਹੀਂ ਉਤਰਦਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਭਰਾ ਸੁਰਜੀਤ ਸਿੰਘ ਕੋਹਲੀ, ਓ.ਪੀ ਸੋਨੀ, ਰਾਜ ਕੁਮਾਰ ਵੇਰਕਾ, ਸੁਰਿੰਦਰ ਸਿੰਗਲਾ, ਬੀਰ ਦਵਿੰਦਰ ਸਿੰਘ, ਗੁਰਜੀਤ ਓਜਲਾ ਤੇ ਅਸ਼ਵਨੀ ਕੁਮਾਰ ਪੱਪੂ ਵੀ ਮੌਜ਼ੂਦ ਰਹੇ। ਕੈਪਟਨ ਅਮਰਿੰਦਰ ਨੇ ਹੈਰਾਨੀ ਪ੍ਰਗਟਾਈ ਹੈ ਕਿ ਮੋਦੀ ਨੇ ਨਸ਼ਾ ਤਸਕਰੀ ਦੀ ਅੱਤਵਾਦ ਨਾਲ ਤੁਲਨਾ ਕਰਦਿਆਂ ਇਕ ਵਾਰ ਵੀ ਨਹੀਂ ਸੋਚਿਆ, ਜਿਨ੍ਹਾਂ ਦੇ ਮੰਚ ’ਤੇ ਹੀ ਮੌਜ਼ੂਦ ਪੰਜਾਬ ’ਚ ਸਾਂਝੇਦਾਰ ਸਿਰਫ ਦੋ ਦਿਨ ਪਹਿਲਾਂ ਹੀ ਪੰਜਾਬ ’ਚ ਨਸ਼ੇ ਦੇ ਵਪਾਰ ਨੂੰ ਕਾਨੂੰਨੀ ਰੂਪ ਦੇਣ ਦੀ ਸਲਾਹ ਦਿੱਤੀ ਸੀ।
ਸਾਬਕਾ ਮੁੱਖ ਮੰਤਰੀ ਨੇ ਮੋਦੀ ਤੋਂ ਸਵਾਲ ਕੀਤਾ ਕਿ ਪਾਕਿਸਤਾਨ ਨਾਲ ਜੰਮੂ ਕਸ਼ਮੀਰ, ਰਾਜਸਥਾਨ ਤੇ ਗੁਜਰਾਤ ਵਰਗੇ ਸੂਬਿਆਂ ਦੇ ¦ਬੇ ਬਾਰਡਰ ਲੱਗਦੇ ਹਨ, ਪਰ ਕਿਉਂ ਸਿਰਫ ਪੰਜਾਬ ਹੀ ਬਾਹਰੋਂ ਨਸ਼ਿਆਂ ਦੀ ਤਸਕਰੀ ਦਾ ਸ਼ਿਕਾਰ ਹੋਇਆ ਹੈ। ਕਿਉਂ ਇਨ੍ਹਾਂ ਸੂਬਿਆਂ ’ਚ ਨਸ਼ਿਆਂ ਦਾ ਪ੍ਰਵਾਹ ਨਹੀਂ ਹੁੰਦਾ? ਉਨ੍ਹਾਂ ਨੇ ਕਿਹਾ ਕਿ ਭਾਵੇਂ ਬਾਰਡਰ ਪੂਰੀ ਤਰ੍ਹਾਂ ਸੀਲ ਹਨ, ਪਰ ਫਿਰ ਵੀ ਨਸ਼ਿਆਂ ਦੇ ਕੁਝ ਹਿੱਸੇ ਦੀ ਭਾਰਤ ’ਚ ਤਸਕਰੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਰੋਜਾਨਾ ਬਾਰਡਰ ’ਤੇ ਵੱਡੇ ਪੱਧਰ ’ਤੇ ਨਸ਼ੇ ਬਰਾਮਦ ਕੀਤੇ ਜਾਂਦੇ ਹਨ।
ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਪੰਜਾਬ ’ਚ ਸਮੱਸਿਆ ਸੂਬੇ ’ਚ ਪੈਦਾ ਕੀਤੇ ਜਾਣ ਵਾਲੇ ਸਿੰਥੇਟਿਕ ਨਸ਼ਿਆਂ ਦੀ ਹੈ, ਜਿਹੜੇ ਸਸਤੇ ਤੇ ਅਸਾਨੀ ਨਾਲ ਉਪਲਬਧ ਹਨ ਅਤੇ ਇੰਨੇ ਖਤਰਨਾਕ ਹਨ ਕਿ ਵਿਅਕਤੀ ਨੂੰ ਮਾਰਨ ’ਚ ਜਿਆਦਾ ਵਕਤ ਨਹੀਂ ਲੈਂਦੇ। ਇਸ ਵਪਾਰ ’ਚ ਮਜੀਠੀਆ ਸ਼ਾਮਿਲ ਹੈ, ਜਿਸਦਾ ਨਾਂ ਇਨਫੋਰਸਮੇਂਟ ਡਾਇਰੈਕਟੋਰੇਟ ਵੱਲੋਂ ਬਰਖਾਸਤ ਡੀ.ਐਸ.ਪੀ ਜਗਦੀਸ਼ ਭੋਲਾ ਦੇ ਮਾਮਲੇ ’ਚ ਅਦਾਲਤ ’ਚ ਪੇਸ਼ ਕੀਤੇ ਗਏ ਚਲਾਨ ’ਚ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਹਵਾ ’ਚ ਗੱਲਾਂ ਕਰ ਰਹੇ ਹਨ।
ਬਾਪ ਬੇਟੇ ਕੀ ਸਰਕਾਰ
ਸੋਨੀਆ ਗਾਂਧੀ ਤੇ ਉਨ੍ਹਾਂ ਦੀ ਬੇਟੀ ਪ੍ਰਿਯੰਕਾ ਗਾਂਧੀ ਉਪਰ ਵਿਅਕਤੀਗਤ ਹਮਲੇ ਕਰਦਿਆਂ ਵਾਰ ਵਾਰ ਮਾਂ ਬੇਟੀ ਕੀ ਸਰਕਾਰ ਦਾ ਜ਼ਿਕਰ ਕਰਨ ਵਾਲੇ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਉਨ੍ਹਾਂ ਨੇ ਸਵਾਲ ਕੀਤਾ ਕਿ ਇਸ ਦੇਸ਼ ’ਚ ਔਰਤਾਂ ਪ੍ਰਤੀ ਅਜਿਹਾ ਸਨਮਾਨ ਹੁੰਦਾ ਹੈ, ਖਾਸ ਕਰਕੇ ਮਾਵਾਂ ਤੇ ਬੇਟੀਆਂ ਨਾਲ। ਇਸ ਦੌਰਾਨ ਉਨ੍ਹਾਂ ਨੇ ਮੋਦੀ ਨੂੰ ਯਾਦ ਦਿਲਾਇਆ ਕਿ ਉਹ ਉਸ ਸਥਾਨ ’ਤੇ ਅਜਿਹੇ ਬੇਸ਼ਰਮ ਤੇ ਨਾਸਮਝੀ ਵਾਲੇ ਬਿਆਨ ਦੇ ਰਹੇ ਸਨ, ਜਿਥੇ ਬਾਪ ਬੇਟੇ ਕੀ ਸਰਕਾਰ (ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ) ਨੇ ਲੁੱਟਿਆ ਤੇ ਖਸੁੱਟਿਆ ਹੈ।
ਗੁਜਰਾਤ ਦੇ ਕਿਸਾਨ
ਕੈਪਟਨ ਅਮਰਿੰਦਰ ਨੇ ਯਾਦ ਕੀਤਾ ਕਿ ਜਦੋਂ ਮੋਦੀ ਪਹਿਲੀ ਵਾਰ ਪੰਜਾਬ ਦੇ ਜਗਰਾਉਂ ’ਚ 23 ਫਰਵਰੀ ਨੂੰ ਰੈਲੀ ਕਰਨ ਆਏ ਸਨ, ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਕਿਸੇ ਵੀ ਪੰਜਾਬੀ ਕਿਸਾਨ ਨੂੰ ਗੁਜਰਾਤ ’ਚ ਨਹੀਂ ਤੰਗ ਕੀਤਾ ਜਾਵੇਗਾ। ਇਸ ਲੜੀ ਹੇਠ ਦੋ ਮਹੀਨੇ ਨਿਕਲ ਚੁੱਕੇ ਹਨ, ਪਰ ਕੁਝ ਵੀ ਨਹੀਂ ਕੀਤਾ ਗਿਆ। ਉਨ੍ਹਾਂ ਨੇ ਇਸ ਗੰਭੀਰ ਮੁੱਦੇ ’ਤੇ ਬੇਸ਼ਰਮੀ ਨਾਲ ਚੁੱਪ ਬੈਠੇ ਬਾਦਲਾਂ ਦੀ ਨਿੰਦਾ ਕੀਤੀ, ਜਿਹੜੇ ਆਪਣੇ ਨਵੇਂ ਆਕਾ ਨੂੰ ਨਰਾਜ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੇ ਕਿਹਾ ਕਿ ਮੋਦੀ ਦੀ ਕਹਿਣੀ ਤੇ ਕਰਨੀ ’ਚ ਬਹੁਤ ਵੱਡਾ ਅੰਤਰ ਹੈ।



