ਮੋਦੀ ਦੀ ਪੰਜਾਬ ਫੇਰੀ ’ਤੇ ਦਲ ਖਾਲਸਾ ਨੇ ਜਤਾਇਆ ਤਿੱਖਾ ਪ੍ਰਤੀਕਰਮ, ਕਿਹਾ
ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਦਲ ਖਾਲਸਾ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਉ¤ਤੇ ਆਪਣਾ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਇਨਸਾਨੀਅਤ ਦਾ ਕਾਤਲ ਅਤੇ ਗੁਜਰਾਤ ਵਿੱਚ ਵਸਦੇ ਪੰਜਾਬੀ ਕਿਸਾਨਾਂ ਦੇ ਉਜਾੜੇ ਲਈ ਜ਼ਿੰਮੇਵਾਰ ਵਿਅਕਤੀ ਨੂੰ ਪੰਜਾਬ ਦੇ ਲੋਕਾਂ ਨੂੰ ਕਰਾਰਾ ਜਵਾਬ ਦੇਣਾ ਚਾਹੀਦਾ ਹੈ।ਪਾਰਟੀ ਦੇ ਆਗੂ ਕੰਵਰਪਾਲ ਸਿੰਘ, ਮਾਸਟਰ ਕੁਲਵੰਤ ਸਿੰਘ, ਬਲਦੇਵ ਸਿੰਘ ਗ੍ਰਥਗੜ, ਡਾ ਅਰਪਾਲ ਸਿੰਘ, ਅਤੇ ਅਵਤਾਰ ਸਿੰਘ ਨੇ ਕਿਹਾ ਕਿ ਮੋਦੀ ਇੱਕ ਫਾਸੀਵਾਦੀ ਆਗੂ ਹੈ ਜਿਸ ਦਾ ਪ੍ਰਧਾਨ ਮੰਤਰੀ ਦੀ ਕੁਰਸੀ ਵੱਲ ਵੱਧਣਾ ਇਸਸਾਫ-ਪਸੰਦ ਲੋਕਾਂ ਅਤੇ ਆਜ਼ਾਦੀ-ਪਸੰਦ ਲੋਕਾਂ ਦੀ ਇਛਾਵਾਂ ਲਈ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ
ਨੇ ਗੁਜਰਾਤ ਦੇ ਸਿੱਖ ਕਿਸਾਨਾਂ ਦੇ ਸਿਰ ਉਜਾੜੇ ਦੀ ਤਲਵਾਰ ਲਟਕਾ ਰੱਖੀ ਹੈ। ਉਨ੍ਹਾਂ ਕਿਹਾ ਮੋਦੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੀਤੀਆਂ ਤਕਰੀਰਾਂ ਇੱਕ ਛਲਾਵਾ, ਇੱਖ ਧੋਖਾ ਹਨ। ਉਨ੍ਹਾਂ ਕਿਹਾ ਕਿ ਮੋਦੀ ਘੱਟ-ਗਿਣਤੀਆਂ ਅਤੇ ਉਨ੍ਹਾਂ ਦੀ ਰਾਜਸੀ ਇਛਾਵਾਂ ਲਈ ਨੁਕਸਾਨਦੇਹ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਮਨਜੀਤ ਸਿੰਘ ਦੀ ਰਿਹਾਈ ਵੀ ਰੋਕ ਰੱਖੀ ਹੈ ਜਿਸ ਨੇ ਆਪਣੀ ਉਮਰ ਕੈਦ ਦੀ ਸਜ਼ਾ ਭੁਗਤ ਲਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਿੱਜੀ ਤੌਰ ਉਤੇ ਮਨਜੀਤ ਸਿੰਘ ਦੀ ਰਿਹਾਈ ਲਈ ਕਹਿਣ ਤੋਂ ਬਾਅਦ ਵੀ ਮੋਦੀ ਸਰਕਾਰ ਨੇ ਉਸ ਨੂੰ ਰਿਹਾਅ ਨਹੀਂ ਕੀਤਾ। ਉਨ੍ਹਾਂ ਬਾਦਲ ਪਰਿਵਾਰ ਦੀ ਸਖਤ ਆਲੋਚਨਾ ਕੀਤੀ ਜੋ ਆਪਣੇ ਸੌੜੇ ਹਿੱਤਾਂ ਤੋਂ ਅੱਗੇ ਦੇਖ ਹੀ ਨਹੀਂ ਪਾਉਂਦੇ। ਅਕਾਲੀ ਮੰਤਰੀ ਬਿਰਕਰਮਜੀਤ ਸਿੰਘ ਮਜੀਠੀਆ ਵੱਲੋਂ ਦਸਮ ਪਾਤਸ਼ਾਹ ਦੁਆਰਾ ਰਚਿਤ ਦੋਹਰੇ ਨਾਲ ਕੀਤੇ ਛੇੜਛਾੜ ਉਤੇ ਸਖਤ ਇਤਰਾਜ਼ ਕਰਦਿਆਂ ਉਨ੍ਹਾਂ ਕਿਹਾ ਕਿ ਮਜੀਠੀਏ ਦੇ ਦਿਮਾਗ ਨੂੰ ਸੱਤਾ ਦਾ ਬੁਖਾਰ ਚੜਿਆ ਰਹਿੰਦਾ ਹੈ। ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੰਕਾਰੀਆਂ ਦੀ ਹਮੇਸ਼ਾ ਹਾਰ ਹੁੰਦੀ ਹੈ। ਉਨ੍ਹਾਂ ਕਿਹਾ ਜਥੇਦਾਰ ਅਕਾਲ ਤਖਤ ਸਾਹਿਬ ਇਸ ਕੇਸ ਵਿੱਚ ਇਨਸਾਫ ਨਹੀਂ ਕਰ ਪਾਉਣਗੇ। ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਜਥੇਦਾਰ ਦਾ ਪ੍ਰਭਾਵ ਅਤੇ ਦਬਦਬਾ ਸਿਧਾਂਤਹੀਣ ਅਕਾਲੀ ਰਾਜਨੀਤੀ ਨੇ ਲਗਭਗ ਖਤਮ ਕਰ ਦਿੱਤਾ ਹੈ। ਪਾਰਟੀ ਆਗੂਆਂ ਨੇ ਦੱਸਿਆ ਕਿ ਦਲ ਖ਼ਾਲਸਾ ਵੱਲੋਂ ‘ਸਿੱਖ ਪੰਥ ਅਤੇ ਭਾਰਤੀ ਚੋਣਾਂ-ਇੱਕ ਵਿਸ਼ਲੇਸ਼ਣ’ ਵਿਸ਼ੇ ’ਤੇ ਸੈਮੀਨਾਰ 27 ਅਪ੍ਰੈਲ ਦਿਨ ਐਤਵਾਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ, ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤਾ ਜਾਵੇਗਾ। ਕੰਵਰਪਾਲ ਸਿੰਘ ਨੇ ਦਸਿਆ ਕਿ ਉਹ ਕੌਮਾਂ ਜੋ ਆਪਣੀ ਆਜ਼ਾਦੀ ਅਤੇ ਸਵੈ-ਨਿਰਣੇ ਦੇ ਹੱਕ ਲਈ ਲੜ ਰਹੀਆਂ ਹੋਣ, ਉਨ੍ਹਾਂ ਲਈ ਚੋਣਾਂ ਵਿੱਚ ਹਿੱਸਾ ਲੈਣ ਜਾਂ ਨਾ ਲੈਣ ਦਾ ਫੈਸਲਾ ਹਮੇਸ਼ਾ ਹੀ ਦੁਬਿਧਾ ਤੇ ਦੁਚਿੱਤੀ ਵਾਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਮੀਨਾਰ ਵਿੱਚ ਬੁਲਾਰੇ, ਸਿੱਖਾਂ ਦਾ ਭਾਰਤੀ ਚੋਣ ਪ੍ਰਣਾਲੀ ਬਾਰੇ ਨਜ਼ਰੀਏ ਅਤੇ ਤਜਰਬੇ ਬਾਰੇ ਚਾਨਣਾ ਪਾਉਂਗੇ ਅਤੇ ਨਾਲ ਹੀ ਦਸਣਗੇ ਕਿ ਸਿੱਖਾਂ ਨੇ ਇਸ ਚੋਣ ਸਿਸਟਮ ਵਿੱਚ ਲੰਮਾ ਸਮਾ ਹਿੱਸਾ ਲੈ ਕੇ ‘ਕੀ ਖੱਟਿਆ ਅਤੇ ਕੀ ਗੁਆਇਆ’ ਹੈ। ਜਥੇਬੰਦੀ ਵੱਲੋਂ ਚੋਣਾਂ ਦਾ ਬਾਈਕਾਟ ਕਰਨ ਦੇ ਫੈਸਲੇ ਨੂੰ ਮੁੜ ਦੁਹਰਾਉਦਿਆਂ, ਉਨ੍ਹਾਂ ਨੇ ਕਿਹਾ ਕਿ ਸਿੱਖ ਸਮੱਸਿਆ ਦਾ ਹੱਲ ਚੋਣਾਂ ਰਾਹੀਂ ਨਹੀਂ ਰਾਇਸ਼ੁਮਾਰੀ ਅਤੇ ਆਜ਼ਾਦੀ ਵਿੱਚ ਪਿਆ ਹੈ।



