ਮਿੰਟੂ ਗੁਰੂਸਰੀਆ
ਅਮਲੀਆਂ ਲਈ ਇਹ ਵਿਸਾਖ ‘ਸਰਾਪ’ ਬਣ ਗਿਐ। ਚੋਣਾਂ ਵਿਚ ਹੋਈ ਸਖ਼ਤਾਈ ਕਾਰਨ ਰਾਜਸਥਾਨ ਸਰਕਾਰ ਨੇ ਪੰਜਾਬੀ ਅਮਲੀਆਂ ਨੂੰ ਪੋਸਤ ਦੇਂਣ ਤੋਂ ਹੱਥ ਖੜ੍ਹੇ ਕਰ ਦਿੱਤੇ। ਸਪਲਾਈ ਬੰਦ ਹੋਈ ਤਾਂ ਮੰਨੋਂ ਅਮਲੀਆਂ ਦੀ ‘ਦਿੱਲੀ’ ਹੀ ਲੁੱਟੀ ਗਈ। ਪੱਟਾਂ ’ਚ ਪਈਆਂ ਖੱਲੀਆਂ ਨੇ ਅਮਲੀਆਂ ਦੀਆਂ ਧਾੜਾਂ ਨੂੰ ਰਾਜਸਥਾਨ ਵੱਲ ਧੱਕ ਦਿੱਤਾ। ਉੱਥੇ ਠੇਕਿਆਂ ’ਤੇ ਪੰਜਾਬ ਦੀ ਜਵਾਨੀ ਤੇ ਬੁਢਾਪਾ ਰੁੱਲ ਰਹੇ ਹਨ। ਪਰ ਰਾਜਸਥਾਨੀਆਂ ਨੇ ਸਾਫ ਕਰ ਦਿੱਤੈ ਕਿ ਪੋਸਤ ਸਿਰਫ ਪਰਮਿਟ ਵਾਲਿਆਂ ਨੂੰ ਮਿਲੇਗਾ। ਜਦੋਂ ਅਮਲੀਆਂ ਝੰਬੇ ਸ਼ਰੀਰਾਂ ਨੂੰ ਕੰਡੇ ’ਤੇ ਕਰਨ ਲਈ ਗੰਗਾਨਗਰ ’ਚ ਰੋਹ ਦਿਖਾਇਆ ਤਾਂ ਬੇਰਹਿਮ ਲਾਠੀਆਂ ਨੇ ਅਮਲੀਆਂ ਦੇ ਟੁੱਟੇ ਹੱਡਾਂ ਨੂੰ ਹੋਰ ਵੀ ਭੰਨ ਘੱਤਿਆ। ਕਈ ਅਮਲੀ ਜਖ਼ਮੀ ਹੋ ਗਏ ਤੇ ਕਈ ਲਾਪਤਾ। ‘ਪੰਜਾਬ ਦੀ ਪੱਗ’ ਟੋਪੀਆਂ ਵਾਲੀ ਪੁਲਸ ਦੇ ਪੈਰਾਂ ’ਚ ਰੁੱਲਦੀ ਰਹੀ। ਅਗਲੇ ਦਿਨ ਚਾਰ ਅਮਲੀਆਂ ਨੇ ਖ਼ੁਦ ਨੂੰ ਮੌਤ ਦੀ ਬੁੱਕਲ ’ਚ ਪਾ ਦਿੱਤਾ ਜਦਕਿ ਇਕ ਅਮਲੀ ਹਸਪਤਾਲ ’ਚ ਦਮ ਤੋੜ ਗਿਆ। ਕੁਲ ਮਿਲਾ ਕੇ ਹਾਲਾਤ ਗੰਭੀਰ ਹਨ। ਭੁੱਕੀ ਖਾਣ ਵਾਲੇ ਮੌਤ ਦੇ ਰਾਹ ਪੈ ਰਹੇ ਹਨ। ਇਸ ਗੱਲ ’ਚ ਕੋਈ ਸ਼ੱਕ ਨਹੀਂ ਕਿ ਪੰਜਾਬ ’ਚ ਨਸ਼ੇ ਦਾ ਸਾਗਰ ਵਹਿ ਰਹਿਾ ਹੈ, ਜਿਸ ਵਿਚ ਪੰਜਾਬ ਦੀਆਂ ਖੁਸ਼ੀਆਂ ਰੁੜ੍ਹ ਗਈਆਂ ਹਨ। ਨਸ਼ਾਂ ਪੰਜਾਬ ਦੀਆਂ ਤਬਾਹੀਆਂ ਦੇ ਸੋਹਲੇ ਲਿਖ ਰਿਹਾ ਹੈ। ਲੋਕ ਇਸ ਅਲਾਮਤ ਦੀ ਜੜ੍ਹ ਪੁੱਟਣ ਲਈ ਆਵਾਜ਼ ਬੁ¦ਦ ਕਰਨ ਲੱਗ ਪਏ ਹਨ। ’ਕਾਲੀ ਨਸ਼ੇ ਦੇ ਮੁੱਦੇ ’ਤੇ ਬੁਰੀ ਤਰ੍ਹਾਂ ਫ਼ੱਸ ਗਏ ਹਨ। ਇਕ ਪਾਸੇ ਲੋਕ ਨਸ਼ੇ ਲਈ ’ਕਾਲੀਆਂ ਨੂੰ ਜੁੰਮੇਵਾਰ ਠਹਿਰਾ ਕੇ ਐਕਸ਼ਨ ਦੀ ਮੰਗ ਕਰ ਰਹੇ ਹਨ ਤੇ ਦੂਜੇ ਹੱਥ ਸ਼ਸ਼ੀ ਕਾਂਤ ਖੁਲਾਸੇ ਕਰਕੇ ਸਰਕਾਰ ਦੀਆਂ ਲਾਚਾਰੀਆਂ ਨੂੰ ਹੋਰ ਵੀ ਦੂਣ ਸਵਾਇਆ ਕਰ ਰਿਹਾ ਹੈ। ਕੁਲ ਮਿਲਾ ਕੇ ਘਰ-ਘਰ ’ਚੋਂ ਨਸ਼ੇ ਖਿਲਾਫ਼ ਕੀਰਣੇ ਉੱਠ ਰਹੇ ਹਨ ਤੇ ਏਸ ਬਦਨੁਮਾ ਦਾਗ ਨੂੰ ਪੰਜਾਬ ਦੇ ਮੱਥਿਓਂ ਪੂੰਝਣ ਲਈ ਲੋਕ ਸਰਕਾਰ ’ਤੇ ਦਬਾਅ ਪਾ ਰਹੇ ਨੇ। ਪਰ ਇਹ ਤਸਵੀਰ ਦਾ ਇਕ ਪਹਿਲੂ ਹੈ। ਦੂਜਾ ਪਹਿਲੂ ਇਹ ਹੈ ਕਿ ਅਮਲੀ ਨਸ਼ਾ ਨਾ ਮਿਲਣ ਕਰਕੇ ਸਰਕਾਰ ਨੂੰ ਪਿੱਟ
ਰਹੇ ਹਨ। ਪੰਜਾਬ ’ਚ ਅਮਲੀ ਕਿੰਨ੍ਹੀ ਮਾਤਰਾ ’ਚ ਹਨ। ਇਹ ਕਿਸੇ ਤੋਂ ਛੁਪਿਆ ਤੱਥ ਨਹੀਂ ਹੈ। ਕੱਲ੍ਹੇ ਮੁਕਤਸਰ, ਬਠਿੰਡਾ, ਮਾਨਸਾ ਅਤੇ ਫਾਜ਼ਿਲਕਾ ਜਿਲ੍ਹੇ ’ਚ 80 ਫੀਸਦੀ ਮਰਦ ਭੁੱਕੀ ਦਾ ਨਸ਼ਾ ਕਰਦੇ ਹਨ। ਪੰਜਾਬ ਦੇ 78 ਫੀਸਦੀ ਨੌਜਵਾਨ ਕੋਈ ਨਾ ਕੋਈ ਨਸ਼ਾ ਕਰਦੇ ਹਨ, ਜਿੰਨ੍ਹਾਂ ’ਚੋਂ ਜ਼ਿਆਦਾਤਰ ਨੌਜਵਾਨ ਭੁੱਕੀ ਖਾਂਦੇ ਹਨ। ਪੰਜਾਬ ਨੂੰ ਹਰ ਕੋਈ ਨਸ਼ਾ ਮੁਕਤ ਦੇਖਣ ਚਾਹੁੰਦਾ ਹੈ। ਇਹ ਹੋਣਾਂ ਵੀ ਚਾਹੀਦਾ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਜੋ ਸਾਲਾਂ ਤੋਂ ਭੁੱਕੀ ਜਾਂ ਹੋਰ ਨਸ਼ੇ ਖਾ ਰਹੇ ਹਨ, ਉਨ੍ਹਾਂ ਦਾ ਕੀ ਕੀਤਾ ਜਾਵੇ? ਖਾਸ ਤੌਰ ’ਤੇ ਪੰਜਾਬ ’ਚ ਜ਼ਿਆਦਾਤਰ ਭੁੱਕੀ ਬਜ਼ੁਰਗ ਤੇ ਮਜ਼ਦੂੁਰ ਖਾਂਦੇ ਹਨ। ਕਈ ਬਜ਼ੁਰਗ ਤਾਂ ਭੁੱਕੀ ਛੱਡਣ ਦੇ ਨਾਂਅ ਤੋਂ ਹੀ ਧੌਂਣ ਸੁੱਟ ਜਾਂਦੇ ਹਨ। ਇਨ੍ਹਾਂ ਨੂੰ ਨਸ਼ਾ ਛੁਡਾਉਣਾਂ ਸਭ ਤੋਂ ਔਖਾ ਹੈ, ਕਿਉਂਕਿ ਇਹ ਨਾ ਤਾਂ ਮਾਨਸਿਕ ਤੌਰ ’ਤੇ ਤਿਆਰ ਹਨ ਤੇ ਨਾ ਸ਼ਰੀਰਕ ਤੌਰ ’ਤੇ ਕਾਬਲ। ਦੂਜੇ ਪਾਸੇ ਮਜ਼ਦੂਰਾਂ ਦੀ ਵੀ ਇਹੋ ਹਾਲ ਹੈ। ਉਹ ਆਪਣੀ ਮਜ਼ਦੂਰੀ ’ਚੋਂ ਅੱਧ ਨਸ਼ੇ ’ਤੇ ਖਰਚਦੇ ਹਨ। ਜੇਕਰ ਨਸ਼ਾ ਨਾ ਮਿਲਿਆ ਕੰਮ ਵੀ ਬੰਦ ਤੇ ਚੁੱਲ੍ਹਾ ਵੀ ਬੰਦ। ਅਜਿਹੇ ’ਚ ਉਨ੍ਹਾਂ ਦੇ ਪਰਵਾਰ ਭੁੱਖਮਰੀ ਦੇ ਸ਼ਿਕਾਰ ਹੋ ਜਾਂਣਗੇ। ਜਦੋਂ ਕੋਈ ਵੀ ਅਮਲੀ ਨਸ਼ਾ ਛੱਡਦਾ ਹੈ ਤਾਂ ਘੱਟ ਤੋਂ ਘੱਟ ਛੇ ਮਹੀਨੇ ਉਹ ਕੰਮ ਕਰਨ ਦੇ ਕਾਬਲ ਨਹੀਂ ਹੁੰਦਾ। ਸਵਾਲ ਇਹ ਹੈ ਕਿ ਜੇਕਰ ਇਕ ਮਜ਼ਦੂਰ ਨੂੰ ਨਸ਼ਾ ਛੱਡ ਕੇ ਛੇ ਮਹੀਨੇ ਮੰਜੇ ’ਤੇ ਪੈਣਾਂ ਪਿਆ ਤਾਂ ਉਸ ਦੇ ਪਰਵਾਰ ਨੂੰ ਰੋਟੀ ਕੌਂਣ ਦਿਊ? ਇਸ ਦਾ ਇੱਕੋ-ਇੱਕ ਹੱਲ ਇਹੋ ਦਿੱਖਦਾ ਹੈ ਕਿ ਬਜ਼ੁਰਗਾਂ, ਪੁਰਾਣੇ ਅਮਲੀਆਂ ਅਤੇ ਮਜ਼ਦੂਰਾਂ ਨੂੰ ਪਰਮਿਟ ਬਣਾ ਕੇ ਦਿੱਤੇ ਜਾਣ। ਜੋ ਛੱਡਣਾਂ ਚਾਹੁੰਦੇ ਹਨ, ਉਨ੍ਹਾਂ ਦਾ ਦਵਾਈਆਂ ਤੋਂ ਲੈ ਕੇ ਪਰਵਾਰ ਪੋਸ਼ਣ ਦਾ ਖਰਚਾ ਸੁਰਕਾਰ ਚੁੱਕੇ। ਖਰਚਾ ਸਰਕਾਰ ਚੁੱਕ ਨਹੀਂ ਸਕਦੀ, ਕਿਉਂਕਿ ਉਹ ਤਾ ਆਪਣਾ ਬੋਝ ਨਹੀਂ ਉਠਾ ਪਾ ਰਹੀ, ਅਜਿਹੇ ’ਚ ਇੱਕੋ ਹੱਲ ਬੱਚਦਾ ਹੈ ਕਿ ਅਮਲੀਆਂ ਨੂੰ ਪਰਮਿਟ ਬਣਾ ਦਿੱਤੇ ਜਾਣ ਤੇ ਪੰਜਾਬ ਅੰਦਰ ਮਾਝਾ, ਮਾਲਵਾ ਅਤੇ ਦੁਆਬਾ ਜੋਨਾਂ ’ਚ ਪਰਮਿਟਧਾਰਕਾਂ ਲਈ ਕੇਂਦਰ ਬਣਾ ਦਿੱਤੇ ਜਾਣ। ਇਸ ਤਰ੍ਹਾਂ ਕਰਨ ਨਾਲ ਅਮਲੀਆਂ ਦੀ ਲੁੱਟ ਰੁੱਕ ਜਾਵੇਗੀ ਕਿਉਂਕਿ ਇਨ੍ਹਾਂ ਨੂੰ 500 ਰੂਪੈ ਵਾਲੀ ਭੁੱਕੀ ਦੋ ਤੋਂ ਤਿੰਨ ਹਜ਼ਾਰ ਨੂੰ ਕਿਲੋ ਮਿਲਦੀ ਹੈ। ਦੂਜਾ ਸਿਹਤ ਪੱਖੋਂ ਵੀ ਅਮਲੀ ਬੱਚ ਜਾਣਗੇ ਕਿਉਂਕਿ ਜਦੋਂ ਭੁੱਕੀ ਨਹੀਂ ਮਿਲਦੀ ਤਾਂ ਅਮਲੀ ਗੋਲੀਆਂ-ਕੈਪਸੂਲ ਖਾਣ ਲੱਗ ਪੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ’ਤੇ ਮਾਰੂ ਅਸਰ ਪੈਂਦਾ ਹੈ। ਪੰਜਾਬ ਭਰ ’ਚੋਂ ਵੀ ਇਹੋ ਅਵਾਜ਼ ਉੱਠ ਰਹੀ ਹੈ ਕਿ ਚਿੱਟੇ ਅਤੇ ਸਮੈਕ ਜਿਹੇ ਨਸ਼ਿਆਂ ਨੂੰ ਨੱਥ ਪਾ ਕੇ ਜੇ ਭੁੱਕੀ ਵਾਲੇ ਠੇਕੇ ਖੋਲ ਦਿੱਤੇ ਜਾਣ ਤਾਂ ਸੌਦਾ ਬੁਰਾ ਨਹੀਂ ਹੈ। ਇਸ ਨਾਲ ਸਰਕਾਰ ਦਾ ਮਾਲੀਆ ਵੀ ਵਧੇਗਾ, ਅਮਲੀ ਵੀ ਸੌਖੇ ਹੋਂਣਗੇ ਅਤੇ ਘਾਤਕ ਨਸ਼ਿਆਂ ਪ੍ਰਤੀ ਵੀ ਅਮਲੀਆਂ ਦਾ ਝੁਕਾਅ ਘਟੇਗਾ। ਪਰ ਸਰਕਾਰ ਲਈ ਮੁਸ਼ਕਲ ਇਹ ਹੈ ਕਿ ਜੇ ਉਹ ਅਮਲੀਆਂ ਦਾ ਪੱਖ ਪੂਰਦੀ ਹੈ ਤਾਂ ਉਸ ਦੇ ਵਿਰੋਧੀ ਉਸ ਨੂੰ ਘੇਰ ਲੈਂਦੇ ਹਨ ਕਿ ਪੰਜਾਬ ਨੂੰ ਡੋਬਣ ਲਈ ਸਰਕਾਰ ਕਾਹਲੀ ਹੈ। ਦੂਜੇ ਪਾਸੇ ਜੇ ਅਮਲੀਆਂ ਨੂੰ ਦਰਕਿਨਾਰ ਕਰਦੀ ਹੈ ਤਾਂ ਵੋਟ ਬੈਂਕ ਖੁੱਸਦਾ ਹੈ, ਕਿਉਂਕਿ ਪੰਜਾਬ ’ਚ ਅਮਲੀਆਂ ਦੀਆਂ ਵੋਟਾਂ ਦੀ ਗਿਣਤੀ ਬਹੁਤ ਵੱਡੀ ਹੈ। ਸਰਕਾਰ ਲਈ ਚਿੰਤਾਜਨਕ ਵਿਸ਼ਾ ਇਹ ਹੈ ਕਿ ਅਮਲੀ ਸੰਗਠਿਤ ਹੋ ਰਹੇ ਹਨ। ਹੁਣ ਦੇਖਣਾ ਇਹ ਦਿਲਚਸਪ ਹੋਵੇਗਾ ਸਰਕਾਰ ਕਿਹੜਾ ਰਾਹ ਚੁਣਦੀ ਹੈ? ਉਹ ਅਮਲੀਆਂ ਦੀ ਬਾਂਹ ਫੜ੍ਹਦੀ ਹੈ ਜਾਂ ਆਪਣਾ ਸਿਆਸੀ ਪੱਖ ਸੁਰੱਖਿਅਤ ਕਰਦੀ ਹੈ? ਪਰ ਬਹਿਰਹਾਲ ਅਮਲੀਆਂ ਨਾਲ ਜੋ ਵਾਪਰ ਰਹੀ ਹੈ, ਉਹ ਉਨ੍ਹਾਂ ਲਈ ਕਸ਼ਟਦਾਇਕ ਹੈ। ‘‘ਹੱਸ ਹੱਸ ਲਾਈਆਂ ਹੁਣ ਰੋ ਰੋ ਸੋਹਣਿਆਂ ਵਿਛੜਾਂਗੇ’’ ਵਾਲੀ ਗੱਲ ਹੋ ਰਹੀ ਹੈ ਅਮਲੀਆਂ ਨਾਲ ।



